ਪੰਜਾਬ ਦੇ ਕਈ ਸ਼ਹਿਰਾਂ ‘ਚ ਛਮ-ਛਮ ਬਾਰਿਸ਼, ਹਰਿਆਣਾ ਦੇ 17 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ

ਪੰਜਾਬ ਵਿੱਚ ਵੀਰਵਾਰ ਸਵੇਰੇ ਮੌਸਮ ਬਦਲ ਗਿਆ। ਮੋਹਾਲੀ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ। ਠੰਡੀ ਹਵਾ ਚੱਲਣ ਨਾਲ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਮੋਗਾ ਵਿੱਚ ਸਵੇਰੇ ਤੇਜ਼ ਮੀਂਹ ਪਿਆ। ਬਿਜਲੀ ਸੰਕਟ ਦੇ ਵਿਚਕਾਰ ਹੋਈ ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਵੀ ਰਾਹਤ ਮਿਲੀ ਹੈ।

By:  Lajwinder Kaur September 17th 2026 09:46 AM -- Updated: September 17th 2026 10:03 AM

ਜਲੰਧਰ ਅਤੇ ਪਠਾਨਕੋਟ ਵਿੱਚ ਵੀਰਵਾਰ ਸਵੇਰੇ ਤੜਕੇ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ 8 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਉੱਤੇ ਮੀਂਹ ਦੇ ਨਾਲ ਹਨ੍ਹੇਰੀ ਅਤੇ ਬਿਜਲੀ ਚਮਕਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ।

ਦੂਜੇ ਪਾਸੇ, ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਹੁਣ ਆਮ ਦੇ ਕਰੀਬ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 37 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਸੇ ਮਹੀਨੇ ਮਾਨਸੂਨ ਦੀ ਵਿਦਾਈ ਹੋ ਸਕਦੀ ਹੈ।

ਇਹ ਜ਼ਿਲ੍ਹਿਆਂ ਲਈ ਅਲਰਟ ਜਾਰੀ

ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਰੂਪਨਗਰ ਵਿੱਚ ਕੁਝ ਥਾਵਾਂ ਉੱਤੇ ਮੀਂਹ ਦੇ ਨਾਲ-ਨਾਲ ਹਨ੍ਹੇਰੀ ਚੱਲਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਕੁਝ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ, ਕੱਲ੍ਹ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ, ਪਰ ਕਿਸੇ ਵੀ ਥਾਂ ਉੱਤੇ ਮੀਂਹ ਨਹੀਂ ਪਿਆ ਸੀ।

ਇਸ ਤਰ੍ਹਾਂ ਦੀ ਬਣੀ ਮੌਸਮ ਦੀ ਸਥਿਤੀ

ਮੌਸਮ ਵਿਭਾਗ ਮੁਤਾਬਕ, ਹਰਿਆਣਾ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ 1.5 ਕਿਲੋਮੀਟਰ ਦੀ ਉਚਾਈ ਉੱਤੇ ਚੱਕਰਵਾਤੀ ਹਵਾਵਾਂ ਦਾ ਘੇਰਾ (ਸਾਈਕਲੋਨਿਕ ਸਰਕੂਲੇਸ਼ਨ) ਬਣਿਆ ਹੋਇਆ ਹੈ। ਇਸ ਦੇ ਅਸਰ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਉੱਤੇ ਮੀਂਹ ਅਤੇ ਗਰਜ ਨਾਲ ਬੌਛਾਰਾਂ ਪੈ ਸਕਦੀਆਂ ਹਨ। ਇਸ ਤੋਂ ਇਲਾਵਾ ਮਾਨਸੂਨ ਟਰੱਫ ਵੀ ਸਰਗਰਮ ਹੈ।

ਹਰਿਆਣੇ 'ਚ ਤੜਕ ਸਵੇਰੇ ਤੇਜ਼ ਹਵਾਵਾਂ ਸਣੇ ਹੋਈ ਬਾਰਿਸ਼

ਹਰਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਭਾਰੀ ਹੁੰਮਸ ਅਤੇ ਗਰਮੀ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਬੁੱਧਵਾਰ ਦੇਰ ਰਾਤ ਅਤੇ ਵੀਰਵਾਰ ਤੜਕੇ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਰੱਜ ਕੇ ਮੀਂਹ ਪਿਆ। ਜੀਂਦ ਵਿੱਚ ਬਾਰਿਸ਼ ਕਰਕੇ ਕਈ ਥਾਵਾਂ ਉੱਤੇ ਪਾਣੀ ਖੜ ਗਿਆ। ਤੇਜ਼ ਹਵਾ ਕਾਰਨ ਇੱਥੇ ਲਗਾਏ ਗਏ ਬੈਰੀਕੇਡ ਵੀ ਡਿੱਗ ਪਏ।

ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ (HAU) ਨੇ ਵੀਰਵਾਰ ਸਵੇਰੇ ਅਲਰਟ ਜਾਰੀ ਕੀਤਾ ਹੈ। ਇਸ ਦੇ ਮੁਤਾਬਕ, ਅਗਲੇ 3 ਘੰਟਿਆਂ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ, ਸੋਨੀਪਤ, ਪਾਣੀਪਤ, ਰੋਹਤਕ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਨੂੰਹ, ਫਰੀਦਾਬਾਦ ਅਤੇ ਪਲਵਲ ਜ਼ਿਲ੍ਹਿਆਂ ਵਿੱਚ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

Related Post

ਆਪ ਨੂੰ ਵੱਡਾ ਝਟਕਾ! ਪੰਜਾਬ ‘ਚ ਭਾਜਪਾ ਹੋਈ ਹੋਰ ਮਜ਼ਬੂਤ; ਫਰੀਦਕੋਟ ਤੇ ਬਠਿੰਡਾ ਤੋਂ ਕਈ ਸੀਨੀਅਰ ਆਗੂ ਪਾਰਟੀ 'ਚ ਹੋਏ ਸ਼ਾਮਿਲ
ਪੰਜਾਬ ‘ਚ ED ਦਾ ਵੱਡਾ ਐਕਸ਼ਨ! ਪਟਿਆਲਾ ਦੇ ਨਾਮੀ ਸ਼ੋਅਰੂਮਾਂ ‘ਤੇ ਰੇਡ, ਮੋਹਾਲੀ ਵੀ ਪਹੁੰਚੀ ਟੀਮ; ਦਸਤਾਵੇਜ਼ ਤੇ ਕੰਪਿਊਟਰ ਰਿਕਾਰਡ ਦੀ ਜਾਂਚ ਜਾਰੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ! ਇਸ ਸੀਨੀਅਰ ਆਗੂ ਨੂੰ ਕੱਢਿਆ ਪਾਰਟੀ ਤੋਂ ਬਾਹਰ, ਜਾਣੋ ਵਜ੍ਹਾ…
ਚੰਡੀਗੜ੍ਹ ਆਉਣ-ਜਾਣ ਵਾਲੇ ਲੋਕ ਦੇਣ ਧਿਆਨ! ਅੱਜ ਆਹ ਵਾਲੇ ਰਸਤੇ ਰਹਿਣਗੇ ਬੰਦ, ਐਡਵਾਈਜ਼ਰੀ ਜਾਰੀ
ਪੰਜਾਬ ਦੇ 18 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਚੰਡੀਗੜ੍ਹ ‘ਚ ਵੀ ਹੋਏਗੀ ਕਿਣ-ਮਿਣ, ਤਾਪਮਾਨ 'ਚ ਆਈ ਗਿਰਾਵਟ
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਭਾਜਪਾ ‘ਚ ਹੋਣਗੇ ਸ਼ਾਮਲ

© Copyright Galactic Television & Communications Pvt. Ltd. 2026. All rights reserved.