ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਕਸ਼ਨ: ‘ਬਹਿਰੀਨ ਵਾਲੀ ਬੀਬੀ’ ਮਾਮਲੇ ‘ਚ ਖੁਲਾਸੇ ਕਰਨ ਵਾਲੀ ਅਕਾਲੀ ਆਗੂ ਰੂਪ ਕੌਰ ਸੰਧੂ ਨੂੰ ਪਾਰਟੀ ‘ਚੋਂ ਕੀਤਾ ਬਰਖ਼ਾਸਤ

'ਬਹਿਰੀਨ ਵਾਲੀ ਬੀਬੀ’ ਮਾਮਲੇ ‘ਚ ਖੁਲਾਸੇ ਕਰਨ ਵਾਲੀ ਅਕਾਲੀ ਆਗੂ ‘ਤੇ ਐਕਸ਼ਨ ਹੋ ਗਿਆ ਹੈ। ਜੀ ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਰੂਪ ਕੌਰ ਸੰਧੂ ਨੂੰ ਪਾਰਟੀ ‘ਚੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ-ਵਾਰ ਅਨੁਸ਼ਾਸਨਹੀਣਤਾ ਕਰਨ ਤੇ ਗਲਤ ਆਚਰਣ ਦੇ ਦੋਸ਼ਾਂ ਤਹਿਤ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।

By:  Lajwinder Kaur September 29th 2026 10:26 AM -- Updated: September 29th 2026 10:48 AM

ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਇੱਕ ਵਾਰ ਫਿਰ ਭੂਚਾਲ ਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ (SAD) ਨੇ ਸਖ਼ਤ ਕਦਮ ਚੁੱਕਦਿਆਂ ਪਾਰਟੀ ਦੀ ਤੇਜ਼-ਤਰਾਰ ਮਹਿਲਾ ਆਗੂ ਅਤੇ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਾਰਟੀ ਵੱਲੋਂ ਇਹ ਕਾਰਵਾਈ ਵਾਰ-ਵਾਰ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ।

ਬਹਿਰੀਨ ਵਾਲੀ ਬੀਬੀ’ ਮਾਮਲੇ ਨਾਲ ਜੁੜਿਆ ਵਿਵਾਦ  

ਦਰਅਸਲ, ਇਹ ਸਾਰਾ ਵਿਵਾਦ ਉਸ ਸਮੇਂ ਗਰਮਾਇਆ ਜਦੋਂ ਅਕਾਲੀ ਆਗੂ ਰੂਪ ਕੌਰ ਸੰਧੂ ਨੇ ‘ਬਹਿਰੀਨ ਵਾਲੀ ਬੀਬੀ’ ਅਤੇ ਔਰਤਾਂ ਦੇ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਵਿੱਚ ਕੁਝ ਵੱਡੇ ਖੁਲਾਸੇ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਪੀੜਤ ਔਰਤਾਂ ਸਾਹਮਣੇ ਆਈਆਂ ਹਨ। ਇਸੇ ਬਿਆਨਬਾਜ਼ੀ ਅਤੇ ਅੰਦਰੂਨੀ ਘਮਾਸਾਨ ਦੇ ਚੱਲਦਿਆਂ ਪਾਰਟੀ ਹਾਈਕਮਾਂਡ ਨੇ ਤੁਰੰਤ ਐਕਸ਼ਨ ਲੈਂਦਿਆਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਫ਼ੈਸਲਾ ਲਿਆ।   

ਰੂਪ ਕੌਰ ਸੰਧੂ ਦਾ ਫੇਸਬੁੱਕ ਪੋਸਟ ਰਾਹੀਂ ਪਲਟਵਾਰ  

ਪਾਰਟੀ ਵੱਲੋਂ ਕੱਢੇ ਜਾਣ ਤੋਂ ਬਾਅਦ ਰੂਪ ਕੌਰ ਸੰਧੂ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਉੱਤੇ ਇੱਕ ਸ਼ੇਅਰੋ-ਸ਼ਾਇਰੀ ਵਾਲੀ ਪ੍ਰਭਾਵਸ਼ਾਲੀ ਪੋਸਟ ਪਾ ਕੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਉਨ੍ਹਾਂ ਲਿਖਿਆ: ‘ਤੁਮ ਗਿਰਾਨੇ ਮੇ ਲਗੇ ਥੇ ਤੁਮ ਨੇ ਸੋਚਾ ਹੀ ਨਹੀਂ 

ਮੈਂ ਗਿਰਾ ਤੋ ਮਸਲਾ ਬਨ ਕਰ ਖੜਾ ਹੋ ਜਾਊਂਗਾ 

ਰਾਸਤਾ ਰੋਕਾ ਗਿਆ ਤੋ ਕਾਫ਼ਿਲਾ ਹੋ ਜਾਊਂਗਾ 

ਸਾਰੀ ਦੁਨੀਆ ਕੀ ਨਜ਼ਰ ਮੇ ਹੈ ਮੇਰਾ ਅਹਦ ਏ ਵਫ਼ਾ 

ਇਕ ਤੇਰੇ ਕਿਹਨੇ ਸੇ ਕਿਆ ਮੈਂ ਬੇਵਫ਼ਾ ਹੋ ਜਾਊਂਗਾ!!

ਚੜ੍ਹਦੀ ਕਲਾ’


   

ਇਸ ਪੋਸਟ ਤੋਂ ਸਾਫ਼ ਜ਼ਾਹਰ ਹੈ ਕਿ ਉਹ ਇਸ ਫ਼ੈਸਲੇ ਤੋਂ ਬਾਅਦ ਪੂਰੀ ਤਰ੍ਹਾਂ ਡਟੇ ਰਹਿਣ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖ਼ੁਲਾਸੇ ਕਰਨ ਦੇ ਰੌਂਅ ਵਿੱਚ ਹਨ।

ਕੌਣ ਹਨ ਰੂਪ ਕੌਰ ਸੰਧੂ?   

ਰੂਪ ਕੌਰ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇੱਕ ਸਰਗਰਮ ਅਤੇ ਪ੍ਰਮੁੱਖ ਨੌਜਵਾਨ ਆਗੂ ਵਜੋਂ ਜਾਣੇ ਜਾਂਦੇ ਹਨ। ਉਹ ਪਾਰਟੀ ਵਿੱਚ ਵਰਕਿੰਗ ਕਮੇਟੀ ਮੈਂਬਰ, ਬੁਲਾਰੇ ਅਤੇ ਸੰਯੁਕਤ ਸਕੱਤਰ (Joint Secretary) ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ ਪੰਜਾਬ ਦੀ ਸਿਆਸਤ ਅਤੇ ਪੰਥਕ ਮੁੱਦਿਆਂ 'ਤੇ ਅਕਸਰ ਬਾਕਾਇਦਾ ਬੇਬਾਕੀ ਨਾਲ ਆਪਣੀ ਰਾਏ ਰੱਖਣ ਲਈ ਜਾਣੇ ਜਾਂਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਚੰਗੀ ਫਾਲੋਇੰਗ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਵਿੱਚ ਚਰਚਾਵਾਂ ਦਾ ਦੌਰ ਭੱਖ ਗਿਆ ਹੈ।


© Copyright Galactic Television & Communications Pvt. Ltd. 2026. All rights reserved.