ਪੰਜਾਬ ਦੇ 5 ਜ਼ਿਲ੍ਹਿਆਂ ‘ਚ ਅੱਜ ਮੀਂਹ ਦੇ ਆਸਾਰ, ਚੰਡੀਗੜ੍ਹ ਹੋਏਗੀ ਕਿਣ-ਮਿਣ, ਕਈ ਜ਼ਿਲ੍ਹਿਆਂ ‘ਚ ਗਰਮੀ ਅਤੇ ਹੁੰਮਸ ਨੇ ਵਧਾਈ ਪ੍ਰੇਸ਼ਾਨੀ

ਅੱਜ ਸਵੇਰੇ ਚੰਡੀਗੜ੍ਹ ਦੇ ਨੇੜੇ-ਤੇੜੇ ਵਾਲੇ ਪਿੰਡਾਂ ਦੇ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ। ਮੌਸਮ ਵਿਭਾਗ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ ਜਿੱਥੇ-ਜਿੱਥੇ ਧੁੱਪ ਨਿਕਲੀ ਹੋਈ ਹੈ ਉੱਥੇ ਹੁੰਮਸ ਨੇ ਲੋਕਾਂ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਹੈ।

By:  Lajwinder Kaur August 27th 2026 09:46 AM -- Updated: August 27th 2026 09:52 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਪੰਜ ਜ਼ਿਲ੍ਹਿਆਂ-ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਅੱਜ (27 ਅਗਸਤ) ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ, ਚੰਡੀਗੜ੍ਹ ਵਿੱਚ ਵੀ ਬੱਦਲ ਛਾਏ ਰਹਿਣ ਅਤੇ ਮੀਂਹ ਜਾਂ ਗਰਜ ਨਾਲ ਬੁਛਾੜਾਂ ਪੈਣ ਦੇ ਆਸਾਰ ਹਨ।

ਦੂਜੇ ਪਾਸੇ, ਮੀਂਹ ਨਾ ਪੈਣ ਕਰਕੇ ਪੰਜਾਬ ਵਿੱਚ ਗਰਮੀ ਅਤੇ ਹੁੰਮਸ ਕਾਫ਼ੀ ਵਧ ਗਈ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਭਾਵੇਂ 0.1 ਡਿਗਰੀ ਦੀ ਮਾਮੂਲੀ ਗਿਰਾਵਟ ਆਈ ਹੈ, ਪਰ ਇਹ ਫਿਰ ਵੀ ਆਮ ਨਾਲੋਂ 1.9 ਡਿਗਰੀ ਵੱਧ ਚੱਲ ਰਿਹਾ ਹੈ। ਪੂਰੇ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਰਿਹਾ।

ਬੱਦਲ ਛਾਏ ਰਹਿਣ ਦੇ ਨਾਲ ਮੀਂਹ ਦੇ ਆਸਾਰ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ, ਮਾਨਸੂਨ ਟਰਫ਼ ਪੰਜਾਬ ਦੇ ਆਲੇ-ਦੁਆਲੇ ਸਰਗਰਮ ਹੈ। ਇਸ ਤੋਂ ਇਲਾਵਾ ਉੱਤਰ ਹਰਿਆਣਾ ਉੱਤੇ ਪੱਛਮੀ ਗੜਬੜੀ (Western Disturbance) ਵੀ ਬਣੀ ਹੋਈ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਬੱਦਲ ਛਾਏ ਰਹਿਣ ਅਤੇ ਕੁਝ ਥਾਵਾਂ 'ਤੇ ਮੀਂਹ ਪੈਣ ਦੇ ਨਾਲ-ਨਾਲ ਗਰਜ ਕੇ ਬੁਛਾੜਾਂ ਪੈਣ ਦੀ ਸੰਭਾਵਨਾ ਹੈ।

ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਕਿਹੋ ਜਿਹਾ ਰਹੇਗਾ ਮੌਸਮ? ਜਾਣੋ ਪੂਰਾ ਅੱਪਡੇਟ:

ਸਾਹਮਣੇ ਆਈ ਮੌਸਮ ਦੀ ਤਾਜ਼ਾ ਰਿਪੋਰਟ ਮੁਤਾਬਕ ਆਉਣ ਵਾਲੇ ਤਿੰਨ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ:

28 ਅਗਸਤ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।

29 ਅਗਸਤ: ਮੀਂਹ ਦਾ ਘੇਰਾ ਵਧਣ ਕਰਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਕੁਝ ਸਥਾਨਾਂ 'ਤੇ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ।

30 ਅਗਸਤ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਸ਼ ਜਾਰੀ ਰਹਿ ਸਕਦੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਇਕ-ਦੁੱਕਾ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਉਮੀਦ ਹੈ।

ਮੀਂਹ ਨਾ ਪੈਣ ਕਾਰਨ ਸੂਬੇ ਵਿੱਚ ਵਧੀ ਗਰਮੀ ਅਤੇ ਹੁੰਮਸ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ 26 ਅਗਸਤ ਨੂੰ ਪੰਜਾਬ ਦੇ ਨੌਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਰਿਕਾਰਡ ਨਹੀਂ ਕੀਤਾ ਗਿਆ। ਮੀਂਹ ਨਾ ਪੈਣ ਕਰਕੇ ਸੂਬੇ ਵਿੱਚ ਲਗਾਤਾਰ ਗਰਮੀ ਅਤੇ ਹੁੰਮਸ ਬਣੀ ਹੋਈ ਹੈ। ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਤੋਂ 38 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ।

Related Post

ਸੁਖਬੀਰ ਬਾਦਲ ਨੇ ਇਸ ਆਗੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ; ਬਠਿੰਡਾ ਦਿਹਾਤੀ ਤੋਂ ਲਗਾਇਆ ਹਲਕਾ ਇੰਚਾਰਜ
ਪੰਜਾਬ-ਚੰਡੀਗੜ੍ਹ ’ਚ 3 ਦਿਨ ਮੀਂਹ-ਹਨੇਰੀ ਦਾ ਅਲਰਟ! ਭਲਕੇ ਗੜ੍ਹੇਮਾਰੀ ਦੀ ਵਾਰਨਿੰਗ, ਤਾਪਮਾਨ ਆਮ ਨਾਲੋਂ 2.4 ਡਿਗਰੀ ਹੇਠਾਂ
CJP ਪ੍ਰਦਰਸ਼ਨ 'ਤੇ CM ਭਗਵੰਤ ਮਾਨ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ; 'ਜੇ ਰੋਕਣਾ ਹੀ ਸੀ ਤਾਂ ਫ਼ੌਜ ਲਾ ਦਿੰਦੇ, ਟੈਂਕ-ਤੋਪਾਂ ਵੀ ਲਗਾ ਲਓ'
ਚੰਡੀਗੜ੍ਹ ’ਚ ਜ਼ਬਰਦਸਤ ਹੰਗਾਮਾ: CEC ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ‘ਆਪ’ ਵਰਕਰਾਂ 'ਤੇ ਵੱਡਾ ਐਕਸ਼ਨ! ਮਨੀਸ਼ ਸਿਸੋਦੀਆ, ਹਰਪਾਲ ਚੀਮਾ ਸਮੇਤ ਕਈ ਆਗੂ ਹਿਰਾਸਤ 'ਚ
ਪੰਜਾਬ ਮੌਸਮ ਅਪਡੇਟ: ਤਿੰਨ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ, ਚੰਡੀਗੜ੍ਹ ‘ਚ ਤੇਜ਼ ਹਵਾਵਾਂ ਤੇ ਛਾਏ ਰਹਿਣਗੇ ਬੱਦਲ
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 4 ਨਵੇਂ ਹਲਕਾ ਇੰਚਾਰਜਾਂ ਦਾ ਐਲਾਨ, ਸਨੌਰ ਤੋਂ ਲੈ ਕੇ ਸਮਰਾਲਾ ਤੱਕ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.