ਪੰਜਾਬ 'ਚ ਮੌਸਮ ਦਾ ਮਿਜ਼ਾਜ ਬਦਲਿਆ: ਕਿਤੇ ਮੀਂਹ-ਹਨ੍ਹੇਰੀ ਤੇ ਕਿਤੇ ਹੀਟਵੇਵ ਦਾ ਅਲਰਟ

By:  Lajwinder Kaur May 23rd 2026 09:24 AM -- Updated: May 23rd 2026 09:35 AM

ਪੰਜਾਬ ਦੇ 6 ਜ਼ਿਲ੍ਹਿਆਂ—ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਤੇਜ਼ ਹਵਾਵਾਂ, ਹਨ੍ਹੇਰੀ ਅਤੇ ਗਰਜ-ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਚੰਡੀਗੜ੍ਹ ਸਮੇਤ ਸੂਬੇ ਦੇ 17 ਜ਼ਿਲ੍ਹਿਆਂ—ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਵੱਖ-ਵੱਖ ਥਾਵਾਂ 'ਤੇ ਲੂ (ਹੀਟਵੇਵ) ਚੱਲਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇਹ ਲੂ 28 ਮਈ ਤੱਕ ਜਾਰੀ ਰਹਿ ਸਕਦੀ ਹੈ।

ਸ਼ੁੱਕਰਵਾਰ ਨੂੰ ਮੌਸਮ ਵਿੱਚ ਆਏ ਬਦਲਾਅ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਹਿਮਾਚਲ ਪ੍ਰਦੇਸ਼ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੋਈ ਬਾਰਿਸ਼ ਕਾਰਨ ਸੂਬੇ ਦੇ ਤਾਪਮਾਨ ਵਿੱਚ 3.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਹੁਣ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 44 ਡਿਗਰੀ ਬਠਿੰਡਾ ਵਿਖੇ ਦਰਜ ਕੀਤਾ ਗਿਆ।

ਦੂਜੇ ਪਾਸੇ, ਪੰਜਾਬ ਸਰਕਾਰ ਨੇ ਪੈ ਰਹੀ ਭਿਆਨਕ ਗਰਮੀ ਦੇ ਮੱਦੇਨਜ਼ਰ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਅੱਜ ਤੋਂ ਲੈ ਕੇ 30 ਜੂਨ ਤੱਕ ਸਕੂਲ ਪੂਰੀ ਤਰ੍ਹਾਂ ਬੰਦ ਰਹਿਣਗੇ।

ਮੌਸਮ ਦੀ ਪੂਰੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ, ਪਰ ਉਸ ਤੋਂ ਪਹਿਲਾਂ ਗਰਮੀ ਕਾਰਨ ਗੈਜੇਟਸ (ਮੋਬਾਈਲ-ਲੈਪਟਾਪ) ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣ ਲਓ। ਸੂਬੇ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45°C ਤੋਂ ਪਾਰ ਪਹੁੰਚ ਗਿਆ ਹੈ। ਅਜਿਹੇ ਮੌਸਮ ਵਿੱਚ ਮੋਬਾਈਲ, ਲੈਪਟਾਪ ਜਾਂ ਪਾਵਰ ਬੈਂਕ ਬਹੁਤ ਜਲਦੀ ਗਰਮ ਹੋ ਜਾਂਦੇ ਹਨ। ਇਸ ਕਾਰਨ ਬੈਟਰੀ ਖ਼ਰਾਬ ਹੋਣ, ਡਿਵਾਈਸ ਦੀ ਪਰਫਾਰਮੈਂਸ ਘਟਣ ਜਾਂ ਅਚਾਨਕ ਫ਼ੋਨ-ਲੈਪਟਾਪ ਬੰਦ ਹੋਣ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ।

ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਪਾਰ

ਪੰਜਾਬ ਵਿੱਚ ਸ਼ੁੱਕਰਵਾਰ ਸ਼ਾਮ ਚਾਰ ਵਜੇ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ। ਇਸ ਸੀਜ਼ਨ ਵਿੱਚ ਦੂਜੀ ਵਾਰ ਅਜਿਹੇ ਹਾਲਾਤ ਬਣੇ ਹਨ। ਪੰਜਾਬ ਵਿੱਚ ਬਿਜਲੀ ਦਾ ਆਪਣਾ ਉਤਪਾਦਨ 6 ਹਜ਼ਾਰ ਮੈਗਾਵਾਟ ਦੇ ਆਲੇ-ਦੁਆਲੇ ਰਿਹਾ, ਜਦੋਂ ਕਿ ਕੇਂਦਰੀ ਪੂਲ ਤੋਂ 7 ਹਜ਼ਾਰ ਮੈਗਾਵਾਟ ਦੇ ਕਰੀਬ ਬਿਜਲੀ ਖਰੀਦਣੀ ਪਈ। ਇਸ ਤੋਂ ਪਹਿਲਾਂ 18 ਮਈ ਨੂੰ ਬਿਜਲੀ ਦੀ ਮੰਗ 13 ਹਜ਼ਾਰ 555 ਮੈਗਾਵਾਟ ਤੱਕ ਪਹੁੰਚ ਗਈ ਸੀ।

ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦਾ ਸਮਾਂ ਬਦਲਿਆ

ਪੰਜਾਬ ਸਰਕਾਰ ਨੇ ਗਰਮੀ ਦੇ ਮੱਦੇਨਜ਼ਰ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਹੈ। ਹੁਣ ਦਫ਼ਤਰ ਅਤੇ ਸਕੂਲ ਸਵੇਰੇ ਸਾਢੇ ਸੱਤ ਵਜੇ ਖੁੱਲ੍ਹਣਗੇ ਅਤੇ ਦੁਪਹਿਰ 1:30 ਵਜੇ ਬੰਦ ਹੋਣਗੇ। ਸਕੂਲਾਂ ਲਈ ਇਹ ਹੁਕਮ ਸਾਰੀਆਂ ਜਮਾਤਾਂ 'ਤੇ ਲਾਗੂ ਹੋਣਗੇ। ਇਹ ਨਵੇਂ ਨਿਯਮ ਸੋਮਵਾਰ ਯਾਨੀ 25 ਮਈ ਤੋਂ ਲਾਗੂ ਹੋਣ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਤ ਦੀ ਪੈ ਰਹੀ ਭਿਆਨਕ ਗਰਮੀ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।

ਚੰਡੀਗੜ੍ਹ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ

ਚੰਡੀਗੜ੍ਹ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ 23 ਮਈ ਤੋਂ 30 ਜੂਨ 2026 ਤੱਕ ਰਹਿਣਗੀਆਂ (ਕੁੱਲ 39 ਦਿਨ)। ਹਾਲਾਂਕਿ, 29 ਅਤੇ 30 ਜੂਨ ਨੂੰ ਅਧਿਆਪਕਾਂ ਨੂੰ ਸਕੂਲ ਆਉਣਾ ਪਵੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਲੂ (ਹੀਟ ਵੇਵ) ਤੋਂ ਪੀੜਤ ਮਰੀਜ਼ਾਂ ਲਈ ਖ਼ਾਸ ਸੈਂਟਰ ਬਣਾਏ ਗਏ ਹਨ। ਇਸ ਤੋਂ ਇਲਾਵਾ ਮੌਸਮ ਬਾਰੇ ਐਡਵਾਈਜ਼ਰੀ (ਚੇਤਾਵਨੀ) ਵੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 25 ਮਈ ਤੋਂ ਨੌਤਪਾ ਸ਼ੁਰੂ ਹੋਣ ਜਾ ਰਿਹਾ ਹੈ। ਨੌ ਦਿਨ ਸੂਰਜ ਪੂਰਾ ਭਖੇਗਾ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

Related Post

ਚੰਨੀ ਦੇ ਹੱਕ 'ਚ ਨਿੱਤਰੇ ਰੰਧਾਵਾ, ਤਸਵੀਰਾਂ ਸ਼ੇਅਰ ਕਰ ਦਿੱਤਾ 'ਏਕਤਾ' ਦਾ ਸੁਨੇਹਾ, ਸਿਆਸੀ ਹਲਚਲ ਤੇਜ਼...
ਪੰਜਾਬ 'ਚ ਕਾਂਗਰਸ ਦੀਆਂ ਚੋਣਾਂ ਦੀਆਂ ਤਿਆਰੀਆਂ ਤੇਜ਼! ਭੁਪੇਸ਼ ਬਘੇਲ 2027 ਦੇ ਰੋਡਮੈਪ 'ਤੇ ਵਿਚਾਰ ਕਰਨ ਲਈ ਅੱਜ ਪੰਜਾਬ ਦੌਰੇ 'ਤੇ, ਕੀ ਪਾਰਟੀ ਦੇ ਅੰਦਰ ਦਾ ਕਾਟੋ-ਕਲੇਸ਼ ਰੁਕੇਗਾ!
Punjab Weather: ਅਗਲੇ 4 ਦਿਨਾਂ ਤੱਕ ਭਾਰੀ ਮੀਂਹ! ਅੱਜ 15 ਜ਼ਿਲ੍ਹਿਆਂ ‘ਚ ਤੇਜ਼ ਬਾਰਿਸ਼ ਸਣੇ ਤੂਫਾਨ ਦੀ ਵਾਰਨਿੰਗ
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ CM ਚਿਹਰੇ ਨੂੰ ਲੈ ਕੇ ਸਿਆਸੀ ਖਿੱਚੋਤਾਣ! ਚੰਨੀ ਦੇ ਘਰ ਹੋਈ ਮੀਟਿੰਗ ਨੂੰ ਲੈ ਕੇ ਰਾਜਾ ਵੜਿੰਗ ਦੇ ਪਹਿਲੇ ਬਿਆਨ ਨੇ….
ਕਾਂਗਰਸ ਪਾਰਟੀ 'ਚ ਅੰਦਰੂਨੀ ਕਲੇਸ਼ ਜੱਗ-ਜ਼ਾਹਿਰ: ਪੋਸਟਰਾਂ 'ਚੋਂ ਰਾਜਾ ਵੜਿੰਗ ਦੀ ਤਸਵੀਰ ਗਾਇਬ! ਸਿਆਸੀ ਹਲਚਲ ਤੇਜ਼….
Gangster Goldy Dhillon Arrested: ਵੱਡੀ ਸਫ਼ਲਤਾ: ਚੰਡੀਗੜ੍ਹ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਢਿੱਲੋਂ ਸਪੇਨ 'ਚ ਕਾਬੂ

© Copyright Galactic Television & Communications Pvt. Ltd. 2026. All rights reserved.