ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼; ਕਈ ਥਾਵਾਂ 'ਤੇ ਟੁੱਟੇ ਬਿਜਲੀ ਦੇ ਖੰਭੇ ਤੇ ਉੱਡੇ ਟੀਨ ਦੇ ਸ਼ੈੱਡ, ਅਗਲੇ 72 ਘੰਟਿਆਂ ਲਈ ਹਨੇਰੀ-ਮੀਂਹ ਦਾ ਅਲਰਟ

By:  Lajwinder Kaur June 5th 2026 09:40 AM -- Updated: June 5th 2026 09:56 AM

ਲੰਘੇ ਦਿਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕਦਮ ਮੌਸਮ ਨੇ ਕਰਵਟ ਲੈ ਲਈ। ਸ਼ਾਮ ਨੂੰ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਭਾਰੀ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 2.7 ਡਿਗਰੀ ਘੱਟ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 42.6 ਡਿਗਰੀ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਵਿੱਚ 5.6 ਮਿਲੀਮੀਟਰ ਮੀਂਹ ਪਿਆ ਹੈ।

18 ਜ਼ਿਲ੍ਹਿਆਂ ਦਾ ਮੌਸਮ ਰਹੇਗਾ ਖਰਾਬ

ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ), ਗਰਜ-ਚਮਕ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਵੀ ਆਸਾਰ ਹਨ।

ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਕੱਲ੍ਹ ਕਈ ਥਾਵਾਂ ਉੱਤੇ ਹਨੇਰੀ ਦਾ ਕਹਿਰ

ਵੀਰਵਾਰ ਸ਼ਾਮ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਾਫ਼ੀ ਨੁਕਸਾਨ ਹੋਇਆ। ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚ ਇੱਕ ਡੇਅਰੀ ਫਾਰਮ ਦਾ ਟੀਨ ਦਾ ਸ਼ੈੱਡ ਡਿੱਗਣ ਨਾਲ ਦੋ ਮੱਝਾਂ ਦੀ ਮੌਤ ਹੋ ਗਈ ਅਤੇ ਕਰੀਬ 15 ਮੱਝਾਂ ਜ਼ਖ਼ਮੀ ਹੋ ਗਈਆਂ, ਇਸ ਦੇ ਨਾਲ ਹੀ ਇੱਕ ਮਜ਼ਦੂਰ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਉੱਧਰ ਪਟਿਆਲਾ ਵਿੱਚ ਖਾਲਸਾ ਕਾਲਜ ਨੇੜੇ ਬਿਜਲੀ ਦੀਆਂ ਤਾਰਾਂ 'ਤੇ ਦਰੱਖਤ ਡਿੱਗਣ ਕਾਰਨ ਅੱਠ ਬਿਜਲੀ ਦੇ ਖੰਭੇ ਅਤੇ ਇੱਕ ਟਰਾਂਸਫਾਰਮਰ ਨੁਕਸਾਨਿਆ ਗਿਆ, ਜਿਸ ਨਾਲ ਬਿਜਲੀ ਸਪਲਾਈ ਅਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਅੰਮ੍ਰਿਤਸਰ ਵਿੱਚ 0.6 ਮਿਲੀਮੀਟਰ ਅਤੇ ਰੂਪਨਗਰ ਵਿੱਚ 1.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਪਾਕਿਸਤਾਨ ਵੱਲੋਂ ਆਏ ਇੱਕ ਪੱਛਮੀ ਗੜਬੜ (Western Disturbance) ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਬਦਲਾਅ ਆਇਆ ਹੈ। ਇਸੇ ਕਰਕੇ ਕਈ ਇਲਾਕਿਆਂ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮਾਨਸੂਨ ਅਜੇ ਪੰਜਾਬ ਨਹੀਂ ਪਹੁੰਚਿਆ ਹੈ ਅਤੇ ਇਹ ਮੀਂਹ ਸਿਰਫ਼ ਪੱਛਮੀ ਗੜਬੜ ਕਾਰਨ ਹੀ ਹੋ ਰਿਹਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਸਿੰਘ ਅਨੁਸਾਰ 6, 7 ਅਤੇ 10 ਜੂਨ ਨੂੰ ਵੀ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਅਗਲੇ ਤਿੰਨ ਦਿਨਾਂ ਤੱਕ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ, ਪਰ ਉਸ ਤੋਂ ਬਾਅਦ ਗਰਮੀ ਵਧ ਸਕਦੀ ਹੈ।

Related Post

CM ਮਾਨ ਨੇ ਸੱਦ ਲਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਅਹਿਮ ਫ਼ੈਸਲਿਆਂ 'ਤੇ ਲੱਗ ਸਕਦੀ ਮੋਹਰ…
ਰਾਘਵ ਚੱਢਾ ਦੀ ਵੋਟ ਸ਼ਿਫਟ ਨੂੰ ਲੈ ਕੇ ਮੱਚਿਆ ਸਿਆਸੀ ਘਮਸਾਣ: MP ਨੇ ਦੱਸਿਆ ਰਾਜਨੀਤਿਕ ਬਦਲਾਖੋਰੀ, ‘ਆਪ’ ਦਾ ਕਰਾਰਾ ਪਲਟਵਾਰ, ਆਖਿਆ- ਆਪਣੀ ਨਾਕਾਮੀ ਦਾ ਠੀਕਰਾ ਦੂਜਿਆਂ..
ਪੰਜਾਬ ‘ਚ 3 ਦਿਨ ਭਾਰੀ ਮੀਂਹ ਦਾ ਅਲਰਟ, ਰਾਤੀਂ ਪਏ ਮੀਂਹ ਤੋਂ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਮਿਲੀ ਕੁੱਝ ਰਾਹਤ...
AAP ਨੇ ਚੋਣਾਂ ਲਈ ਖਿੱਚ ਲਈ ਤਿਆਰੀ! ਹਾਈਕਮਾਂਡ ਨੇ ਇਸ ਆਗੂ ਨੂੰ ਹਲਕਾ ਇੰਚਾਰਜ ਬਣਾ ਸੌਂਪੀ ਵੱਡੀ ਜ਼ਿੰਮੇਵਾਰੀ
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨੋਟੀਫਿਕੇਸ਼ਨ ਜਾਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਹਿਮ ਫ਼ੈਸਲਾ: ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਦਾ ਆਪ੍ਰੇਸ਼ਨ ਸਿਰਫ਼ PGI ਚੰਡੀਗੜ੍ਹ ਵਿਖੇ ਹੀ ਹੋਵੇਗਾ

© Copyright Galactic Television & Communications Pvt. Ltd. 2026. All rights reserved.