Punjab News: ਮੈਡੀਕਲ ਕਾਲਜਾਂ ਦਾ ਨਰਸਿੰਗ ਸਟਾਫ਼ ਹੜਤਾਲ 'ਤੇ, ਸਰਕਾਰ ਨੇ ਲਾਗੂ ਕੀਤਾ 'ਐਸਮਾ'; ਡਿਊਟੀ 'ਤੇ ਹਾਜ਼ਰ ਹੋਣ ਦੇ ਸਖ਼ਤ ਆਦੇਸ਼

By  Lajwinder Kaur March 27th 2026 05:14 PM

ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ (Government Medical Colleges) ਦੇ ਨਰਸਿੰਗ ਸਟਾਫ਼ (Nursing staff) ਵੱਲੋਂ ਹੜਤਾਲ 'ਤੇ ਜਾਣ ਤੋਂ ਬਾਅਦ ਸੂਬਾ ਸਰਕਾਰ ਨੇ ਸਖ਼ਤ ਰੁਖ਼ ਅਪਣਾਉਂਦਿਆਂ 'ਐਸਮਾ' (ESMA - Essential Services Maintenance Act) ਲਾਗੂ ਕਰ ਦਿੱਤਾ ਹੈ। ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਹੜਤਾਲੀ ਕਰਮਚਾਰੀਆਂ ਨੂੰ ਆਪਣੀ ਹੜਤਾਲ ਤੁਰੰਤ ਖ਼ਤਮ ਕਰਕੇ ਡਿਊਟੀ 'ਤੇ ਪਰਤਣ ਦੇ ਸਖ਼ਤ ਆਦੇਸ਼ ਦਿੱਤੇ ਗਏ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਿਹਤ ਸੇਵਾਵਾਂ ਵਰਗੇ ਜ਼ਰੂਰੀ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।

ਸੂਬੇ 'ਚ ਨਰਸਿੰਗ ਕੈਡਰ ਵੱਲੋਂ ਸੰਘਰਸ਼ ਦਾ ਆਗਾਜ਼

ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਨੇ ਨਰਸਿੰਗ ਕੈਡਰ ਦੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਐਸੋਸੀਏਸ਼ਨ ਦਾ ਮੁੱਖ ਵਿਰੋਧ 2021 ਵਿੱਚ ਤਤਕਾਲੀ ਕਾਂਗਰਸ ਸਰਕਾਰ ਦੌਰਾਨ ਲਏ ਗਏ ਉਸ ਫੈਸਲੇ ਵਿਰੁੱਧ ਹੈ, ਜਿਸ ਵਿੱਚ ਨਰਸਿੰਗ ਸਟਾਫ਼ ਦਾ ਗ੍ਰੇਡ ਪੇਅ (Grade Pay) ਬਿਨਾਂ ਕਿਸੇ ਠੋਸ ਕਾਰਨ ਦੇ 4600 ਰੁਪਏ ਤੋਂ ਘਟਾ ਕੇ 2800 ਰੁਪਏ ਕਰ ਦਿੱਤਾ ਗਿਆ ਸੀ। ਨਰਸਿੰਗ ਕੈਡਰ ਅਨੁਸਾਰ, ਇਹ ਫੈਸਲਾ ਉਨ੍ਹਾਂ ਦੀ ਮਿਹਨਤ ਅਤੇ ਪੇਸ਼ੇਵਰ ਮਾਣ-ਸਨਮਾਨ ਨਾਲ ਸਿੱਧਾ ਖਿਲਵਾੜ ਹੈ। ਇਸੇ ਵਿਤਕਰੇ ਨੂੰ ਖਤਮ ਕਰਨ ਅਤੇ ਆਪਣਾ ਹੱਕ ਵਾਪਸ ਲੈਣ ਲਈ ਹੁਣ ਸਟਾਫ਼ ਵੱਲੋਂ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਮੈਡੀਕਲ ਕਾਲਜਾਂ ਵਿੱਚ ਸਿਹਤ ਸੇਵਾਵਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ।

ਸਰਕਾਰ ਵਿਰੁੱਧ ਤਿੱਖਾ ਰੋਸ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਰਮਨਜੀਤ ਸਿੰਘ ਨੇ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਗ੍ਰੇਡ-ਪੇਅ ਵਿੱਚ ਕੀਤੀ ਗਈ ਕਟੌਤੀ ਕਾਰਨ ਨਰਸਾਂ ਦੀਆਂ ਤਨਖਾਹਾਂ ਵਿੱਚ ਵੱਡਾ ਘਾਟਾ ਪਿਆ ਹੈ, ਜਿਸ ਦਾ ਮਾਰੂ ਅਸਰ ਪੂਰੇ ਕੈਡਰ 'ਤੇ ਪੈ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਮ੍ਰਿਤਸਰ, ਪਟਿਆਲਾ ਅਤੇ ਮੋਹਾਲੀ ਦੇ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਨਰਸਾਂ ਨੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਦੋ ਟੁੱਕ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਇਸ ਵਾਰ ਇਹ ਸੰਘਰਸ਼ 'ਆਰ-ਪਾਰ' ਦੀ ਲੜਾਈ ਹੋਵੇਗੀ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਆਪਣਾ ਵਿਰੋਧ ਖ਼ਤਮ ਨਹੀਂ ਕਰਨਗੇ।

ਮਰੀਜ਼ਾਂ ਹੋ ਰਹੇ ਖੱਜਲ- ਖੁਆਰ

ਰਮਨਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਹੜਤਾਲ ਕੋਈ ਅਚਾਨਕ ਲਿਆ ਗਿਆ ਫੈਸਲਾ ਨਹੀਂ ਹੈ, ਸਗੋਂ ਇਹ ਪਿਛਲੇ 5-6 ਸਾਲਾਂ ਤੋਂ ਸਰਕਾਰ ਵੱਲੋਂ ਕੀਤੀ ਜਾ ਰਹੀ ਲਗਾਤਾਰ ਲਾਪਰਵਾਹੀ ਦਾ ਸਿੱਟਾ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਨੇ ਆਪਣੀਆਂ ਸਿਹਤ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਨਰਸਿੰਗ ਸਟਾਫ਼ ਦੇ ਹੜਤਾਲ 'ਤੇ ਜਾਣ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਉਨ੍ਹਾਂ ਨੇ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਮਨਜੀਤ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਹਾਲਾਂਕਿ ਸਰਕਾਰ ਨੇ ਮੀਟਿੰਗ ਬੁਲਾਈ ਹੈ, ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਸਾਰਥਕ ਨਤੀਜਾ ਨਾ ਨਿਕਲਿਆ ਤਾਂ ਹੜਤਾਲ ਲਗਾਤਾਰ ਜਾਰੀ ਰੱਖੀ ਜਾਵੇਗੀ।

© Copyright Galactic Television & Communications Pvt. Ltd. 2026. All rights reserved.