ਇਲਜ਼ਾਮਾਂ ਤੋਂ ਬਾਅਦ ਮੀਡੀਆ ਅੱਗੇ ਆਏ ਹਰਦੀਪ ਮੁੰਡੀਆਂ, ਬੋਲੇ- ‘ਪਰਿਵਾਰ ਨੂੰ ਕੀਤਾ ਗਿਆ ਪ੍ਰੇਸ਼ਾਨ, ਪਾਰਟੀ ਬਦਲਣ ਨੂੰ ਲੈ ਕੇ ਪਾਇਆ ਦਬਾਅ’, ਬਿੱਟੂ ਨੂੰ ਸੁਣਾਈਆਂ ਖਰੀਆਂ-ਖਰੀਆਂ
ਵਿਦੇਸ਼ ਭੱਜਣ ਦੇ ਇਲਜ਼ਾਮਾਂ ਤੋਂ ਬਾਅਦ ਮੀਡੀਆ ਅੱਗੇ ਆਏ ਮੰਤਰੀ ਹਰਦੀਪ ਮੁੰਡੀਆਂ। ਜਿਸ ਤੋਂ ਬਾਅਦ ਵਿਦੇਸ਼ ਭੱਜਣ ਵਾਲੀਆਂ ਗੱਲਾਂ ਕਰਨ ਵਾਲੇ ਵਿਰੋਧੀ ਆਗੂਆਂ ਦੀ ਬੋਲਤੀ ਬੰਦ ਕਰਵਾ ਦਿੱਤੀ। ਉਨ੍ਹਾਂ ਨੇ ਮੀਡੀਆ 'ਚ ਆ ਕਿ ਦੱਸਿਆ ਕਿਵੇਂ ਭਾਜਪਾ ਵੱਲੋਂ ਈਡੀ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ।
ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਛਾਪੇਮਾਰੀਆਂ ਨੂੰ ਲੈ ਕੇ ਸਿਆਸੀ ਪਾਰਾ ਸਿਖ਼ਰਾਂ 'ਤੇ ਪਹੁੰਚ ਗਿਆ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਤਿੱਖੇ ਹਮਲੇ ਬੋਲੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ।
"3 ਸਾਲ ਦੀ ਬੱਚੀ ਨੂੰ ਕੀਤਾ ਗਿਆ ਪ੍ਰੇਸ਼ਾਨ, ਘਰ ਵਿੱਚੋਂ ਕੁਝ ਨਹੀਂ ਮਿਲਿਆ"
ਪ੍ਰੈੱਸ ਕਾਨਫਰੰਸ ਦੇ ਦੌਰਾਨ ਹਰਦੀਪ ਸਿੰਘ ਮੁੰਡੀਆਂ ਨੇ ਦੋਸ਼ ਲਾਇਆ ਕਿ ਈ.ਡੀ. ਦੀ ਰੇਡ ਦੌਰਾਨ ਉਨ੍ਹਾਂ ਦੇ ਘਰ ਸਿਰਫ਼ ਤਕਲੀਫ਼ਾਂ ਹੀ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਘਰ ਵਿੱਚ ਮੌਜੂਦ 3 ਸਾਲ ਦੀ ਮਾਸੂਮ ਬੱਚੀ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਮੰਤਰੀ ਨੇ ਦਾਅਵਾ ਕੀਤਾ ਕਿ ਛਾਪੇਰਾਮੀ ਦੌਰਾਨ ਉਨ੍ਹਾਂ ਦੇ ਘਰੋਂ 2 ਹਜ਼ਾਰ ਰੁਪਏ ਤੋਂ ਵੱਧ ਦੀ ਨਕਦ ਰਕਮ ਵੀ ਨਹੀਂ ਮਿਲੀ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਹ ਸਭ ਕੁਝ ਸਿਆਸੀ ਬਦਲਾਖੋਰੀ ਤਹਿਤ ਕੀਤਾ ਜਾ ਰਿਹਾ ਹੈ।
"ਪਾਰਟੀ ਬਦਲਣ ਲਈ ਪਾਇਆ ਜਾ ਰਿਹਾ ਹੈ ਦਬਾਅ"
ਮੁੰਡੀਆਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ 'ਤੇ ਆਮ ਆਦਮੀ ਪਾਰਟੀ (AAP) ਛੱਡ ਕੇ ਪਾਰਟੀ ਬਦਲਣ ਦਾ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਸੀਂ "ਕੱਟੜ ਇਮਾਨਦਾਰ" ਹਾਂ ਅਤੇ ਡਰ ਕੇ ਭੱਜਣ ਵਾਲੇ ਨਹੀਂ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਚੋਣਾਂ ਜਿੱਤਣ ਲਈ ਹੁਣ ਇਨ੍ਹਾਂ ਏਜੰਸੀਆਂ ਦਾ ਸਹਾਰਾ ਲੈ ਰਹੀ ਹੈ।
ਰਵਨੀਤ ਬਿੱਟੂ 'ਤੇ ਤਿੱਖਾ ਨਿਸ਼ਾਨਾ
ਇਸ ਦੌਰਾਨ ਹਰਦੀਪ ਸਿੰਘ ਮੁੰਡੀਆਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਉੱਤੇ ਵੀ ਤਿੱਖਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਰਵਨੀਤ ਬਿੱਟੂ ਨੇ ਤਾਂ ਜਿਵੇਂ 'ਟਰੈਵਲ ਏਜੰਸੀ' ਖੋਲ੍ਹੀ ਹੋਈ ਹੈ ਅਤੇ ਉਹ ਬਿਨਾਂ ਗੱਲੋਂ ਸਰਕਾਰ 'ਤੇ ਬੇਲੋੜੇ ਨਿਸ਼ਾਨੇ ਸਾਧ ਰਹੇ ਹਨ।
ਪੰਜਾਬ ਵਿੱਚ ਈ.ਡੀ. ਦੀ ਕਾਰਵਾਈ ਅਤੇ ਮੰਤਰੀ ਵੱਲੋਂ ਲਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ ਕਾਰਨ ਸੂਬੇ ਦੀ ਸਿਆਸਤ ਵਿੱਚ ਭਾਰੀ ਗਰਮਾ-ਗਰਮੀ ਦੇਖਣ ਨੂੰ ਮਿਲ ਰਹੀ ਹੈ।