Punjab Weather: ਗਰਮੀ ਨੇ ਫੜਿਆ ਜ਼ੋਰ, ਦਿਨ ਵੇਲੇ ਤੇਜ਼ ਧੁੱਪ, ਆਮ ਨਾਲੋਂ 6 ਡਿਗਰੀ ਵਧਿਆ ਤਾਪਮਾਨ, ਕੀ ਪਏਗਾ ਮੀਂਹ!
Punjab Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ, 9 ਮਾਰਚ ਨੂੰ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ ਅਤੇ ਦਿਨ ਭਰ ਤੇਜ਼ ਧੁੱਪ ਨਿਕਲੇਗੀ। ਮੌਸਮ ਵਿਭਾਗ ਮੁਤਾਬਕ 14 ਮਾਰਚ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 0.3°C ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਹੁਣ ਆਮ ਨਾਲੋਂ 6°C ਜ਼ਿਆਦਾ ਹੋ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫ਼ਰੀਦਕੋਟ ਵਿੱਚ 33.5°C ਰਿਹਾ। ਹੈਰਾਨੀ ਦੀ ਗੱਲ ਇਹ ਰਹੀ ਕਿ ਐਤਵਾਰ ਨੂੰ ਕੁਝ ਇਲਾਕਿਆਂ ਵਿੱਚ ਅਚਾਨਕ ਸੰਘਣੀ ਧੁੰਦ ਦੇਖਣ ਨੂੰ ਮਿਲੀ, ਜਿਸ ਕਾਰਨ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਸੀ।
ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹੇਗਾ
ਮੌਸਮ ਵਿਭਾਗ ਦੇ ਅਨੁਸਾਰ, ਜਿਹੜਾ ਵੈਸਟਨ ਡਿਸਟਰਬਨ (Western Disturbance) ਸਰਗਰਮ ਸੀ, ਉਹ ਹੁਣ ਇਸ ਇਲਾਕੇ ਤੋਂ ਅੱਗੇ ਨਿਕਲ ਗਿਆ ਹੈ। ਇਸ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਫਿਲਹਾਲ ਮੌਸਮ ਉੱਤੇ ਕੋਈ ਖ਼ਾਸ ਅਸਰ ਨਹੀਂ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਅਗਲੇ ਕੁਝ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 1°C ਤੋਂ 2°C ਤੱਕ ਦਾ ਲਗਾਤਾਰ ਵਾਧਾ ਹੋ ਸਕਦਾ ਹੈ।
ਇਸ ਤੋਂ ਬਾਅਦ ਅਗਲੇ 3 ਦਿਨਾਂ ਵਿੱਚ ਤਾਪਮਾਨ ਵਿੱਚ 2-3°C ਦੀ ਗਿਰਾਵਟ ਆ ਸਕਦੀ ਹੈ। ਮੌਸਮ ਦੇ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਨੂੰ ਲੈ ਕੇ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਸਾਰੇ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ 30°C ਤੋਂ 33°C ਦੇ ਵਿਚਕਾਰ ਦਰਜ ਕੀਤਾ ਗਿਆ ਹੈ, ਜਦਕਿ ਘੱਟੋ-ਘੱਟ ਤਾਪਮਾਨ 15.7°C ਤੋਂ ਲੈ ਕੇ 18.7°C ਦੇ ਦਰਮਿਆਨ ਰਿਹਾ ਹੈ।
ਅਗਲੇ ਚਾਰ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਸੂਬੇ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ (ਸੁੱਕਾ) ਰਹਿਣ ਦੀ ਸੰਭਾਵਨਾ ਹੈ। ਅਗਲੇ 4 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 1-2°C ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ 2–3°C ਦੀ ਗਿਰਾਵਟ ਆਉਣ ਦੀ ਉਮੀਦ ਹੈ। ਅਗਲੇ 4 ਦਿਨਾਂ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 5-7°C ਜ਼ਿਆਦਾ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।