ਮੌਸਮ ਦਾ ਮਿਜਾਜ਼ ਬਦਲਿਆ: ਪੰਜਾਬ 'ਚ ਤੇਜ਼ ਹਨ੍ਹੇਰੀ-ਮੀਂਹ ਨਾਲ ਕਈ ਥਾਵਾਂ 'ਤੇ ਬਿਜਲੀ ਸਿਸਟਮ ਠੱਪ, ਅੱਜ ਵੀ ਮੀਂਹ-ਤੂਫਾਨ ਦੀ ਵਾਰਨਿੰਗ

By:  Lajwinder Kaur June 12th 2026 09:52 AM -- Updated: June 12th 2026 10:03 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਗਿਆ ਹੈ। ਮੌਸਮ ਵਿਭਾਗ ਵੱਲੋਂ ਅੱਜ ਵੀ ਭਾਰੀ ਮੀਂਹ, ਗੜ੍ਹੇਮਾਰੀ ਅਤੇ ਤੇਜ਼ ਹਨ੍ਹੇਰੀ ਨੂੰ ਲੈ ਕੇ 'ਔਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਵੀਰਵਾਰ ਨੂੰ ਹੋਈ ਰੁਕ-ਰੁਕ ਕੇ ਬਾਰਿਸ਼, ਗੜ੍ਹੇਮਾਰੀ ਅਤੇ ਹਨ੍ਹੇਰੀ ਕਾਰਨ ਤਾਪਮਾਨ ਵਿੱਚ 3.8 ਡਿਗਰੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਇਹ ਹੁਣ ਆਮ ਤਾਪਮਾਨ ਤੋਂ 2.1 ਡਿਗਰੀ ਹੇਠਾਂ ਆ ਗਿਆ ਹੈ। ਸਭ ਤੋਂ ਵੱਧ ਤਾਪਮਾਨ ਅਬੋਹਰ ਵਿੱਚ 42 ਡਿਗਰੀ ਦਰਜ ਕੀਤਾ ਗਿਆ। ਮੌਸਮ ਦੇ ਇਸ ਬਦਲਾਅ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਬਿਜਲੀ ਦੀ ਮੰਗ ਵਿੱਚ ਵੀ 76% ਤੋਂ ਵੱਧ ਦੀ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ।

ਹੀਟਵੇਵ ਤੋਂ ਰਾਹਤ, ਪਰ ਲੋਕ ਰਹਿਣ ਸਾਵਧਾਨ

ਇਹ ਖਰਾਬ ਮੌਸਮ 17 ਜੂਨ ਤੱਕ ਇਸੇ ਤਰ੍ਹਾਂ ਬਣਿਆ ਰਹੇਗਾ, ਜਿਸ ਨਾਲ ਲੋਕਾਂ ਨੂੰ ਲੂ (ਗਰਮ ਹਵਾਵਾਂ) ਤੋਂ ਵੱਡੀ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਖਰਾਬ ਮੌਸਮ ਦੌਰਾਨ ਖੁੱਲ੍ਹੇ ਮੈਦਾਨਾਂ, ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ, ਹਾਲਾਂਕਿ ਪੂਰੇ ਸੂਬੇ ਵਿੱਚ ਮੀਂਹ ਅਤੇ ਹਨ੍ਹੇਰੀ ਦੀ ਸੰਭਾਵਨਾ ਹੈ, ਪਰ ਵਿਸ਼ੇਸ਼ ਤੌਰ 'ਤੇ ਛੇ ਜ਼ਿਲ੍ਹਿਆਂ—ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ ਅਤੇ ਮਾਨਸਾ ਵਿੱਚ ਗੜ੍ਹੇਮਾਰੀ ਹੋ ਸਕਦੀ ਹੈ। ਇਸ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਪੂਰੀ ਸੰਭਾਵਨਾ ਹੈ।

ਤੇਜ਼ ਹਨ੍ਹੇਰੀ ਬਣੀ ਇੱਕ ਸ਼ਖਸ਼ ਲਈ ‘ਕਾਲ’

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਵੀਰਵਾਰ ਨੂੰ ਚੱਲੀ ਕਰੀਬ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਤੇਜ਼ ਹਨ੍ਹੇਰੀ ਕਾਰਨ ਇੱਕ ਵਿਅਕਤੀ ਦੀ ਕੰਧ ਡਿੱਗਣ ਨਾਲ ਮੌਤ ਹੋ ਗਈ। ਇਸੇ ਤੂਫਾਨ ਦੌਰਾਨ ਦੋ ਬਾਈਕ ਸਵਾਰ ਆਪਣਾ ਸੰਤੁਲਨ ਗੁਆ ਬੈਠੇ ਅਤੇ ਸੜਕ 'ਤੇ ਡਿੱਗ ਗਏ। ਇਸ ਤੋਂ ਇਲਾਵਾ, ਪਠਾਨਕੋਟ ਵਿੱਚ ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਦਰੱਖਤ ਡਿੱਗਣ ਕਾਰਨ ਲੰਬਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਲੁਧਿਆਣਾ ਦੇ ਖੰਨਾ ਵਿੱਚ ਆਕਾਸ਼ੀ ਬਿਜਲੀ ਡਿੱਗਣ ਕਾਰਨ ਇੱਕ ਕਰੀਬ 150 ਸਾਲ ਪੁਰਾਣਾ ਦਰੱਖਤ ਟੁੱਟ ਕੇ ਕਈ ਮਕਾਨਾਂ 'ਤੇ ਡਿੱਗ ਪਿਆ, ਜਿਸ ਨਾਲ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਸੰਗਰੂਰ 'ਚ ਚੱਲੀ 100KM ਪ੍ਰਤੀ ਘੰਟੇ ਦੀ ਰਫਤਾਰ ਨਾਲ ਹਨ੍ਹੇਰੀ 

ਮੌਸਮ ਵਿਭਾਗ (IMD) ਅਨੁਸਾਰ ਰਾਤ 8 ਵਜੇ ਤੋਂ 9 ਵਜੇ ਦੇ ਵਿਚਕਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਤੇਜ਼ ਹਨ੍ਹੇਰੀ ਚੱਲੀ। ਸਭ ਤੋਂ ਵੱਧ ਪ੍ਰਭਾਵ ਸੰਗਰੂਰ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਹਵਾ ਦੀ ਰਫ਼ਤਾਰ 111 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਇਸ ਤੋਂ ਇਲਾਵਾ ਫਰੀਦਕੋਟ ਵਿੱਚ 76 ਅਤੇ ਬਠਿੰਡਾ ਵਿੱਚ 57 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨ੍ਹੇਰੀ ਚੱਲੀ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕਈ ਇਲਾਕਿਆਂ ਵਿੱਚ ਨੁਕਸਾਨ ਹੋਇਆ ਹੈ।

ਹਨ੍ਹੇਰੀ ਕਰਕੇ ਕਈ ਥਾਵਾਂ ਉੱਤੇ ਬਿਜਲੀ ਰਹੀ ਗੁੱਲ

ਤੂਫਾਨ ਕਾਰਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਿਜਲੀ ਸਪਲਾਈ ਦਾ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ, ਜਿਸ ਕਾਰਨ ਬਿਜਲੀ ਦੀ ਮੰਗ ਵਿੱਚ 76% ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। 10 ਜੂਨ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 15,500 ਮੈਗਾਵਾਟ ਸੀ, ਜੋ ਕਿ 11 ਜੂਨ (ਵੀਰਵਾਰ) ਦੇਰ ਸ਼ਾਮ ਤੱਕ ਘਟ ਕੇ ਸਿਰਫ਼ 3,603 ਮੈਗਾਵਾਟ ਰਹਿ ਗਈ। ਅਸਲ ਵਿੱਚ ਬਿਜਲੀ ਦੀ ਲੋੜ ਤਾਂ ਘੱਟ ਨਹੀਂ ਹੋਈ, ਪਰ ਪੀ.ਐਸ.ਪੀ.ਸੀ.ਐਲ. (PSPCL) ਦਾ ਸਪਲਾਈ ਸਿਸਟਮ ਖ਼ਰਾਬ ਹੋਣ ਕਾਰਨ ਇਹ ਅੰਕੜਾ ਇੰਨਾ ਹੇਠਾਂ ਆ ਗਿਆ ਹੈ।

11 ਜੂਨ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ। ਖੰਨਾ ਅਤੇ ਲੁਧਿਆਣਾ ਵਿੱਚ 2-2 ਮਿਲੀਮੀਟਰ, ਜਦੋਂ ਕਿ ਪਟਿਆਲਾ, ਰਾਜਪੁਰਾ, ਪਾਇਲ ਅਤੇ ਅੰਮ੍ਰਿਤਸਰ ਵਿੱਚ 1-1 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਆਉਣ ਵਾਲੇ 3 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ, ਅਗਲੇ 3 ਦਿਨਾਂ ਵਿੱਚ ਤਾਪਮਾਨ ਮੁੜ 3 ਤੋਂ 5 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ। 17 ਜੂਨ ਤੱਕ ਮੌਸਮ ਦਾ ਮਿਜਾਜ਼ ਇਸੇ ਤਰ੍ਹਾਂ ਬਣਿਆ ਰਹੇਗਾ। ਫਿਲਹਾਲ, ਮਾਨਸੂਨ ਅੱਗੇ ਵੱਧ ਰਿਹਾ ਹੈ।

© Copyright Galactic Television & Communications Pvt. Ltd. 2026. All rights reserved.