ਪੰਜਾਬ ‘ਚ ਕਿਤੇ ਤਿੱਖੀ ਧੁੱਪ ਤੇ ਕਿਤੇ ਮੀਂਹ-ਤੂਫਾਨ ਦੀ ਚੇਤਾਵਨੀ; 50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਜਾਣੋ ਅਗਲੇ 3 ਦਿਨਾਂ ਦਾ ਹਾਲ

By:  Lajwinder Kaur June 2nd 2026 09:42 AM -- Updated: June 2nd 2026 09:54 AM

ਲੰਘੇ ਸ਼ਨੀਵਾਰ ਨੂੰ ਪਏ ਮੀਂਹ ਕਰਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅੱਜ (2 ਜੂਨ) ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਅਤੇ ਚੰਡੀਗੜ੍ਹ ਵਿੱਚ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ। ਲੂ ਤੋਂ ਵੀ ਰਾਹਤ ਰਹੇਗੀ। ਚੰਡੀਗੜ੍ਹ ਵਿੱਚ ਕਿਤੇ-ਕਿਤੇ ਗਰਜ-ਚਮਕ ਨਾਲ ਮੀਂਹ ਪੈ ਸਕਦਾ ਹੈ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਵੀ ਮੀਂਹ ਦੀ ਸੰਭਾਵਨਾ ਹੈ। ਭਾਵੇਂ ਤਾਪਮਾਨ ਵਿੱਚ 2.9 ਡਿਗਰੀ ਦਾ ਵਾਧਾ ਹੋਇਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 4.2 ਡਿਗਰੀ ਘੱਟ ਹੈ। ਬਠਿੰਡਾ 40.2 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ ਹੈ। ਕਈ ਜ਼ਿਲ੍ਹਿਆਂ ਦੇ ਵਿੱਚ ਤਿੱਖੀ ਗਰਮੀ ਆਪਣਾ ਪ੍ਰਕੋਪ ਵੀ ਦਿਖਾਉਣ ਲੱਗ ਪਈ ਹੈ।

 9 ਜ਼ਿਲ੍ਹਿਆਂ 'ਚ ਮੀਂਹ ਦੀ ਭਵਿੱਖਬਾਣੀ

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ ਅੱਜ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ। ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 32.5 ਡਿਗਰੀ ਤੋਂ 40 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ, ਜਿਸ ਕਾਰਨ ਲੂ (ਹੀਟ ਵੇਵ) ਤੋਂ ਰਾਹਤ ਬਣੀ ਹੋਈ ਹੈ। ਇਸ ਦੇ ਨਾਲ ਹੀ, ਐਸ.ਬੀ.ਐਸ ਨਗਰ (ਨਵਾਂਸ਼ਹਿਰ) ਵਿੱਚ ਤਾਪਮਾਨ 32.4 ਡਿਗਰੀ ਦਰਜ ਕੀਤਾ ਗਿਆ ਹੈ।

ਮੌਨਸੂਨ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਅਗਲੇ 2-3 ਦਿਨਾਂ ਵਿੱਚ ਇਹ ਦੱਖਣੀ ਭਾਰਤ ਦੇ ਹੋਰ ਇਲਾਕਿਆਂ ਤੱਕ ਪਹੁੰਚ ਸਕਦਾ ਹੈ। 3 ਜੂਨ ਤੋਂ ਉੱਤਰੀ ਭਾਰਤ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ, ਕਿਉਂਕਿ ਇੱਕ ਨਵਾਂ ਪੱਛਮੀ ਵਿਗਾੜ (Western Disturbance) ਸਰਗਰਮ ਹੋ ਰਿਹਾ ਹੈ। ਇਸ ਦੇ ਪ੍ਰਭਾਵ ਹੇਠ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਮੀਂਹ ਪੈਣ, ਗਰਜ-ਚਮਕ ਹੋਣ ਅਤੇ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਅੱਜ 2 ਜੂਨ ਨੂੰ ਕੁਝ ਥਾਵਾਂ 'ਤੇ ਅਤੇ 3 ਤੇ 4 ਜੂਨ ਨੂੰ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 5 ਅਤੇ 7 ਜੂਨ ਨੂੰ ਵੀ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਅਗਲੇ ਤਿੰਨ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ, ਜਿਸ ਤੋਂ ਬਾਅਦ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਦੇ ਆਸਾਰ ਹਨ। 5 ਜੂਨ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਉੱਥੇ ਹੀ 3 ਅਤੇ 4 ਜੂਨ ਨੂੰ ਕੁਝ ਇਲਾਕਿਆਂ ਵਿੱਚ ਹਵਾਵਾਂ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ।

ਅਗਲੇ 3 ਦਿਨਾਂ ਲਈ ਮੌਸਮ ਦਾ ਹਾਲ ਇਸ ਪ੍ਰਕਾਰ ਹੈ:

3 ਜੂਨ: ਪੂਰੇ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਕਪੂਰਥਲਾ, ਜਲੰਧਰ, ਫਰੀਦਕੋਟ, ਲੁਧਿਆਣਾ ਅਤੇ ਸੰਗਰੂਰ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

4 ਜੂਨ: ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦਿਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

5 ਜੂਨ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਰੂਪਨਗਰ (ਰੋਪੜ) ਅਤੇ ਮੋਹਾਲੀ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ, ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਰੂਪਨਗਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Related Post

ਡੇਰਾਬੱਸੀ: ਥਾਣੇ ਦੇ ਨੇੜੇ ਡਾਕਟਰ ’ਤੇ ਹਮਲਾ, ਇਨਸਾਫ਼ ਦੀ ਮੰਗ ਲਈ ਸਿਵਲ ਹਸਪਤਾਲ ਦੀ OPD ਬੰਦ
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ: ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਨੂੰ ਅਹੁਦੇ ਤੋਂ ਹਟਾਇਆ, ਸਿਆਸੀ ਹਲਚਲ ਤੇਜ਼...
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ; ਟ੍ਰਿਬਿਊਨ ਚੌਂਕ ਫਲਾਈਓਵਰ 'ਤੇ ਰੋਕ, ਅਦਾਲਤ ਨੇ ਦਿੱਤਾ ਅੰਡਰਪਾਸ ਦਾ ਵਿਕਲਪ
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼: ਕਈ ਜ਼ਿਲ੍ਹਿਆਂ ‘ਚ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ, ਜਾਣੋ ਮਾਨਸੂਨ ਕਦੋਂ ਦੇਏਗੀ ਦਸਤਕ
20 ਲੱਖ ਦੀ ਰਿਸ਼ਵਤਖੋਰੀ ਮਾਮਲੇ ‘ਚ ਵੱਡਾ ਮੋੜ: ਹਾਈਕੋਰਟ ਤੋਂ ਭਗੌੜੇ ਡੀ.ਜੀ.ਪੀ. ਰੀਡਰ ਓ.ਪੀ. ਰਾਣਾ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖਾਰਜ
ਭਿਆਨਕ ਗਰਮੀ ਤੋਂ ਰਾਹਤ ! ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ ਰੈੱਡ ਅਲਰਟ; 90km ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

© Copyright Galactic Television & Communications Pvt. Ltd. 2026. All rights reserved.