ਕੈਨੇਡਾ ਤੋਂ ਮੰਦਭਾਗੀ ਖਬਰ! ਸਮਾਣਾ ਦੇ ਨੌਜਵਾਨ ਦੀ ਦਰਦਨਾਕ ਮੌਤ, ਰੋ-ਰੋ ਬੇਸੁਧ ਹੋਈ ਮਾਂ, ਪਿੰਡ ‘ਚ ਸੋਗ ਦੀ ਲਹਿਰ…

ਵਿਦੇਸ਼ ਦੀ ਧਰਤੀ ਤੋਂ ਇੱਕ ਵਾਰ ਫਿਰ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜੀ ਹਾਂ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋਣ ਦੀ ਮੰਦਭਾਗੀ ਖਬਰ ਆਈ ਹੈ। ਜਿਸ ਤੋਂ ਸਮਾਣਾ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।

By:  Lajwinder Kaur July 17th 2026 01:47 PM -- Updated: July 17th 2026 02:39 PM

ਸਮਾਣਾ ਦੇ ਨੇੜਲੇ ਪਿੰਡ ਫਤਿਹਪੁਰ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਟਰਾਲਾ ਚਲਾਉਣ ਵਾਲੇ ਪਿੰਡ ਦੇ ਨੌਜਵਾਨ ਬਿਕਰਮਜੀਤ ਸਿੰਘ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਸੁਪਨੇ ਅਧੂਰੇ ਰਹਿ ਗਏ

ਪ੍ਰਾਪਤ ਜਾਣਕਾਰੀ ਅਨੁਸਾਰ, ਬਿਕਰਮਜੀਤ ਸਿੰਘ ਕਰੀਬ ਪੰਜ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਕੈਨੇਡਾ ਗਿਆ ਸੀ। ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਉਹ ਆਪਣੇ ਜੱਦੀ ਪਿੰਡ ਫਤਿਹਪੁਰ ਛੁੱਟੀਆਂ ਕੱਟ ਕੇ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਬਿਕਰਮਜੀਤ ਨੇ ਵਾਪਸ ਜਾਣ ਤੋਂ ਪਹਿਲਾਂ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦ ਹੀ ਹਮੇਸ਼ਾ ਲਈ ਵਤਨ ਪਰਤ ਆਵੇਗਾ ਅਤੇ ਆਪਣੇ ਛੋਟੇ ਭਰਾ ਨਾਲ ਮਿਲ ਕੇ ਇੱਥੇ ਹੀ ਆਪਣਾ ਕਾਰੋਬਾਰ ਸ਼ੁਰੂ ਕਰੇਗਾ। ਉਸ ਨੇ ਉੱਥੇ ਪੱਕੇ ਹੋਣ (PR) ਲਈ ਵੀ ਅਰਜ਼ੀ ਨਹੀਂ ਦਿੱਤੀ ਸੀ।

ਮਾਂ ਨਾਲ ਸੀ ਆਖਰੀ ਗੱਲਬਾਤ

ਪਰਿਵਾਰ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਬਿਕਰਮਜੀਤ ਕੈਨੇਡਾ ਤੋਂ ਟਰਾਲਾ ਲੈ ਕੇ ਅਮਰੀਕਾ ਵੱਲ ਜਾ ਰਿਹਾ ਸੀ। ਰਸਤੇ ਵਿੱਚ ਉਸਨੇ ਆਪਣੀ ਮਾਤਾ ਅਮਰਜੀਤ ਕੌਰ ਨਾਲ ਫ਼ੋਨ 'ਤੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਡਿਊਟੀ ਤੋਂ ਵਾਪਸ ਆ ਕੇ ਉਹ ਫਿਰ ਗੱਲ ਕਰੇਗਾ, ਪਰ ਉਹ ਕਾਲ ਹਮੇਸ਼ਾ ਲਈ ਅਧੂਰੀ ਰਹਿ ਗਈ। ਕੁਝ ਸਮੇਂ ਬਾਅਦ ਹੀ ਪਰਿਵਾਰ ਨੂੰ ਉਸਦੀ ਮੌਤ ਦੀ ਮਨਹੂਸ ਖ਼ਬਰ ਮਿਲੀ। ਬਿਕਰਮਜੀਤ ਦੀ ਮਾਸੀ ਮਨਦੀਪ ਕੌਰ ਨੇ ਦੱਸਿਆ ਕਿ ਉਸਨੇ ਜਾਣ ਤੋਂ ਪਹਿਲਾਂ ਪਰਿਵਾਰ ਨੂੰ ਆਪਣੀ ਮਾਂ ਦਾ ਖਾਸ ਖਿਆਲ ਰੱਖਣ ਲਈ ਕਿਹਾ ਸੀ, ਜੋ ਹੁਣ ਉਨ੍ਹਾਂ ਲਈ ਸਿਰਫ਼ ਇੱਕ ਯਾਦ ਬਣ ਕੇ ਰਹਿ ਗਿਆ ਹੈ। ਲੰਘੇ ਦਿਨ ਜਦੋਂ ਬਿਕਰਮਜੀਤ ਦੀ ਮੌਤ ਦੀ ਖਬਰ ਆਈ ਤਾਂ ਮਾਂ ਦਾ ਰੋ-ਰੋ ਬੁਰਾ  ਹਾਲ ਹੋਇਆ ਪਿਆ ਹੈ। ਭਰੀ ਉਮਰ ਦੇ ਵਿੱਚ ਪੁੱਤ ਦੇ ਇਸ ਤਰ੍ਹਾਂ ਚੱਲੇ ਜਾਣ ਕਰਕੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਸਰਕਾਰ ਤੋਂ ਮ੍ਰਿਤਕ ਦੇਹ ਲਿਆਉਣ ਦੀ ਮੰਗ

ਪੀੜਤ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਕਰਮਜੀਤ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਜੋ ਕਿਸੇ ਹੋਰ ਮਾਂ ਦਾ ਪੁੱਤ ਮਜ਼ਬੂਰੀ ਵਿੱਚ ਵਿਦੇਸ਼ ਨਾ ਜਾਵੇ ਅਤੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਨਾ ਹੋਵੇ।

© Copyright Galactic Television & Communications Pvt. Ltd. 2026. All rights reserved.