ਪੰਜਾਬ-ਚੰਡੀਗੜ੍ਹ ‘ਚ ਬਦਲਿਆ ਮੌਸਮ ਦਾ ਮਿਜਾਜ਼: ਮੀਂਹ ਮਗਰੋਂ ਡਿੱਗਿਆ ਪਾਰਾ, ਠੰਢ ਦਾ ਅਹਿਸਾਸ; ਬਿਜਲੀ ਦੀ ਮੰਗ ‘ਚ ਭਾਰੀ ਗਿਰਾਵਟ
ਲੰਘੇ ਦਿਨ ਪਏ ਮੀਂਹ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਨੇ ਕਰਵਟ ਲੈ ਲਈ ਹੈ। ਬਾਰਿਸ਼ ਹੋਣ ਤੋਂ ਬਾਅਦ ਤਾਪਮਾਨ 'ਚ ਕਮੀ ਆਈ ਹੈ, ਜਿਸ ਕਰਕੇ ਬਿਜਲੀ ਦੀ ਮੰਗ ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ ਹੈ ਪਰ ਹਲੇ ਲੋਕਾਂ ਨੂੰ ਸਿਆਲ ਦੀ ਉਡੀਕ ਕਰਨੀ ਪੈਣੀ ਹੈ।
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਮੀਂਹ ਤੋਂ ਬਾਅਦ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਹੋਈ ਬਾਰਿਸ਼ ਅਤੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁੰਮਸ ਕਾਫ਼ੀ ਹੱਦ ਤੱਕ ਖ਼ਤਮ ਹੋ ਗਈ ਹੈ ਅਤੇ ਸਵੇਰੇ-ਸ਼ਾਮ ਮੌਸਮ ਸੁਹਾਵਣਾ ਹੋਣ ਦੇ ਨਾਲ-ਨਾਲ ਹਲਕੀ ਠੰਢ ਦਾ ਅਹਿਸਾਸ ਵੀ ਹੋਣ ਲੱਗਾ ਹੈ। ਹਾਲਾਂਕਿ ਮੌਸਮ ਵਿਗਿਆਨੀਆਂ ਮੁਤਾਬਕ ਇਸ ਨੂੰ ਅਜੇ ਸਰਦੀ ਦੀ ਦਸਤਕ ਕਹਿਣਾ ਜਲਦਬਾਜ਼ੀ ਹੋਵੇਗੀ।
ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5.1 ਡਿਗਰੀ ਘੱਟ ਚੱਲ ਰਿਹਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ।
ਉੱਧਰ ਚੰਡੀਗੜ੍ਹ ਵਿੱਚ ਤਾਪਮਾਨ 25.4 ਡਿਗਰੀ ਸੈਲਸੀਅਸ ਰਿਹਾ, ਜੋ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਚੰਡੀਗੜ੍ਹ ਦੇ ਤਾਪਮਾਨ ਵਿੱਚ 5.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਆਮ ਨਾਲੋਂ 7.2 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ਵਿੱਚ ਪਿਛਲੇ ਪੰਜ ਸਾਲਾਂ ਬਾਅਦ ਚੰਡੀਗੜ੍ਹ ਵਿੱਚ ਇੰਨਾ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।
ਅੱਜ 6 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਅਤੇ ਨਵਾਂਸ਼ਹਿਰ ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਚੰਡੀਗੜ੍ਹ ਵਿੱਚ ਅਸਮਾਨ ਅੰਸ਼ਿਕ ਤੌਰ ‘ਤੇ ਬੱਦਲਵਾਈ ਵਾਲਾ ਰਹੇਗਾ। ਸ਼ਹਿਰ ਵਿੱਚ ਇੱਕ-ਦੋ ਵਾਰ ਮੀਂਹ ਜਾਂ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ। ਹਾਲਾਂਕਿ ਸੂਬੇ ਵਿੱਚ ਲਗਾਤਾਰ ਮੀਂਹ ਦੀ ਸੰਭਾਵਨਾ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਹੋ ਗਈ ਹੈ।
ਮੌਸਮ ਠੰਢਾ ਹੋਣ ਨਾਲ ਬਿਜਲੀ ਦੀ ਮੰਗ ਵਿੱਚ ਵੱਡੀ ਕਮੀ
ਮੀਂਹ ਅਤੇ ਤਾਪਮਾਨ ਵਿੱਚ ਗਿਰਾਵਟ ਦਾ ਅਸਰ ਪੰਜਾਬ ਦੀ ਬਿਜਲੀ ਦੀ ਮੰਗ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਮੌਸਮ ਠੰਢਾ ਹੋਣ ਕਾਰਨ ਏਸੀ ਅਤੇ ਕੂਲਰਾਂ ਦੀ ਵਰਤੋਂ ਘਟਣ ਨਾਲ ਬਿਜਲੀ ਦਾ ਲੋਡ ਵੀ ਕਾਫ਼ੀ ਹੇਠਾਂ ਆ ਗਿਆ ਹੈ।
ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 8,785 ਮੈਗਾਵਾਟ ਦਰਜ ਕੀਤੀ ਗਈ, ਜਦਕਿ 26 ਸਤੰਬਰ ਨੂੰ ਇਹ 12,989 ਮੈਗਾਵਾਟ ਸੀ। ਇਸ ਤਰ੍ਹਾਂ ਸਿਰਫ਼ ਤਿੰਨ ਦਿਨਾਂ ਵਿੱਚ ਬਿਜਲੀ ਦੀ ਮੰਗ ਵਿੱਚ 4,204 ਮੈਗਾਵਾਟ ਦੀ ਕਮੀ ਆਈ ਹੈ।
ਬਿਜਲੀ ਦੀ ਖਪਤ ਘਟਣ ਕਾਰਨ ਸੂਬੇ ਨੂੰ ਬਾਹਰੋਂ ਬਿਜਲੀ ਲੈਣ ਦੀ ਲੋੜ ਵੀ ਘਟੀ ਹੈ। ਇਸ ਸਮੇਂ ਕਰੀਬ 3,710 ਮੈਗਾਵਾਟ ਬਿਜਲੀ ਬਾਹਰੋਂ ਲਈ ਜਾ ਰਹੀ ਹੈ, ਜਦਕਿ ਇਸ ਦਾ ਸ਼ਡਿਊਲ 3,448 ਮੈਗਾਵਾਟ ਹੈ।
28 ਸਤੰਬਰ ਨੂੰ 10 ਜ਼ਿਲ੍ਹਿਆਂ ਵਿੱਚ ਹੋਈ ਬਾਰਿਸ਼
28 ਸਤੰਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਸਭ ਤੋਂ ਵੱਧ ਮੀਂਹ ਹੁਸ਼ਿਆਰਪੁਰ ਵਿੱਚ 70 ਮਿ.ਮੀ. ਰਿਕਾਰਡ ਕੀਤਾ ਗਿਆ।
ਇਸ ਤੋਂ ਇਲਾਵਾ ਜਲੰਧਰ ਵਿੱਚ 26.5 ਮਿ.ਮੀ., ਪਟਿਆਲਾ ਵਿੱਚ 19.2 ਮਿ.ਮੀ., ਚੰਡੀਗੜ੍ਹ ਵਿੱਚ 9.4 ਮਿ.ਮੀ., ਮੋਹਾਲੀ ਵਿੱਚ 7.5 ਮਿ.ਮੀ., ਪਠਾਨਕੋਟ ਵਿੱਚ 3.5 ਮਿ.ਮੀ. ਅਤੇ ਲੁਧਿਆਣਾ ਵਿੱਚ 2 ਮਿ.ਮੀ. ਮੀਂਹ ਦਰਜ ਹੋਇਆ। ਇਸ ਤੋਂ ਇਲਾਵਾ ਕਪੂਰਥਲਾ, ਰੂਪਨਗਰ ਅਤੇ ਸੰਗਰੂਰ ਵਿੱਚ 0.5-0.5 ਮਿ.ਮੀ. ਬਾਰਿਸ਼ ਹੋਈ।
ਹੁਣ ਮੀਂਹ ਦੀ ਸੰਭਾਵਨਾ ਘਟੇਗੀ
ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ, ਪਰ ਇਸ ਦਾ ਪੰਜਾਬ ‘ਤੇ ਪ੍ਰਭਾਵ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ। ਅੱਜ ਤੋਂ ਉੱਤਰ-ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਹਵਾਵਾਂ ਕਾਰਨ ਹਵਾ ਵਿੱਚ ਨਮੀ ਘਟੇਗੀ ਅਤੇ ਬੱਦਲ ਬਣਨ ਦੀ ਸੰਭਾਵਨਾ ਵੀ ਘੱਟ ਹੋਵੇਗੀ।
ਹਾਲਾਂਕਿ ਇਸ ਦੇ ਬਾਵਜੂਦ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਜਾਂ ਛਿੱਟੇ ਪੈ ਸਕਦੇ ਹਨ। ਇਸ ਤੋਂ ਬਾਅਦ ਮੌਸਮ ਹੌਲੀ-ਹੌਲੀ ਖੁਸ਼ਕ ਹੋਣ ਵੱਲ ਵਧੇਗਾ।
ਪੰਜਾਬ-ਚੰਡੀਗੜ੍ਹ ਤੋਂ ਮਾਨਸੂਨ ਦੀ ਵਿਦਾਈ ਆਖਰੀ ਪੜਾਅ ‘ਚ
ਪੰਜਾਬ ਅਤੇ ਚੰਡੀਗੜ੍ਹ ਤੋਂ ਮਾਨਸੂਨ ਦੀ ਵਾਪਸੀ ਵੀ ਜਾਰੀ ਹੈ। ਇਸ ਸਮੇਂ ਮਾਨਸੂਨ ਦੀ ਵਾਪਸੀ ਰੇਖਾ ਗੁਰਦਾਸਪੁਰ ਅਤੇ ਚੰਡੀਗੜ੍ਹ ਤੋਂ ਹੋ ਕੇ ਲੰਘ ਰਹੀ ਹੈ। ਉੱਤਰੀ ਪਾਕਿਸਤਾਨ ਅਤੇ ਇਸ ਨਾਲ ਲੱਗਦੇ ਜੰਮੂ ਇਲਾਕੇ ਉੱਪਰ ਪੱਛਮੀ ਵਿਗਾੜ ਵੀ ਬਣਿਆ ਹੋਇਆ ਹੈ, ਜਿਸ ਦਾ ਕੁਝ ਅਸਰ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ‘ਤੇ ਪੈ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਇਹ ਪੱਛਮੀ ਵਿਗਾੜ ਅੱਜ ਅੱਗੇ ਵਧ ਜਾਵੇਗਾ ਅਤੇ ਉਮੀਦ ਹੈ ਕਿ ਕੱਲ੍ਹ ਤੱਕ ਪੰਜਾਬ ਤੋਂ ਮਾਨਸੂਨ ਦੀ ਪੂਰੀ ਤਰ੍ਹਾਂ ਵਿਦਾਈ ਹੋ ਸਕਦੀ ਹੈ।
ਅਕਤੂਬਰ ਵਿੱਚ ਮੁੜ ਵਧੇਗਾ ਦਿਨ ਦਾ ਤਾਪਮਾਨ
ਸਕਾਈਮੇਟ ਦੇ ਵਾਈਸ ਚੇਅਰਮੈਨ ਮਹੇਸ਼ ਪਲਾਵਤ ਮੁਤਾਬਕ ਮੀਂਹ ਕਾਰਨ ਮੌਸਮ ਵਿੱਚ ਬਦਲਾਅ ਦੀ ਸ਼ੁਰੂਆਤ ਜ਼ਰੂਰ ਹੋਈ ਹੈ, ਪਰ ਇਸ ਨੂੰ ਹਾਲੇ ਸਰਦੀ ਦੀ ਸ਼ੁਰੂਆਤ ਨਹੀਂ ਮੰਨਿਆ ਜਾ ਸਕਦਾ। ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਵੇਰੇ ਅਤੇ ਸ਼ਾਮ ਦਾ ਮੌਸਮ ਸੁਹਾਵਣਾ ਰਹਿਣ ਦੀ ਉਮੀਦ ਹੈ।
ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਕਰੀਬ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ ਲਗਭਗ 24 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਅਕਤੂਬਰ ਦੇ ਮੱਧ ਤੋਂ ਤਾਪਮਾਨ ਮੁੜ ਆਮ ਪੱਧਰ ਵੱਲ ਆਉਣਾ ਸ਼ੁਰੂ ਹੋਵੇਗਾ ਅਤੇ ਇਸ ਦੇ ਨਾਲ ਹੀ ਹੁੰਮਸ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ।