ਪੰਜਾਬ ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਬਣੀ ਸਹਿਮਤੀ: ਕਾਰਨ ਦੱਸੋ ਨੋਟਿਸ ਰੱਦ, 11 ਸਤੰਬਰ ਤੱਕ ਚੱਲਣ ਵਾਲੀ ਹੜਤਾਲ ਕੀਤੀ ਸਮਾਪਤ
ਸਰਕਾਰੀ ਮੁਲਾਜ਼ਮਾਂ ਦੇ ਲਈ ਸਰਕਾਰ ਵੱਲੋਂ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। 27 ਅਗਸਤ ਵਾਲੀ ਹੜਤਾਲ ਦੇ ਦੌਰਾਨ ਮੁਲਾਜ਼ਮਾਂ ਨੂੰ Show cause ਨੋਟਿਸ ਜਾਰੀ ਕੀਤੇ ਗਏ ਸਨ ਉਨਾ ਤਹਿਤ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਇਹ ਮੀਟਿੰਗ ਦੇ ਵਿੱਚ ਸਹਿਮਤੀ ਬਣੀ ਹੈ।
ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਪ੍ਰਸ਼ਾਸਨ ਵਿਚਕਾਰ ਚੱਲ ਰਿਹਾ ਟਕਰਾਅ ਫਿਲਹਾਲ ਟਲਦਾ ਨਜ਼ਰ ਆ ਰਿਹਾ ਹੈ। ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਵਿਚਕਾਰ ਹੋਈ ਅਹਿਮ ਮੀਟਿੰਗ ਦੌਰਾਨ ਵੱਡੀ ਸਹਿਮਤੀ ਬਣ ਗਈ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਆਪਣੀ ਹੜਤਾਲ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਮੀਟਿੰਗ ਦੀਆਂ ਮੁੱਖ ਗੱਲਾਂ ਅਤੇ ਫ਼ੈਸਲੇ
ਕਾਰਨ ਦੱਸੋ (Show Cause) ਨੋਟਿਸ ਰੱਦ
ਬੀਤੇ 27 ਅਗਸਤ ਨੂੰ ਹੋਈ ਹੜਤਾਲ ਦੌਰਾਨ ਗੈਰ-ਹਾਜ਼ਰ ਰਹੇ ਮੁਲਾਜ਼ਮਾਂ ਨੂੰ ਜੋ 'ਸ਼ੋਅ ਕਾਸ ਨੋਟਿਸ' ਜਾਰੀ ਕੀਤੇ ਗਏ ਸਨ, ਉਨ੍ਹਾਂ ਤਹਿਤ ਹੁਣ ਕੋਈ ਵੀ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਹੜਤਾਲ ਵਾਪਸ: ਮੁੱਖ ਸਕੱਤਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮੁਲਾਜ਼ਮ ਯੂਨੀਅਨਾਂ ਨੇ 11 ਸਤੰਬਰ ਤੱਕ ਚੱਲਣ ਵਾਲੇ ਆਪਣੇ ਹੜਤਾਲੀ ਸੰਘਰਸ਼ ਨੂੰ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਹੈ।
ਸੀ.ਐੱਮ. ਨਾਲ ਮੀਟਿੰਗ: ਮੁਲਾਜ਼ਮਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਅਤੇ ਮਸਲਿਆਂ 'ਤੇ ਵਿਚਾਰ ਕਰਨ ਲਈ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉੱਚ-ਪੱਧਰੀ ਮੀਟਿੰਗ ਤਫ਼ਸੀਲ ਨਾਲ ਕਰਵਾਈ ਜਾਵੇਗੀ।
11 ਸਤੰਬਰ ਵਾਲੀ ਹੜਤਾਲ ਖਤਮ
ਜ਼ਿਕਰਯੋਗ ਹੈ ਕਿ ਪਹਿਲਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 11 ਸਤੰਬਰ ਤੱਕ ਸਮੂਹਿਕ ਛੁੱਟੀ 'ਤੇ ਰਹਿ ਕੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਸੀ, ਪਰ ਪ੍ਰਸ਼ਾਸਨ ਨਾਲ ਬਣੀ ਰਜ਼ਾਮੰਦੀ ਤੋਂ ਬਾਅਦ ਹੁਣ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਮੁੜ ਤੋਂ ਸ਼ੁਰੂ ਹੋ ਗਿਆ ਹੈ।