ਬਹਿਬਲ ਕਲਾਂ ਬੇਅਦਬੀ ਮਾਮਲਾ: SIT ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ, ਸੋਮਵਾਰ ਨੂੰ ਹੋਵੇਗੀ ਪੁੱਛਗਿੱਛ

ਬਹਿਬਲ ਕਲਾਂ ਬੇਅਦਬੀ ਮਾਮਲੇ ਵਿੱਚ ਜਾਂਚ 'ਚ ਅਹਿਮ ਅਪਡੇਟ ਆਇਆ ਹੈ। ਜੀ ਹਾਂ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਹੈ। SIT ਵੱਲੋਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਸੱਦਿਆ ਗਿਆ ਹੈ ਅਤੇ ਇਹ ਪੁੱਛਗਿੱਛ ਆਉਣ ਵਾਲੇ ਸੋਮਵਾਰ ਨੂੰ ਹੋਵੇਗੀ।

By:  Lajwinder Kaur July 16th 2026 03:36 PM -- Updated: July 16th 2026 03:57 PM

ਬਹਿਬਲ ਕਲਾਂ ਬੇਅਦਬੀ ਮਾਮਲੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਨੂੰ ਨੋਟਿਸ ਜਾਰੀ ਕੀਤਾ ਹੈ। SIT ਵੱਲੋਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਸੱਦਿਆ ਗਿਆ ਹੈ ਅਤੇ ਇਹ ਪੁੱਛਗਿੱਛ ਆਉਣ ਵਾਲੇ ਸੋਮਵਾਰ ਨੂੰ ਹੋਵੇਗੀ।

ਵਿਜੇ ਸਾਂਪਲਾ ਦੇ ਬਿਆਨ ਤੋਂ ਬਾਅਦ ਵਧੀ ਮੁਸ਼ਕਿਲ

ਇਹ ਕਾਰਵਾਈ ਭਾਜਪਾ ਆਗੂ ਵਿਜੇ ਸਾਂਪਲਾ ਦੇ ਬਿਆਨ ਤੋਂ ਬਾਅਦ ਤੇਜ਼ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਮਾਮਲੇ ਵਿੱਚ ਰਾਜਪਾਲ ਨੂੰ ਦਿੱਤੇ ਗਏ ਇੱਕ ਮੰਗ ਪੱਤਰ (ਰਿਪ੍ਰਜੈਂਟੇਸ਼ਨ) 'ਤੇ ਸੁਖਬੀਰ ਬਾਦਲ ਦੇ ਨਾਲ ਵਿਜੇ ਸਾਂਪਲਾ ਦੇ ਦਸਤਖਤ ਵੀ ਸਨ, ਪਰ ਹੁਣ ਸਾਂਪਲਾ ਨੇ ਇਸ 'ਤੇ ਆਪਣੇ ਦਸਤਖਤ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਦਾ ਮੁੱਦਾ

ਇਸ ਮਾਮਲੇ ਨਾਲ ਜੁੜੇ ਕੁਝ ਅਹਿਮ ਤੱਥ ਇਸ ਪ੍ਰਕਾਰ ਹਨ:

ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਗੱਲਬਾਤ ਤਤਕਾਲੀ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਡੀਜੀਪੀ ਨਾਲ ਹੋਈ ਸੀ।

ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓਐਸਡੀ (OSD) ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਰਾਤ ਦੇ ਸਮੇਂ ਹੀ ਉਥੋਂ ਹਟਾਉਣ ਦੇ ਆਦੇਸ਼ ਦਿੱਤੇ ਗਏ ਸਨ।

ਜ਼ਿਕਰਯੋਗ ਹੈ ਕਿ ਬਹਿਬਲ ਕਲਾਂ-ਕੋਟਕਪੁਰਾ ਗੋਲੀ ਕਾਂਡ ਅਤੇ ਸ੍ਰੀ ਗੁਰੂ ਗੰਥ੍ਰ ਸਾਹਿਬ ਦੀ ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਵਲੋਂ ਬਣਾਈ ਗਈ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਲੈ ਕੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕਰਕੇ ਤਲਬ ਕੀਤਾ ਹੈ। ਹੁਣ ਸਾਰੀਆਂ ਦੀਆਂ ਨਜ਼ਰਾਂ ਸੋਮਵਾਰ ਨੂੰ ਹੋਣ ਵਾਲੀ ਪੁੱਛਗਿੱਛ 'ਤੇ ਟਿਕੀਆਂ ਹੋਈਆਂ ਹਨ ਕਿ ਇਸ ਦੌਰਾਨ ਕਿਹੜੀਆਂ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ।

ਜਾਣੋ ਸੁਖਬੀਰ ਬਾਦਲ ਨੇ ਤਲਬ ਕਰਨ ਨੂੰ ਲੈ ਕੇ ਕੀ ਦਿੱਤੀ ਪ੍ਰਤੀਕਿਰਿਆ

ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ 'ਆਪ' ਸਰਕਾਰ ਦੀ ਚੌਥੀ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਸ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਜਾਂਚ ਟੀਮ ਦੇ ਸਹਿਯੋਗ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਜਿੰਨੀ ਵਾਰੀ ਵੀ ਉਨ੍ਹਾਂ ਨੂੰ ਬੁਲਾਵੇਗੀ, ਉਹ ਪੁੱਛਗਿੱਛ ਲਈ ਪੇਸ਼ ਹੋਣਗੇ।


© Copyright Galactic Television & Communications Pvt. Ltd. 2026. All rights reserved.