Punjab Weather: ਪੰਜਾਬ-ਚੰਡੀਗੜ੍ਹ 'ਚ ਵਧੀ ਠੰਢ, ਅੱਜ ਮੌਸਮ ਸਾਫ਼, ਪਰ ਭਲਕੇ ਪੈ ਸਕਦਾ ਮੀਂਹ

By:  Lajwinder Kaur March 21st 2026 10:06 AM -- Updated: March 21st 2026 10:13 AM

Punjab Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਪਏ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਕਾਰਨ ਠੰਢ ਇੱਕ ਵਾਰ ਫਿਰ ਵੱਧ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਹੁਣ ਆਮ ਨਾਲੋਂ 6.6 ਡਿਗਰੀ ਹੇਠਾਂ ਆ ਗਿਆ ਹੈ। ਲੋਕ ਮੋਟੇ ਕੱਪੜੇ ਸਣੇ ਕੰਬਲਾਂ ਦੀ ਵਰਤੋਂ ਕਰਕੇ ਠੰਡ ਤੋਂ ਆਪਣਾ ਬਚਾਅ ਕਰ ਰਹੇ ਹਨ।

ਹਾਲਾਂਕਿ ਅੱਜ ਯਾਨੀ 21 ਮਾਰਚ ਨੂੰ ਮੌਸਮ ਖੁਸ਼ਕ ਰਹੇਗਾ, ਪਰ ਭਲਕੇ ਤੋਂ 26 ਮਾਰਚ ਤੱਕ ਫਿਰ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅੰਕੜਿਆਂ ਮੁਤਾਬਕ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ ਤਾਪਮਾਨ 24 ਡਿਗਰੀ ਰਿਹਾ, ਜਦਕਿ ਗੁਰਦਾਸਪੁਰ ਵਿੱਚ ਸਭ ਤੋਂ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ।

ਮੋਹਾਲੀ ਵਿੱਚ ਤਾਪਮਾਨ ਡਿੱਗਿਆ, ਅੰਮ੍ਰਿਤਸਰ ਵਿੱਚ ਹੋਇਆ ਵਾਧਾ

ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਮੋਹਾਲੀ ਸਭ ਤੋਂ ਅੱਗੇ ਰਿਹਾ। ਮੋਹਾਲੀ ਵਿੱਚ ਤਾਪਮਾਨ 3.4 ਡਿਗਰੀ ਦੀ ਵੱਡੀ ਗਿਰਾਵਟ ਨਾਲ 19.0 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਭਾਖੜਾ ਡੈਮ (ਰੂਪਨਗਰ) ਵਿੱਚ 3.2 ਡਿਗਰੀ, ਪਠਾਨਕੋਟ ਵਿੱਚ 2.8 ਡਿਗਰੀ, ਚੰਡੀਗੜ੍ਹ ਵਿੱਚ 2.0 ਡਿਗਰੀ ਅਤੇ ਲੁਧਿਆਣਾ ਵਿੱਚ 1.8 ਡਿਗਰੀ ਦੀ ਗਿਰਾਵਟ ਆਈ ਹੈ। ਪਟਿਆਲਾ, ਹੁਸ਼ਿਆਰਪੁਰ ਅਤੇ ਬਲੋਵਾਲ ਸੌਂਖੜੀ ਵਿੱਚ ਵੀ ਤਾਪਮਾਨ 1.1 ਤੋਂ 1.3 ਡਿਗਰੀ ਤੱਕ ਹੇਠਾਂ ਡਿੱਗਿਆ। ਦੂਜੇ ਪਾਸੇ, ਅੰਮ੍ਰਿਤਸਰ ਅਤੇ ਅਬੋਹਰ ਵਿੱਚ ਉਲਟ ਰੁਝਾਨ ਦੇਖਣ ਨੂੰ ਮਿਲਿਆ, ਜਿੱਥੇ ਤਾਪਮਾਨ ਵਿੱਚ ਕ੍ਰਮਵਾਰ 1.6 ਡਿਗਰੀ ਅਤੇ 2.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਪੰਜਾਬ ਤੇ ਚੰਡੀਗੜ੍ਹ ਵਿੱਚ ਬਾਰਿਸ਼ ਦਾ ਕਹਿਰ

ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਬਦਲ ਗਿਆ ਹੈ। ਕੱਲ੍ਹ ਸਵੇਰ ਤੋਂ ਸ਼ਾਮ ਤੱਕ ਭਾਖੜਾ ਡੈਮ ਇਲਾਕੇ ਵਿੱਚ ਸਭ ਤੋਂ ਵੱਧ 33.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਰੂਪਨਗਰ ਵਿੱਚ 14.8 ਮਿਮੀ, ਨਵਾਂਸ਼ਹਿਰ ਵਿੱਚ 13.4 ਮਿਮੀ ਅਤੇ ਕਪੂਰਥਲਾ ਵਿੱਚ 12.1 ਮਿਮੀ ਮੀਂਹ ਪਿਆ। ਚੰਡੀਗੜ੍ਹ ਵਿੱਚ ਵੀ 9.4 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਹੈ। ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਦੇ ਕੁਝ ਇਲਾਕਿਆਂ ਵਿੱਚ ਲਗਭਗ 2 ਸੈਂਟੀਮੀਟਰ ਤੱਕ ਮੀਂਹ ਪਿਆ। ਅੱਜ ਦੀ ਭਵਿੱਖਬਾਣੀ ਅਨੁਸਾਰ ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।

ਆਉਣ ਵਾਲੇ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 21 ਅਤੇ 24 ਮਾਰਚ ਨੂੰ ਸੂਬੇ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, 22, 23, 25 ਅਤੇ 26 ਮਾਰਚ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਤਾਪਮਾਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ, ਪਰ ਇਸ ਤੋਂ ਬਾਅਦ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋ ਸਕਦਾ ਹੈ।


© Copyright Galactic Television & Communications Pvt. Ltd. 2026. All rights reserved.