ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਵਧੇਗੀ ਠੰਢ, ਅੱਜ ਮੌਸਮ ਰਹੇਗਾ ਖੁਸ਼ਕ; ਤਾਪਮਾਨ ਆਮ ਨਾਲੋਂ 2.6 ਡਿਗਰੀ ਹੇਠਾਂ; ਰੋਪੜ ‘ਚ 32.7 ਡਿਗਰੀ ਦਰਜ

ਉੱਤਰ ਭਾਰਤ ਦੇ ਵਿੱਚ ਮੌਸਮ ਹੌਲੀ-ਹੌਲੀ ਬਦਲਣ ਲੱਗ ਪਿਆ ਹੈ, ਸਵੇਰ-ਸ਼ਾਮ ਦੀ ਠੰਡ ਵੱਧਣ ਲੱਗ ਪਈ ਹੈ। ਆਓ ਜਾਣਦੇ ਹਾਂ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋ ਸਕਦੀ ਹੈ ਕਿ ਮੌਸਮ ਖੁਸ਼ਕ ਰਹੇਗਾ।

By:  Lajwinder Kaur October 17th 2026 10:30 AM -- Updated: October 17th 2026 10:36 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (17 ਅਕਤੂਬਰ) ਤੋਂ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਅਨੁਸਾਰ 17 ਤੋਂ 22 ਅਕਤੂਬਰ ਤੱਕ ਸੂਬੇ ਵਿੱਚ ਮੀਂਹ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਦਿਨ ਵੇਲੇ ਹਲਕੀ ਗਰਮੀ ਮਹਿਸੂਸ ਹੋ ਸਕਦੀ ਹੈ, ਜਦਕਿ ਸਵੇਰੇ ਅਤੇ ਰਾਤ ਦੇ ਸਮੇਂ ਠੰਢ ਵਧਣ ਲੱਗੇਗੀ। ਮੌਸਮ ਸਾਫ਼ ਰਹਿਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ

ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 2.6 ਡਿਗਰੀ ਘੱਟ ਰਿਹਾ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਰੋਪੜ ਵਿੱਚ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਘੱਟ ਰਹਿਣ ਅਤੇ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ।

ਪੱਛਮੀ ਗੜਬੜੀ ਦਾ ਅਸਰ ਪੈਣ ਦੀ ਸੰਭਾਵਨਾ ਘੱਟ

ਪੰਜਾਬ ਅਤੇ ਚੰਡੀਗੜ੍ਹ ਦੇ ਆਸ-ਪਾਸ ਪੱਛਮੀ ਗੜਬੜੀ ਦਾ ਅਸਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਹਰਿਆਣਾ ਅਤੇ ਉੱਤਰੀ ਰਾਜਸਥਾਨ ਦੇ ਉੱਪਰਲੇ ਵਾਯੂਮੰਡਲ ਵਿੱਚ ਚੱਕਰਵਾਤੀ ਪ੍ਰਣਾਲੀਆਂ ਵੀ ਸਰਗਰਮ ਹਨ। ਹਾਲਾਂਕਿ, ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੀਂਹ ਦੀਆਂ ਗਤੀਵਿਧੀਆਂ ਘਟਣ ਨਾਲ ਵਾਤਾਵਰਨ ਵਿੱਚ ਨਮੀ ਵੀ ਘੱਟ ਹੋ ਸਕਦੀ ਹੈ।

ਪੰਜਾਬ ਵਿੱਚ ਬਿਜਲੀ ਦੀ ਮੰਗ ਘਟੀ

ਪੰਜਾਬ ਵਿੱਚ ਬਿਜਲੀ ਦੀ ਮੰਗ ਘਟ ਕੇ 7,078 ਮੈਗਾਵਾਟ ਦਰਜ ਕੀਤੀ ਗਈ। ਸੂਬੇ ਨੇ ਨਿਰਧਾਰਤ 2,108 ਮੈਗਾਵਾਟ ਦੇ ਮੁਕਾਬਲੇ 2,617 ਮੈਗਾਵਾਟ ਬਿਜਲੀ ਲਈ, ਜੋ ਤੈਅ ਮਾਤਰਾ ਨਾਲੋਂ 509 ਮੈਗਾਵਾਟ ਵੱਧ ਹੈ। ਪੰਜਾਬ ਵਿੱਚ ਬਿਜਲੀ ਦਾ ਕੁੱਲ ਉਤਪਾਦਨ 4,474 ਮੈਗਾਵਾਟ ਦਰਜ ਕੀਤਾ ਗਿਆ, ਜਦਕਿ ਬਿਜਲੀ ਦੀ ਆਵ੍ਰਿੱਤੀ 49.97 ਹਰਟਜ਼ ਰਹੀ।

© Copyright Galactic Television & Communications Pvt. Ltd. 2026. All rights reserved.