Punjab Budget: ਪੰਜਾਬ ਬਜਟ ‘ਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 7,715 ਕਰੋੜ ਰੁਪਏ, ਸੂਬੇ ‘ਚ ਬਣੇਗਾ ਨਵਾਂ ਮੈਡੀਕਲ ਕਾਲਜ

By:  Lajwinder Kaur March 8th 2026 12:18 PM -- Updated: March 8th 2026 12:31 PM

Punjab Budget 2026 : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਯਾਨੀਕਿ 8 ਮਾਰਚ 2026 ਨੂੰ ਵਿਧਾਨ ਸਭਾ ਵਿੱਚ 2026-27 ਦਾ ਬਜਟ ਪੇਸ਼ ਕਰ ਰਹੇ ਹਨ। ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਵਾਂ ਬਜਟ ਹੈ ਅਤੇ ਇਹ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣਾ, ਇਨਸਾਫ, ਬਰਾਬਰੀ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2022 ਵਿੱਚ ਬਦਲਾਅ ਲਈ ਵੋਟ ਪਾਈ ਸੀ ਅਤੇ ਸਰਕਾਰ ਉਸ ਭਰੋਸੇ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਮੁਸ਼ਕਲ ਸਮਿਆਂ, ਖਾਸ ਕਰਕੇ ਹੜ੍ਹਾਂ ਦੌਰਾਨ, ਪੰਜਾਬ ਦੇ ਲੋਕਾਂ ਵੱਲੋਂ ਦਿਖਾਈ ਹਿੰਮਤ ਅਤੇ ਇਕਜੁੱਟਤਾ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੀ ਹੈ।

ਵਿੱਤ ਮੰਤਰੀ ਦੇ ਪਿਟਾਰੇ ਤੋਂ ਕਈ ਅਹਿਮ ਐਲਾਨ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਮਹਿਲਾਵਾਂ, ਕਿਸਾਨਾਂ ਤੋਂ ਲੈ ਕੇ ਰੁਜ਼ਗਾਰ ਨੂੰ ਲੈ ਕੇ ਕਈ ਐਲਾਨ ਕੀਤੇ ਜਾ ਰਹੇ ਹਨ।

ਸਿਹਤ ਅਤੇ ਮੈਡੀਕਲ ਸਿੱਖਿਆ: ₹6,879 ਕਰੋੜ ਦਾ ਨਿਵੇਸ਼

ਸੂਬੇ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਸਸਤੀਆਂ ਤੇ ਬਿਹਤਰ ਸਹੂਲਤਾਂ ਦੇਣ ਲਈ ਸਰਕਾਰ ਨੇ ਸਿਹਤ ਵਿਭਾਗ ਲਈ ₹6,879 ਕਰੋੜ ਰਾਖਵੇਂ ਰੱਖੇ ਹਨ। ਮੈਡੀਕਲ ਸਿੱਖਿਆ ਨੂੰ ਹੁਲਾਰਾ ਦੇਣ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ:

ਮਾਲੇਰਕੋਟਲਾ ਵਿੱਚ ਨਵਾਂ ਮੈਡੀਕਲ ਕਾਲਜ: ਸਰਕਾਰ ਨੇ ਮਾਲੇਰਕੋਟਲਾ ਵਿੱਚ ਨਵਾਂ ਸਰਕਾਰੀ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਲਈ ₹49 ਕਰੋੜ ਦੀ ਲਾਗਤ ਨਾਲ 38.50 ਏਕੜ ਜ਼ਮੀਨ ਖਰੀਦੀ ਗਈ ਹੈ।

MBBS ਸੀਟਾਂ ਵਿੱਚ ਵਾਧਾ: ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੜਾਅਵਾਰ ਤਰੀਕੇ ਨਾਲ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ, ਜਿਸ ਨਾਲ MBBS ਦੀਆਂ ਸੀਟਾਂ ਵਧਣਗੀਆਂ ਅਤੇ ਆਧੁਨਿਕ ਟੀਚਿੰਗ ਹਸਪਤਾਲ ਬਣਨਗੇ।

ਖੋਜ ਲਈ ਬਜਟ: ਮੈਡੀਕਲ ਸਿੱਖਿਆ ਅਤੇ ਖੋਜ (Research) ਲਈ ₹1,220 ਕਰੋੜ ਦਾ ਬਜਟ ਰੱਖਿਆ ਗਿਆ ਹੈ।

ਬਜਟ 'ਚ ਕਿਹਾ ਗਿਆ ਹੈ ਕਿ 400 ਸਪੈਸ਼ਲਿਸਟ ਡਾਕਟਰ ਭਰਤੀ ਕੀਤੀ ਜਾਣਗੇ ਨਾਲ ਹੀ 400 ਨਰਸਿੰਗ ਸਟਾਫ ਦੀ ਭਰਤੀ ਹੋਵੇਗੀ। ਸਿਹਤ ਖੇਤਰ ਲਈ 6879 ਕਰੋੜ ਰੁਪਏ ਦਾ ਬਜਟ ਹੋਵੇਗਾ।

ਖੇਤੀਬਾੜੀ ਅਤੇ ਕਿਸਾਨ ਭਲਾਈ: ₹15,377 ਕਰੋੜ ਦਾ ਬਜਟ

ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਅਤੇ ਕਿਸਾਨਾਂ ਦੀ ਭਲਾਈ ਲਈ ਸਰਕਾਰ ਨੇ ਕੁੱਲ ₹15,377 ਕਰੋੜ ਦਾ ਪ੍ਰਬੰਧ ਕੀਤਾ ਹੈ। 

ਮੁਫ਼ਤ ਬਿਜਲੀ ਸਬਸਿਡੀ: ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਅਤੇ ਸਬਸਿਡੀ ਵਾਲੀ ਬਿਜਲੀ ਜਾਰੀ ਰੱਖਣ ਲਈ ₹7,715 ਕਰੋੜ ਦਾ ਵੱਡਾ ਫੰਡ ਰੱਖਿਆ ਗਿਆ ਹੈ।

ਫਸਲੀ ਵਿਭਿੰਨਤਾ: ਬਜਟ ਦਾ ਮੁੱਖ ਮਕਸਦ ਫਸਲੀ ਚੱਕਰ ਵਿੱਚ ਬਦਲਾਅ ਲਿਆਉਣਾ, ਖੇਤੀ ਨੂੰ ਟਿਕਾਊ ਬਣਾਉਣਾ ਅਤੇ ਮੰਡੀਕਰਨ ਦੇ ਸੁਧਾਰਾਂ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣਾ ਹੈ।

ਕਿਸਾਨੀ ਦੇ ਮਹੱਤਵਪੂਰਨ ਯੋਗਦਾਨ ਨੂੰ ਬਚਾਉਣ ਤੇ ਮੁੜ ਉਭਾਰ ਅਤੇ ਪ੍ਰਫੁੱਲਤ ਕਰਨ ਲਈ 15,370 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਗਈ ਹੈ।

ਵਿੱਤ ਮੰਤਰੀ ਨੇ ਦੱਸਿਆ ਬੀਟੀ ਕਾਟਨ ਦੇ ਹਾਈਬ੍ਰਿਡ ਬੀਜਾਂ ਤੇ 33 ਫੀਸਦੀ ਸਬਸਿਡੀ ਤਹਿਤ 11ਕਰੋੜ ਦੀ ਰਾਸ਼ੀ ਦਿੱਤੀ ਗਈ ਹੈ। ਨਰਮੇ ਵਿੱਚ 19 ਫੀਸਦੀ ਵਾਧਾ ਹੋਇਆ ਹੈ। ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ 40 ਕਰੋੜ ਰੁਪਏ ਰੱਖੇ ਗਏ ਹਨ। ਸਾਉਣੀ ਮੱਕੀ ਦੇ ਪਾਇਲਟ ਪ੍ਰਾਜੈਕਟ ਲਈ 15 ਕਰੋੜ ਰੁਪਏ ਰੱਖੇ ਗਏ ਹਨ।



Related Post

DC ਦਫ਼ਤਰ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, ਪੰਜਾਬ ਭਰ ‘ਚ ਸਰਕਾਰੀ ਕੰਮਕਾਜ ਠੱਪ, ਦਫਤਰਾਂ ‘ਚ ਲੋਕ ਖੱਜਲ ਖੁਆਰ….
ਅਦਾਕਾਰ ਰੱਬੀ ਕੰਧੋਲਾ ਸਾਥੀਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਸ਼ਾਮਲ, ਪਾਰਟੀ ਨੂੰ ਮਿਲਿਆ ਵੱਡਾ ਸਿਆਸੀ ਹੁਲਾਰਾ
ਪੰਜਾਬ ਦੇ 23 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ, ਕੁਝ ਇਲਾਕਿਆਂ ‘ਚ ਭਾਰੀ ਮੀਂਹ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ AI ਦੀ ਪੜ੍ਹਾਈ ਕਰਵਾਈ ਜਾਏਗੀ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂਆਤ
ਸੰਯੁਕਤ ਕਿਸਾਨ ਮੋਰਚੇ ਦਾ ਐਲਾਨ: ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਪੰਜਾਬ ਭਰ ‘ਚ ਟੋਲ ਪਲਾਜ਼ੇ ਫ਼੍ਰੀ
ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਵੱਡਾ ਐਕਸ਼ਨ! ਸੀਨੀਅਰ ਆਗੂ ਨੂੰ ਕੱਢਿਆ ਪਾਰਟੀ ਤੋਂ ਬਾਹਰ, ਜਾਣੋ ਵਜ੍ਹਾ….

© Copyright Galactic Television & Communications Pvt. Ltd. 2026. All rights reserved.