ਪੰਜਾਬ ਦੇ 7 ਜ਼ਿਲ੍ਹਿਆਂ ‘ਚ ਹਨੇਰੀ ਤੇ ਮੀਂਹ ਦਾ ਅਲਰਟ: 15 ਸ਼ਹਿਰਾਂ ‘ਚ ਪਾਰਾ 35 ਡਿਗਰੀ ਤੋਂ ਪਾਰ, ਬਠਿੰਡਾ ਰਿਹਾ ਸਭ ਤੋਂ ਗਰਮ

By:  Lajwinder Kaur April 17th 2026 10:13 AM -- Updated: April 17th 2026 10:18 AM

Punjab Weather 17 April: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਦਾ ਅਸਰ ਹੁਣ ਸਾਫ਼ ਦਿਖਾਈ ਦੇਣ ਲੱਗਾ ਹੈ ਅਤੇ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ। ਲੰਘੇ ਦਿਨ ਬਹੁਤ ਤੇਜ਼ ਗਰਮੀ ਨੇ ਲੋਕਾਂ ਨੂੰ ਤੰਗ ਕੀਤਾ ਜਿਸ ਕਰਕੇ ਬਿਜਲੀ ਦੀ ਖਪਤ ਵੱਧ ਗਈ। ਲੋਕਾਂ ਨੇ ਗਰਮੀ ਤੋਂ ਰਾਹਤ ਪਾਉਣ ਦੇ ਲਈ ਏਸੀ-ਕੂਲਰਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਪਰ ਜਿੱਥੇ ਕੱਲ ਦਿਨ ਸਮੇਂ ਰਾਤ ਤੱਕ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਉੱਥੇ ਹੀ ਅੱਜ ਸਵੇਰੇ ਆਸਮਾਨ ਦੇ ਵਿੱਚ ਹਲਕੇ ਬੱਦਲ ਛਾਏ ਹੋਏ ਨਜ਼ਰ ਆਏ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪਹਾੜਾਂ ਵਿੱਚ 'ਵੈਸਟਰਨ ਡਿਸਟਰਬੈਂਸ' (ਪੱਛਮੀ ਗੜਬੜੀ) ਦੇ ਸਰਗਰਮ ਹੋਣ ਕਾਰਨ ਮੌਸਮ ਵਿਭਾਗ ਨੇ ਸ਼ੁੱਕਰਵਾਰ (17 ਅਪ੍ਰੈਲ) ਨੂੰ ਤੇਜ਼ ਹਵਾਵਾਂ, ਤੂਫ਼ਾਨ ਅਤੇ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਤਾਪਮਾਨ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਦੇ ਮੁਕਾਬਲੇ ਇਸ ਵਿੱਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 3.5 ਡਿਗਰੀ ਜ਼ਿਆਦਾ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 40.3 ਡਿਗਰੀ ਰਿਹਾ। ਉੱਥੇ ਹੀ ਚੰਡੀਗੜ੍ਹ ਵਿੱਚ ਤਾਪਮਾਨ 38.1 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2.8°C ਵੱਧ ਹੈ।

ਬਿਜਲੀ ਦੀ ਖਪਤ 9503 ਮੈਗਾਵਾਟ ਤੱਕ ਪਹੁੰਚੀ

ਪੰਜਾਬ ਵਿੱਚ ਵਧਦੀ ਗਰਮੀ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧਣ ਲੱਗੀ ਹੈ। ਸ਼ੁੱਕਰਵਾਰ ਸਵੇਰੇ 9 ਵਜੇ ਬਿਜਲੀ ਦੀ ਖਪਤ 9503 ਮੈਗਾਵਾਟ ਤੱਕ ਪਹੁੰਚ ਗਈ, ਜਦੋਂ ਕਿ ਰਾਜ ਵਿੱਚ ਬਿਜਲੀ ਦਾ ਆਪਣਾ ਉਤਪਾਦਨ ਸਿਰਫ਼ 3979 ਮੈਗਾਵਾਟ ਹੈ। ਮੰਗ ਨੂੰ ਪੂਰਾ ਕਰਨ ਲਈ ਬਾਕੀ ਦੀ ਬਿਜਲੀ ਕੇਂਦਰੀ ਪੂਲ ਤੋਂ ਖਰੀਦੀ ਜਾ ਰਹੀ ਹੈ। ਅਨੁਮਾਨ ਹੈ ਕਿ ਦਿਨ ਚੜ੍ਹਦਿਆਂ ਹੀ ਬਿਜਲੀ ਦੀ ਖਪਤ 10 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਸਕਦੀ ਹੈ।

ਸੱਤ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਹਨੇਰੀ ਦੀ ਚਿਤਾਵਨੀ

ਮੌਸਮ ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ ਨੂੰ ਪੰਜਾਬ ਦੇ 7 ਜ਼ਿਲ੍ਹਿਆਂ — ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਵੱਖ-ਵੱਖ ਥਾਵਾਂ 'ਤੇ ਤੇਜ਼ ਹਵਾਵਾਂ (30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ), ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਇਨ੍ਹਾਂ ਹੀ 7 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਵੀ ਆਸਾਰ ਹਨ। ਮੌਸਮ ਵਿਭਾਗ ਮੁਤਾਬਕ 18 ਅਪ੍ਰੈਲ ਨੂੰ ਮੌਸਮ ਸਾਫ਼ ਰਹੇਗਾ, ਜਦਕਿ 19 ਅਪ੍ਰੈਲ ਨੂੰ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

23 ਅਪ੍ਰੈਲ ਤੱਕ ਮੌਸਮ ਦੀ ਭਵਿੱਖਬਾਣੀ

ਮੌਸਮ ਵਿਭਾਗ ਅਨੁਸਾਰ, ਰਾਜ ਵਿੱਚ 23 ਅਪ੍ਰੈਲ ਤੱਕ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 32 ਤੋਂ 36°C ਦੇ ਵਿਚਕਾਰ ਰਹਿਣ ਦੀ ਉਮੀਦ ਹੈ, ਜਦਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਇਹ ਪਾਰਾ 36 ਤੋਂ 40°C ਤੱਕ ਜਾ ਸਕਦਾ ਹੈ। ਕੁੱਲ ਮਿਲਾ ਕੇ, ਇਸ ਹਫ਼ਤੇ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ।

ਬਠਿੰਡਾ ਰਿਹਾ ਸਭ ਤੋਂ ਗਰਮ

ਲੁਧਿਆਣਾ ਵਿੱਚ ਤਾਪਮਾਨ ਵਿੱਚ ਸਭ ਤੋਂ ਵੱਧ 4.1 ਡਿਗਰੀ ਦਾ ਉਛਾਲ ਦੇਖਿਆ ਗਿਆ, ਜਿਸ ਨਾਲ ਉੱਥੇ ਪਾਰਾ 39.6 ਡਿਗਰੀ ਤੱਕ ਪਹੁੰਚ ਗਿਆ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਲਗਭਗ 3.5 ਡਿਗਰੀ ਜ਼ਿਆਦਾ ਰਿਹਾ। ਪੂਰੇ ਪੰਜਾਬ ਵਿੱਚੋਂ ਬਠਿੰਡਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਦਰਜ ਕੀਤਾ ਗਿਆ।

ਇਸ ਤੋਂ ਇਲਾਵਾ, ਫਰੀਦਕੋਟ ਵਿੱਚ 39.5 ਡਿਗਰੀ, ਭਾਖੜਾ ਡੈਮ (ਰੂਪਨਗਰ) ਵਿੱਚ 37.7 ਡਿਗਰੀ, ਰੋਪੜ ਵਿੱਚ 36.9 ਡਿਗਰੀ ਅਤੇ ਪਠਾਨਕੋਟ ਵਿੱਚ 36.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੋਹਾਲੀ ਅਤੇ ਐਸ.ਬੀ.ਐਸ ਨਗਰ (ਬਲੋਵਾਲ ਸੌਂਖੜੀ) ਵਿੱਚ ਤਾਪਮਾਨ 36.6 ਡਿਗਰੀ ਰਿਹਾ, ਜਦਕਿ ਹੁਸ਼ਿਆਰਪੁਰ ਵਿੱਚ ਇਹ 35.9 ਡਿਗਰੀ ਤੋਂ 36.2 ਡਿਗਰੀ ਦੇ ਵਿਚਕਾਰ ਦਰਜ ਹੋਇਆ। ਥੀਨ ਡੈਮ (ਪਠਾਨਕੋਟ) ਵਿੱਚ 35.8 ਡਿਗਰੀ ਅਤੇ ਗੁਰਦਾਸਪੁਰ ਵਿੱਚ 35.5 ਡਿਗਰੀ ਤਾਪਮਾਨ ਰਿਹਾ। ਕੁੱਲ ਮਿਲਾ ਕੇ, ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਕਾਫ਼ੀ ਜ਼ਿਆਦਾ ਰਿਹਾ।

ਦੋ ਤੋਂ ਤਿੰਨ ਡਿਗਰੀ ਵਧੇਗਾ ਤਾਪਮਾਨ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਮੁਤਾਬਕ, 17 ਤਾਰੀਖ ਨੂੰ ਸੂਬੇ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਹਾਲਾਂਕਿ, ਇਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਬਹੁਤਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ।


Related Post

20 ਲੱਖ ਦੀ ਰਿਸ਼ਵਤਖੋਰੀ ਮਾਮਲੇ ‘ਚ ਵੱਡਾ ਮੋੜ: ਹਾਈਕੋਰਟ ਤੋਂ ਭਗੌੜੇ ਡੀ.ਜੀ.ਪੀ. ਰੀਡਰ ਓ.ਪੀ. ਰਾਣਾ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖਾਰਜ
ਭਿਆਨਕ ਗਰਮੀ ਤੋਂ ਰਾਹਤ ! ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ ਰੈੱਡ ਅਲਰਟ; 90km ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
Punjab Municipal Election Results LIVE: ਪੰਜਾਬ ਨਿਗਮ ਚੋਣਾਂ: 'ਆਪ' ਦੀ ਹਨੇਰੀ; ਆਜ਼ਾਦ ਉਮੀਦਵਾਰਾਂ ਦੀ ਕਾਂਗਰਸ ਨੂੰ ਟੱਕਰ, ਭਾਜਪਾ ਸਭ ਤੋਂ ਪਿੱਛੇ
ਭਾਜਪਾ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ! ਜਾਣੋ ਕੇਵਲ ਸਿੰਘ ਢਿੱਲੋਂ ਨੇ ਕਿਵੇਂ ਸ਼ੁਰੂ ਕੀਤਾ ਸਿਆਸੀ ਸਫ਼ਰ...?
ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ: ਅਗਲੇ ਮਹੀਨੇ ਹੋ ਸਕਦੈ ਵੱਡਾ ਐਲਾਨ, ਦੌੜ ‘ਚ ਇਹ ਨਾਂਅ ਸਭ ਤੋਂ ਅੱਗੇ
ਪੰਜਾਬ 'ਚ ਅਗਲੇ 3 ਦਿਨ ਮੀਂਹ ਤੇ ਤੂਫਾਨ ਦੀ ਚੇਤਾਵਨੀ: 80 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਲੋਕ ਰਹਿਣ ਸਾਵਧਾਨ!

© Copyright Galactic Television & Communications Pvt. Ltd. 2026. All rights reserved.