ਗਰਮੀ ਨੇ ਫੜਿਆ ਜ਼ੋਰ: ਪੰਜਾਬ 'ਚ ਅਗਲੇ 4 ਦਿਨ ਚੱਲੇਗੀ ਲੂ, 21 ਜ਼ਿਲ੍ਹਿਆਂ 'ਚ ਪਾਰਾ 35 ਤੋਂ ਪਾਰ, ਮੌਸਮ ਵਿਭਾਗ ਵੱਲੋਂ ਚਿਤਾਵਨੀ

By:  Lajwinder Kaur April 21st 2026 09:51 AM -- Updated: April 21st 2026 10:00 AM

ਉੱਤਰ ਭਾਰਤ ਇਸ ਸਮੇਂ ਤੇਜ਼ ਧੁੱਪ ਦੇ ਨਾਲ ਜੂਝ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਇੱਕ ਦਮ ਏਸੀ-ਕੂਲਰਾਂ ਦੀ ਵਰਤੋਂ ਵੱਧਣ ਕਰਕੇ ਬਿਜਲੀ ਦੀ ਖਪਤ ਦੇ ਵਿੱਚ ਵੀ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਮੰਗਲਵਾਰ, 21 ਅਪ੍ਰੈਲ ਤੋਂ 24 ਅਪ੍ਰੈਲ ਤੱਕ ਚਾਰ ਦਿਨਾਂ ਲਈ ਹੀਟਵੇਵ (ਲੂ) ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਨਾ ਸਿਰਫ਼ ਦਿਨ ਦਾ ਤਾਪਮਾਨ ਵਧੇਗਾ, ਸਗੋਂ ਕਈ ਥਾਵਾਂ 'ਤੇ ਰਾਤਾਂ ਵੀ ਕਾਫ਼ੀ ਗਰਮ ਰਹਿਣਗੀਆਂ। ਸੋਮਵਾਰ ਦੇ ਮੁਕਾਬਲੇ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 3.2 ਡਿਗਰੀ ਜ਼ਿਆਦਾ ਹੈ।

ਹਸਪਤਾਲਾਂ 'ਚ ਸਪੈਸ਼ਲ ਵਾਰਡ ਕੀਤੇ ਐਕਟਿਵ

ਸੂਬੇ ਦੇ 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ, ਜਦਕਿ ਸਭ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਹੈ। ਵਧਦੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਖਾਣ-ਪੀਣ ਦਾ ਧਿਆਨ ਰੱਖਣ ਅਤੇ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ। ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਹਸਪਤਾਲਾਂ ਵਿੱਚ ਸਪੈਸ਼ਲ ਵਾਰਡ ਬਣਾਏ ਗਏ ਹਨ ਅਤੇ 24 ਘੰਟੇ ਮੈਡੀਕਲ ਸਟਾਫ਼ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ।

ਇਸ ਸਮੇਂ ਘਰ ਤੋਂ ਨਿਕਲਣ ਤੋਂ ਕਰੋ ਗੁਰੇਜ਼

ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਭਿਆਨਕ ਲੂ (ਹੀਟਵੇਵ) ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਵੱਖ-ਵੱਖ ਥਾਵਾਂ 'ਤੇ ਲੂ ਵਰਗੇ ਹਾਲਾਤ ਬਣ ਸਕਦੇ ਹਨ। ਸੂਰਜ ਦੀ ਤਪਸ਼ ਸਵੇਰ ਤੋਂ ਹੀ ਤੇਜ਼ ਹੋ ਜਾਵੇਗੀ, ਜਦੋਂ ਕਿ ਹੀਟਵੇਵ ਦਾ ਸਭ ਤੋਂ ਵੱਧ ਪ੍ਰਭਾਵ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਖਣ ਨੂੰ ਮਿਲੇਗਾ। ਇਸ ਦੌਰਾਨ ਲੋਕਾਂ ਨੂੰ ਬੇਲੋੜਾ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

ਵੈਸਟਰਨ ਡਿਸਟਰਬਨ (Western Disturbance) 23 ਅਪ੍ਰੈਲ ਤੋਂ ਸਰਗਰਮ ਹੋਣ ਜਾ ਰਿਹਾ ਹੈ। ਇਸ ਸਮੇਂ ਇਹ ਜੰਮੂ-ਕਸ਼ਮੀਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਮੁੰਦਰ ਤਲ ਤੋਂ ਲਗਭਗ 3.1 ਕਿਲੋਮੀਟਰ ਦੀ ਉਚਾਈ 'ਤੇ ਇੱਕ ਚੱਕਰਵਾਤੀ ਹਵਾਵਾਂ ਦੇ ਖੇਤਰ ਵਜੋਂ ਬਣਿਆ ਹੋਇਆ ਹੈ। ਪਹਾੜਾਂ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਰਫ਼ਤਾਰ ਲਗਭਗ 110 ਨੌਟਸ (Knots) ਹੈ। ਇੱਕ ਨਵਾਂ ਵੈਸਟਰਨ ਡਿਸਟਰਬਨ 23 ਅਪ੍ਰੈਲ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਆਉਣ ਦੀ ਉਮੀਦ ਹੈ।

ਪੰਜਾਬ ‘ਚ ਕਈ ਸ਼ਹਿਰਾਂ ‘ਚ ਤਾਪਮਾਨ ਲਗਭਗ 40 ਡਿਗਰੀ ਤੱਕ ਪਹੁੰਚਿਆ

ਸੂਬੇ ਦੇ 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਹੈ, ਜਿਸ ਕਾਰਨ ਪੂਰੇ ਪੰਜਾਬ ਵਿੱਚ ਭਿਆਨਕ ਗਰਮੀ ਦਾ ਪ੍ਰਭਾਵ ਬਣਿਆ ਹੋਇਆ ਹੈ। ਚੰਡੀਗੜ੍ਹ ਵਿੱਚ ਤਾਪਮਾਨ 38.1 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜਲੰਧਰ ਵਿੱਚ 37.0 ਡਿਗਰੀ, ਅੰਮ੍ਰਿਤਸਰ ਵਿੱਚ 37.1 ਡਿਗਰੀ, ਲੁਧਿਆਣਾ ਵਿੱਚ 39.4 ਡਿਗਰੀ ਅਤੇ ਪਟਿਆਲਾ ਵਿੱਚ 39.8 ਡਿਗਰੀ ਤਾਪਮਾਨ ਰਿਹਾ। ਪਠਾਨਕੋਟ ਵਿੱਚ ਪਾਰਾ 37.2 ਡਿਗਰੀ ਦਰਜ ਕੀਤਾ ਗਿਆ, ਜਦਕਿ ਬਠਿੰਡਾ ਸਭ ਤੋਂ ਗਰਮ ਰਿਹਾ, ਜਿੱਥੇ ਸਭ ਤੋਂ ਵੱਧ 41.0 ਡਿਗਰੀ ਤਾਪਮਾਨ ਰਿਕਾਰਡ ਹੋਇਆ।

ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਰਿਹਾ, ਜਿੱਥੇ ਫਰੀਦਕੋਟ ਵਿੱਚ 38.0 ਡਿਗਰੀ, ਗੁਰਦਾਸਪੁਰ ਵਿੱਚ 37.5 ਡਿਗਰੀ ਅਤੇ ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਵਿੱਚ 36.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਫਰੀਦਕੋਟ ਵਿੱਚ ਪਾਰਾ 40.9 ਡਿਗਰੀ ਤੱਕ ਪਹੁੰਚ ਗਿਆ, ਜਦਕਿ ਫਾਜ਼ਿਲਕਾ ਵਿੱਚ 36.6 ਡਿਗਰੀ, ਫਿਰੋਜ਼ਪੁਰ ਵਿੱਚ 36.5 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 36.2 ਡਿਗਰੀ ਤਾਪਮਾਨ ਰਿਹਾ।

ਇਸ ਤੋਂ ਇਲਾਵਾ, ਮਲੇਰਕੋਟਲਾ ਵਿੱਚ 35.8 ਡਿਗਰੀ, ਕਪੂਰਥਲਾ ਵਿੱਚ 36.5 ਡਿਗਰੀ, ਪਠਾਨਕੋਟ ਵਿੱਚ 36.5 ਡਿਗਰੀ ਅਤੇ ਪਟਿਆਲਾ ਵਿੱਚ 37.4 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਰੋਪੜ ਵਿੱਚ ਪਾਰਾ 36.5 ਡਿਗਰੀ ਰਿਹਾ, ਜਦਕਿ ਭਾਖੜਾ ਡੈਮ (ਨੰਗਲ) ਵਿੱਚ ਤਾਪਮਾਨ 39.5 ਡਿਗਰੀ ਦਰਜ ਹੋਇਆ।

ਮੌਸਮ ਵਿਭਾਗ ਦੇ ਮੁਤਾਬਕ, ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ 20 ਤੋਂ 24 ਅਪ੍ਰੈਲ ਦੇ ਵਿਚਕਾਰ ਸੂਬੇ ਦੇ ਕਈ ਹਿੱਸਿਆਂ ਵਿੱਚ ਭਿਆਨਕ ਲੂ (ਹੀਟਵੇਵ) ਚੱਲਣ ਦੀ ਪੂਰੀ ਸੰਭਾਵਨਾ ਹੈ।

ਅਗਲੇ ਤਿੰਨ ਦਿਨਾਂ ਦੌਰਾਨ ਮੌਸਮ ਦੀ ਸਥਿਤੀ ਕੁਝ ਇਸ ਤਰ੍ਹਾਂ ਰਹੇਗੀ:

22 ਅਪ੍ਰੈਲ: ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਲੂ (ਹੀਟਵੇਵ) ਚੱਲ ਸਕਦੀ ਹੈ। ਹਾਲਾਂਕਿ, ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਹੀਟਵੇਵ ਦੀ ਸੰਭਾਵਨਾ ਨਹੀਂ ਹੈ।

23 ਅਪ੍ਰੈਲ: ਸੂਬੇ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੇ ਆਸਾਰ ਹਨ। ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਅਤੇ ਫਿਰੋਜ਼ਪੁਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਹੀਟਵੇਵ ਵਰਗੇ ਹਾਲਾਤ ਬਣ ਸਕਦੇ ਹਨ।

24 ਅਪ੍ਰੈਲ: ਇਨ੍ਹਾਂ ਛੇ ਜ਼ਿਲ੍ਹਿਆਂ (ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਅਤੇ ਫਿਰੋਜ਼ਪੁਰ) ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਵਿੱਚ ਭਿਆਨਕ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।


Related Post

ਇੱਕ ਪਾਸੇ ਗਰਮੀ ਦੂਜੇ ਪਾਸੇ ਕੱਟ! ਪੰਜਾਬ ਦੇ 6 ਜ਼ਿਲ੍ਹਿਆਂ ‘ਚ ਅੱਜ ਬਿਜਲੀ ਦੇ ਲੰਬੇ ਕੱਟ ਕਰਨਗੇ ਪ੍ਰੇਸ਼ਾਨ, ਲੋਕਾਂ ‘ਚ ਮੱਚੀ ਹਾਹਾਕਾਰ
ਅਸਮਾਨ ਤੋਂ ਵਰ੍ਹ ਰਹੀ ਅੱਗ! ਪੰਜਾਬ 'ਚ ਭਿਆਨਕ ਗਰਮੀ ਸਣੇ ‘ਲੂ’ ਦਾ ਯੈਲੋ ਅਲਰਟ ਜਾਰੀ, ਜਾਣੋ ਕਦੋਂ ਹੋਵੇਗੀ ਬਾਰਿਸ਼
ਪੰਜਾਬ-ਚੰਡੀਗੜ੍ਹ 'ਚ ਭਿਆਨਕ ਗਰਮੀ, ਕੱਲ੍ਹ ਤੋਂ ਚੱਲੇਗੀ 'ਲੂ', ਰਾਤਾਂ ਵੀ ਰਹਿਣਗੀਆਂ ਤੱਤੀਆਂ, ਹੈਲਥ ਵਿਭਾਗ ਵੱਲੋਂ ਚੇਤਾਵਨੀ! ਲੋਕ ਰੱਖਣ ਸਿਹਤ ਦਾ ਧਿਆਨ
पंजाब में 'बेअदबी' के खिलाफ सख्त कानून पर लगी मुहर, CM भगवंत सिंह मान ने साझा की जानकारी...
ਅਕਾਲੀ ਦਲ ਨੇ ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਲਕਾ ਇੰਚਾਰਜ ਕੀਤਾ ਨਿਯੁਕਤ
ਸ਼ੰਭੂ ਨੈਸ਼ਨਲ ਹਾਈਵੇਅ 'ਤੇ ਰੂਹ ਕੰਬਾਊ ਹਾਦਸਾ: ਟਰੱਕ ਤੇ ਟਰੈਕਟਰ ਦੀ ਭਿਆਨਕ ਟੱਕਰ ‘ਚ 2 ਦੀ ਦਰਦਨਾਕ ਮੌਤ, ਦੋ ਜ਼ਖ਼ਮੀ

© Copyright Galactic Television & Communications Pvt. Ltd. 2026. All rights reserved.