ਪੰਜਾਬ 'ਚ ਮੀਂਹ ਦਾ ਰੈੱਡ ਅਲਰਟ! ਕਈ ਥਾਈਂ ਤਬਾਹੀ; ਮੀਂਹ-ਹਨੇਰੀ ਕਰਕੇ ਡਿੱਗੇ ਦਰੱਖਤ, ਘਰਾਂ 'ਚ ਵੜਿਆ ਪਾਣੀ

ਚੰਡੀਗੜ੍ਹ ਅਤੇ ਮੋਹਾਲੀ ਵਿੱਚ ਦੇਰ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮਾ-ਕਾਜਾਂ ਉੱਤੇ ਜਾਣ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਦੇ ਪਾਣੀ ਕਰਕੇ ਅਤੇ ਕਈ ਥਾਵਾਂ ਉੱਤੇ ਦਰੱਖਤ ਡਿੱਗਣ ਨਾਲ ਸੜਕਾਂ ਜਾਮ ਹੋ ਗਈਆਂ ਹਨ। ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ ਦਾ ਹਾਲ?

By:  Lajwinder Kaur July 10th 2026 09:49 AM -- Updated: July 10th 2026 10:16 AM

ਦੇਸ਼ ਦੇ ਵਿੱਚ ਮਾਨਸੂਨ ਐਕਟਿਵ ਹੋ ਗਈ ਹੈ। ਪੂਰੇ ਦੇਸ਼ ਦੇ ਵਿੱਚ ਮਾਨਸੂਨ ਦੀਆਂ ਬੁਛਾੜਾਂ ਦੇਖਣ ਨੂੰ ਮਿਲ ਰਹੀਆਂ ਹਨ। ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਲੰਘੇ ਦਿਨ ਤੋਂ ਖੂਬ ਬਾਰਿਸ਼ ਹੋ ਰਹੀ ਹੈ। ਦੱਸ ਦਈਏ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਦੇਰ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ-39 ਵਿੱਚ ਭਾਰੀ ਮੀਂਹ ਕਾਰਨ ਦਰੱਖਤ ਡਿੱਗਣ ਨਾਲ ਸੜਕ ਜਾਮ ਹੋ ਗਈ ਹੈ। ਪੰਜਾਬ ਵਿੱਚ ਅਗਲੇ ਤਿੰਨ ਦਿਨਾਂ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ, ਪਰ 13 ਜੁਲਾਈ ਤੋਂ ਮਾਨਸੂਨ ਦੇ ਕਮਜ਼ੋਰ ਪੈਣ ਕਾਰਨ ਮੌਸਮ ਫਿਰ ਖੁਸ਼ਕ ਹੋ ਜਾਵੇਗਾ ਅਤੇ ਤਾਪਮਾਨ ਵਿੱਚ ਵਾਧਾ ਹੋਣ ਦੇ ਸੰਕੇਤ ਹਨ।

7 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ

ਮੌਸਮ ਵਿਭਾਗ ਨੇ ਅੱਜ ਪਟਿਆਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਸਮੇਤ 7 ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੋਹਾਲੀ ਅਤੇ ਚੰਡੀਗੜ੍ਹ ਵਿੱਚ ਵੀ ਰਾਤ ਤੋਂ ਹੀ ਮੀਂਹ ਦਾ ਦੌਰ ਜਾਰੀ ਹੈ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 2.5 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 42.4 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਬੀਤੇ 24 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸਿਰਮੌਰ ਵਿੱਚ ਭਾਰੀ ਮੀਂਹ ਕਾਰਨ ਅੱਜ (ਸ਼ੁੱਕਰਵਾਰ ਨੂੰ) ਸਾਰੇ ਸਿੱਖਿਆ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਸਿਰਮੌਰ ਦੇ ਕਾਲਾ-ਅੰਬ ਵਿੱਚ ਭਾਰੀ ਮੀਂਹ ਮਗਰੋਂ ਕਈ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ।

ਕਿਤੇ ਮੀਂਹ ਤੇ ਕਿਤੇ ਮੌਸਮ ਰਿਹਾ ਖੁਸ਼ਕ

ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 34 ਮਿਲੀਮੀਟਰ (mm) ਬਾਰਿਸ਼ ਚੰਡੀਗੜ੍ਹ ਵਿੱਚ ਦਰਜ ਕੀਤੀ ਗਈ ਹੈ। ਚੰਡੀਗੜ੍ਹ ਏਅਰਪੋਰਟ 'ਤੇ 32.6 ਮਿਲੀਮੀਟਰ ਅਤੇ ਮੋਹਾਲੀ ਵਿੱਚ 21 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ, ਪਟਿਆਲਾ ਵਿੱਚ 9.9 ਮਿਲੀਮੀਟਰ, ਸ੍ਰੀ ਆਨੰਦਪੁਰ ਸਾਹਿਬ ਵਿੱਚ 5.5 ਮਿਲੀਮੀਟਰ, ਭਾਖੜਾ ਡੈਮ ਵਿੱਚ 4 ਮਿਲੀਮੀਟਰ, ਜਦਕਿ ਥੀਨ ਡੈਮ ਅਤੇ ਹੁਸ਼ਿਆਰਪੁਰ ਦੇ ਸਲੇਰਨ ਵਿੱਚ 0.5-0.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਰਾਜ ਦੇ ਬਾਕੀ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਇਸ ਦੌਰਾਨ ਮੀਂਹ ਨਹੀਂ ਪਿਆ। ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਪਿਆ ਹੈ, ਉੱਥੇ ਤਾਪਮਾਨ ਆਮ ਨਾਲੋਂ ਘੱਟ ਬਣਿਆ ਹੋਇਆ ਹੈ, ਜਦਕਿ ਦੱਖਣ-ਪੱਛਮੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਗਰਮੀ ਦਾ ਅਸਰ ਬਰਕਰਾਰ ਹੈ।

ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ

ਮੌਸਮ ਵਿਭਾਗ ਦੇ ਅਨੁਸਾਰ, ਮਾਨਸੂਨ ਦੀ 'ਟਰੱਫ' (monsoon trough) ਹੌਲੀ-ਹੌਲੀ ਹਿਮਾਲਿਆ ਦੀਆਂ ਤਲਹੱਟੀਆਂ ਵੱਲ ਖਿਸਕ ਰਹੀ ਹੈ। ਇਸ ਦੇ ਪ੍ਰਭਾਵ ਕਾਰਨ ਉੱਤਰ-ਪੱਛਮ ਦਿਸ਼ਾ ਤੋਂ ਖੁਸ਼ਕ ਹਵਾਵਾਂ ਚੱਲਣਗੀਆਂ, ਜਿਸ ਨਾਲ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਨਮੀ ਦੀ ਮਾਤਰਾ ਘੱਟ ਜਾਵੇਗੀ। ਨਮੀ ਘਟਣ ਕਾਰਨ ਮੀਂਹ ਲਗਭਗ ਬੰਦ ਹੋਣ ਲੱਗੇਗਾ ਅਤੇ ਮੌਸਮ ਫਿਰ ਤੋਂ ਖੁਸ਼ਕ ਹੋ ਜਾਵੇਗਾ। ਇਹੀ ਕਾਰਨ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਦੇ ਬਾਵਜੂਦ ਵੀ ਭਾਰੀ ਮੀਂਹ ਨਹੀਂ ਪੈ ਰਿਹਾ ਹੈ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਨਿਰਦੇਸ਼ਕ ਸੁਰਿੰਦਰ ਪਾਲ ਅਨੁਸਾਰ, 10 ਤੋਂ 12 ਜੁਲਾਈ ਦੇ ਵਿਚਕਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 13 ਤੋਂ 15 ਜੁਲਾਈ ਦੌਰਾਨ ਮੀਂਹ ਦੀਆਂ ਗਤੀਵਿਧੀਆਂ ਵਿੱਚ ਕਾਫੀ ਕਮੀ ਆ ਜਾਵੇਗੀ ਅਤੇ ਸਿਰਫ਼ ਇੱਕ-ਦੋ ਥਾਵਾਂ 'ਤੇ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਸੂਬੇ ਵਿੱਚ ਮੌਸਮ ਮੁਕਾਬਲਤਨ ਖੁਸ਼ਕ ਰਹੇਗਾ ਅਤੇ ਦਿਨ ਦੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋਣ ਦੇ ਆਸਾਰ ਹਨ।


Related Post

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ
ਅਮਰਜੀਤ ਚਾਵਲਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਪੁਲਿਸ ਨੇ ਜਾਂਚ ਲਈ SIT ਦਾ ਕੀਤਾ ਗਠਨ
ਪੰਜਾਬ ‘ਚ ਮੌਸਮ ਹੋਇਆ ਸੁਹਾਵਨਾ! ਅੱਜ 12 ਜ਼ਿਲ੍ਹਿਆਂ 'ਚ ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ, ਡਿੱਗਿਆ ਤਾਪਮਾਨ
ਗਮਾਡਾ ਦਫ਼ਤਰ ’ਤੇ ਛਾਪੇਮਾਰੀ ਦਾ ਮਾਮਲਾ: ਹਾਈ ਕੋਰਟ ਨੇ ED ਨੂੰ ਜਾਰੀ ਕੀਤਾ ਨੋਟਿਸ, ਬਿਨਾਂ ਸਰਚ ਵਾਰੰਟ ਤਲਾਸ਼ੀ ਲੈਣ ਦਾ ਲੱਗਿਆ ਦੋਸ਼
ਕਿਸਮਤ ਹੋਈ ਮਿਹਰਬਾਨ! ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਚਮਕੀ ਕਿਸਮਤ, 21 ਲੱਖ ਰੁਪਏ ਦੀ ਨਿਕਲੀ ਲਾਟਰੀ

© Copyright Galactic Television & Communications Pvt. Ltd. 2026. All rights reserved.