ਕ੍ਰਿਕਟ ਦੇ ਮੈਦਾਨ ‘ਚ ਮੱਚੀ ਹਲਚਲ! ਖਿਡਾਰੀ ਨੂੰ ਲੱਗੀ ਗੰਭੀਰ ਸੱਟ, ਮੈਦਾਨ 'ਤੇ ਆਇਆ ਸਟ੍ਰੈਚਰ; ਹਸਪਤਾਲ 'ਚ ਕਰਵਾਇਆ ਦਾਖਲ

ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੈਸਟ ਮੈਚ ਸਿਲਹਟ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਪਹਿਲੇ ਸੈਸ਼ਨ ਦੌਰਾਨ ਬੰਗਲਾਦੇਸ਼ੀ ਟੀਮ ਨੂੰ ਵੱਡਾ ਝਟਕਾ ਲੱਗਾ, ਜਦੋਂ ਟੀਮ ਦੇ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਫੀਲਡਿੰਗ ਕਰਦੇ ਸਮੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

By:  Lajwinder Kaur November 6th 2026 06:21 PM -- Updated: November 6th 2026 06:38 PM

ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੈਸਟ ਮੈਚ ਸਿਲਹਟ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਪਹਿਲੇ ਸੈਸ਼ਨ ਦੌਰਾਨ ਬੰਗਲਾਦੇਸ਼ੀ ਟੀਮ ਨੂੰ ਵੱਡਾ ਝਟਕਾ ਲੱਗਾ, ਜਦੋਂ ਟੀਮ ਦੇ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਫੀਲਡਿੰਗ ਕਰਦੇ ਸਮੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸੱਟ ਇੰਨੀ ਗੰਭੀਰ ਸੀ ਕਿ ਉਨ੍ਹਾਂ ਨੂੰ ਸਟ੍ਰੈਚਰ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਲਿਜਾਣਾ ਪਿਆ। ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਫੀਲਡਿੰਗ ਦੌਰਾਨ ਸ਼ਾਦਮਾਨ ਦੇ ਗਿੱਟੇ ਵਿੱਚ ਸੱਟ ਲੱਗੀ ਅਤੇ ਉਨ੍ਹਾਂ ਦਾ ਗਿੱਟਾ ਮੁੜ ਗਿਆ। ਦਰਦ ਕਾਰਨ ਉਹ ਤੁਰੰਤ ਮੈਦਾਨ ਵਿੱਚ ਡਿੱਗ ਪਏ। ਕੁਝ ਸਮੇਂ ਤੱਕ ਉਹ ਦਰਦ ਨਾਲ ਤੜਫਦੇ ਰਹੇ। ਇਸ ਤੋਂ ਬਾਅਦ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਸਟ੍ਰੈਚਰ ਰਾਹੀਂ ਮੈਦਾਨ ਤੋਂ ਬਾਹਰ ਪਹੁੰਚਾਇਆ। IANS ਦੀ ਰਿਪੋਰਟ ਮੁਤਾਬਕ, ਉਹ MRI ਸਕੈਨ ਕਰਵਾਉਣ ਲਈ ਹਸਪਤਾਲ ਗਏ ਸਨ।

78ਵੇਂ ਓਵਰ ਦੌਰਾਨ ਵਾਪਰੀ ਘਟਨਾ

ਇਹ ਘਟਨਾ ਵੈਸਟਇੰਡੀਜ਼ ਦੀ ਪਾਰੀ ਦੇ 78ਵੇਂ ਓਵਰ ਵਿੱਚ ਵਾਪਰੀ। ਆਮਿਰ ਜੰਗੂ ਨੇ ਮੇਹਦੀ ਹਸਨ ਮਿਰਾਜ਼ ਦੀ ਗੇਂਦ ਨੂੰ ਫਾਈਨ ਲੈਗ ਵੱਲ ਖੇਡਿਆ। ਇਸ ਦੌਰਾਨ ਸ਼ਾਦਮਾਨ ਸਲਿੱਪ ਤੋਂ ਗੇਂਦ ਦਾ ਪਿੱਛਾ ਕਰਦੇ ਹੋਏ ਅੱਗੇ ਵਧੇ। ਜਦੋਂ ਉਨ੍ਹਾਂ ਨੇ ਗੇਂਦ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਫਿਸਲ ਕੇ ਡਿੱਗ ਪਏ ਅਤੇ ਉਨ੍ਹਾਂ ਦਾ ਗਿੱਟਾ ਮੁੜ ਗਿਆ। ਰੀਪਲੇਅ ਵਿੱਚ ਦੇਖਿਆ ਗਿਆ ਕਿ ਆਊਟਫੀਲਡ ਵਿੱਚ ਤ੍ਰੇਲ ਹੋਣ ਕਾਰਨ ਉਹ ਫਿਸਲੇ ਸਨ। ਘਟਨਾ ਤੋਂ ਬਾਅਦ ਸਾਰੇ ਖਿਡਾਰੀ ਤੁਰੰਤ ਉਨ੍ਹਾਂ ਦੀ ਮਦਦ ਲਈ ਪਹੁੰਚੇ। ਹਾਲਾਂਕਿ, ਅਜੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਮੈਚ ਦੇ ਬਾਕੀ ਹਿੱਸੇ ਵਿੱਚ ਖੇਡ ਸਕਣਗੇ ਜਾਂ ਨਹੀਂ।

ਪਹਿਲੇ ਟੈਸਟ ਮੈਚ ਵਿੱਚ ਲਗਾਇਆ ਸੀ ਸੈਂਕੜਾ

ਸ਼ਾਦਮਾਨ ਇਸਲਾਮ ਨੇ ਮੀਰਪੁਰ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਸ਼ਾਨਦਾਰ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ 105 ਦੌੜਾਂ ਦੀ ਪਾਰੀ ਖੇਡੀ ਸੀ। ਅਜਿਹੇ ਵਿੱਚ ਜੇਕਰ ਉਹ ਦੂਜੇ ਟੈਸਟ ਮੈਚ ਤੋਂ ਬਾਹਰ ਹੁੰਦੇ ਹਨ ਤਾਂ ਇਹ ਬੰਗਲਾਦੇਸ਼ੀ ਟੀਮ ਲਈ ਵੱਡਾ ਝਟਕਾ ਹੋ ਸਕਦਾ ਹੈ।

ਵੈਸਟਇੰਡੀਜ਼ ਨੇ ਪਹਿਲੀ ਪਾਰੀ ਵਿੱਚ ਬਣਾਈਆਂ 356 ਦੌੜਾਂ

ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ ਨੇ ਪਹਿਲੀ ਪਾਰੀ ਵਿੱਚ 356 ਦੌੜਾਂ ਬਣਾਈਆਂ। ਟੀਮ ਵੱਲੋਂ ਆਮਿਰ ਜੰਗੂ ਨੇ ਸਭ ਤੋਂ ਵੱਧ 133 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 13 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਉੱਥੇ ਹੀ ਬੰਗਲਾਦੇਸ਼ ਵੱਲੋਂ ਹਸਨ ਮਹਿਮੂਦ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਭ ਤੋਂ ਵੱਧ 6 ਵਿਕਟਾਂ ਹਾਸਲ ਕੀਤੀਆਂ।


© Copyright Galactic Television & Communications Pvt. Ltd. 2026. All rights reserved.