ਪੰਜਾਬ ‘ਚ ਅੱਜ ਤੇਜ਼ ਹਨੇਰੀ ਤੇ ਮੀਂਹ ਦੀ ਚਿਤਾਵਨੀ, ਤਾਪਮਾਨ 40 ਡਿਗਰੀ ਤੋਂ ਹੇਠਾਂ, ਗਰਮੀ ਤੋਂ ਮਿਲੇਗੀ ਰਾਹਤ…

By:  Lajwinder Kaur June 3rd 2026 09:40 AM -- Updated: June 3rd 2026 09:52 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਬਦਲਣ ਵਾਲਾ ਹੈ। ਅੱਜ, 3 ਜੂਨ ਤੋਂ ਇੱਕ ਨਵਾਂ ਵੈਸਟਰਨ ਡਿਸਟਰਬਨ (Western Disturbance) ਸਰਗਰਮ ਹੋ ਰਿਹਾ ਹੈ। ਇਸ ਦੇ ਪ੍ਰਭਾਵ ਕਾਰਨ ਅਗਲੇ ਦੋ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਨੇਰੀ ਚੱਲਣ, ਅਸਮਾਨੀ ਬਿਜਲੀ ਚਮਕਣ ਅਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਸਬੰਧੀ 'ਔਰੇਂਜ ਅਲਰਟ' ਜਾਰੀ ਕੀਤਾ ਹੈ।

ਤੇਜ਼ ਹਵਾਵਾਂ ਦੀ ਵਾਰਨਿੰਗ

ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ, ਬੀਤੇ ਦਿਨ ਦੇ ਮੁਕਾਬਲੇ ਤਾਪਮਾਨ ਵਿੱਚ 1.2 ਡਿਗਰੀ ਦਾ ਵਾਧਾ ਹੋਇਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 2.3 ਡਿਗਰੀ ਘੱਟ ਹੈ। ਸਭ ਤੋਂ ਵੱਧ ਗਰਮੀ ਬਠਿੰਡਾ ਵਿੱਚ ਰਹੀ, ਜਿੱਥੇ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾਕੀ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 35.3 ਤੋਂ 40 ਡਿਗਰੀ ਦੇ ਵਿਚਕਾਰ ਰਿਹਾ। ਇਸ ਸਥਿਤੀ ਨੂੰ ਦੇਖਦੇ ਹੋਏ ਫਿਲਹਾਲ ਹੀਟ ਵੇਵ (ਲੂ) ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ।

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਦੇ ਅਨੁਸਾਰ, ਰੂਪਨਗਰ ਵਿੱਚ ਸਭ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਫਰੀਦਕੋਟ ਅਤੇ ਪਠਾਨਕੋਟ ਵਿੱਚ ਤਾਪਮਾਨ 38.5 ਡਿਗਰੀ, ਅੰਮ੍ਰਿਤਸਰ ਵਿੱਚ 38.4 ਡਿਗਰੀ, ਫਿਰੋਜ਼ਪੁਰ ਵਿੱਚ 38.2 ਡਿਗਰੀ ਅਤੇ ਬਠਿੰਡਾ ਵਿੱਚ 38.0 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ, ਪਟਿਆਲਾ ਦਾ ਤਾਪਮਾਨ 37.8 ਡਿਗਰੀ, ਚੰਡੀਗੜ੍ਹ ਦਾ 37.7 ਡਿਗਰੀ, ਮੋਹਾਲੀ ਦਾ 36.6 ਡਿਗਰੀ, ਗੁਰਦਾਸਪੁਰ ਦਾ 36.5 ਡਿਗਰੀ, ਲੁਧਿਆਣਾ ਦਾ 36.8 ਡਿਗਰੀ ਅਤੇ ਹੁਸ਼ਿਆਰਪੁਰ ਦਾ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਆਹ ਵਾਲੇ ਜ਼ਿਲ੍ਹਿਆਂ ‘ਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਦਾ ਅਲਰਟ

ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਲੁਧਿਆਣਾ ਅਤੇ ਸੰਗਰੂਰ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਮਾਨਸੂਨ ਹੌਲੀ-ਹੌਲੀ ਵੱਧ ਰਿਹਾ ਅੱਗੇ

ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮਾਨਸੂਨ ਹੌਲੀ-ਹੌਲੀ ਅੱਗੇ ਵਧ ਰਿਹਾ ਹੈ ਅਤੇ 4 ਜੂਨ ਦੇ ਆਸ-ਪਾਸ ਇਸ ਦੇ ਕੇਰਲ, ਤਾਮਿਲਨਾਡੂ, ਲਕਸ਼ਦੀਪ ਅਤੇ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਵਿੱਚ ਪਹੁੰਚਣ ਲਈ ਅਨੁਕੂਲ ਹਾਲਾਤ ਬਣੇ ਹੋਏ ਹਨ। ਇਸ ਦੇ ਨਾਲ ਹੀ, ਪਾਕਿਸਤਾਨ ਅਤੇ ਉੱਤਰ-ਪੱਛਮੀ ਰਾਜਸਥਾਨ ਦੇ ਆਸ-ਪਾਸ ਇੱਕ ਸਾਈਕਲੋਨਿਕ ਸਰਕੂਲੇਸ਼ਨ (ਹਵਾ ਦਾ ਘੁੰਮਣ) ਬਣਿਆ ਹੋਇਆ ਹੈ। ਇਸ ਤੋਂ ਇਲਾਵਾ 3 ਜੂਨ ਤੋਂ ਉੱਤਰ-ਪੱਛਮੀ ਭਾਰਤ ਨੂੰ ਇੱਕ ਨਵਾਂ ਵੈਸਟਰਨ ਡਿਸਟਰਬਨ (Western Disturbance) ਪ੍ਰਭਾਵਿਤ ਕਰੇਗਾ। ਇਸ ਸਿਸਟਮ ਦੇ ਅਸਰ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਮੌਸਮ ਬਦਲਣ, ਮੀਂਹ ਪੈਣ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ 3 ਅਤੇ 4 ਜੂਨ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਵਧ ਸਕਦੀਆਂ ਹਨ। 5 ਅਤੇ 6 ਜੂਨ ਨੂੰ ਸੂਬੇ ਦੇ ਕੁਝ ਸਥਾਨਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਧਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਤੱਕ ਡਿੱਗ ਸਕਦਾ ਹੈ, ਜਦਕਿ ਬਾਅਦ ਵਿੱਚ ਫਿਰ ਵਾਧਾ ਹੋਣ ਦੀ ਸੰਭਾਵਨਾ ਹੈ। 3 ਤੋਂ 6 ਜੂਨ ਦੇ ਵਿਚਕਾਰ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

Related Post

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 70 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਮਿਲਿਆ DSP ਰੈਂਕ, ਗਜ਼ਟ ਨੋਟੀਫ਼ਿਕੇਸ਼ਨ ਜਾਰੀ
ਭਾਜਪਾ ਦਾ ਵੱਡਾ ਸਿਆਸੀ ਦਾਅ: 4 ਯਾਤਰਾਵਾਂ, 4000 ਕਿਲੋਮੀਟਰ ਦੀ ਯਾਤਰਾ ਅਤੇ 117 ਸੀਟਾਂ 'ਤੇ ਫੋਕਸ, 18 ਸਤੰਬਰ ਤੋਂ 'ਆਪ' ਖਿਲਾਫ ਸਿਆਸੀ ਮੁਹਿੰਮ
AAP ਨੂੰ ਵੱਡਾ ਝਟਕਾ! 'ਆਪ' ਆਗੂਆਂ ਦੀ ਅਕਾਲੀ ਦਲ-ਵਾਰਿਸ ਪੰਜਾਬ ‘ਚ ਐਂਟਰੀ, ਸਿਆਸੀ ਗਲਿਆਰਿਆਂ ‘ਚ ਮੱਚੀ ਹਲਚਲ
ਪੰਜਾਬ ਯੂਥ ਕਾਂਗਰਸ ਵੱਲੋਂ ਇਨ੍ਹਾਂ ਨੌਜਵਾਨ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਨਰਲ ਸਕੱਤਰਾਂ ਅਤੇ ਸਕੱਤਰਾਂ ਦੀ ਕੀਤੀ ਨਿਯੁਕਤੀ, ਇੱਥੇ ਦੇਖੋ ਲਿਸਟ
ਪੰਜਾਬ ਦੇ 4 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ; ਕੱਲ੍ਹ ਤੋਂ ਬਦਲੇਗਾ ਮੌਸਮ
ਸੁਖਬੀਰ ਸਿੰਘ ਬਾਦਲ SIT ਅੱਗੇ ਨਹੀਂ ਹੋਏ ਪੇਸ਼: ਮੈਡੀਕਲ ਅਤੇ ਪਰਿਵਾਰਕ ਰੁਝੇਵਿਆਂ ਦਾ ਦਿੱਤਾ ਹਵਾਲਾ

© Copyright Galactic Television & Communications Pvt. Ltd. 2026. All rights reserved.