CM ਮਾਨ ਵੱਲੋਂ ਮਾਵਾਂ-ਧੀਆਂ ਨੂੰ ਰੱਖੜੀਆਂ ਦਾ ਤੋਹਫ਼ਾ! ਲੇਟ ਰਜਿਸਟ੍ਰੇਸ਼ਨ ਦੇ ਬਾਵਜੂਦ ਖਾਤਿਆਂ ‘ਚ ਹੋਏਗੀ ਟੂੰ-ਟੂੰ…

ਮਾਨ ਸਰਕਾਰ ਦੀ ਅਖੀਰਲੀ ਗਾਰੰਟੀ ਯਾਨੀਕਿ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' (mukh mantri mawan dhiyan satkar yojana) ਇਨ੍ਹੀਂ ਦਿਨੀਂ ਚਰਚਾ ਦੇ ਵਿੱਚ ਬਣੀ ਹੋਈ ਹੈ। ਇੱਕ ਜੁਲਾਈ ਤੋਂ ਹੀ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀਆਂ ਮਾਵਾਂ ਅਤੇ ਧੀਆਂ ਨੂੰ ਵੱਡੀ ਰਾਹਤ ਦਿੰਦਿਆਂ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾ ਦਿੱਤਾ ਹੈ।

By:  Lajwinder Kaur July 17th 2026 03:54 PM -- Updated: July 17th 2026 04:19 PM

ਮਾਨ ਸਰਕਾਰ ਦੀ ਅਖੀਰਲੀ ਗਾਰੰਟੀ ਯਾਨੀਕਿ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' (mukh mantri mawan dhiyan satkar yojana) ਇਨ੍ਹੀਂ ਦਿਨੀਂ ਚਰਚਾ ਦੇ ਵਿੱਚ ਬਣੀ ਹੋਈ ਹੈ। ਇੱਕ ਜੁਲਾਈ ਤੋਂ ਹੀ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀਆਂ ਮਾਵਾਂ ਅਤੇ ਧੀਆਂ ਨੂੰ ਵੱਡੀ ਰਾਹਤ ਦਿੰਦਿਆਂ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾ ਦਿੱਤਾ ਹੈ। ਹੁਣ ਰਜਿਸਟ੍ਰੇਸ਼ਨ ਵਿੱਚ ਦੇਰੀ ਹੋਣ ਦੇ ਬਾਵਜੂਦ ਲਾਭਪਾਤਰੀਆਂ ਨੂੰ 'ਸਤਿਕਾਰ ਰਾਸ਼ੀ' ਪ੍ਰਾਪਤ ਕਰਨ ਵਿੱਚ ਕੋਈ ਅੜਿੱਕਾ ਨਹੀਂ ਆਵੇਗਾ।

ਹੁਣ ਰਜਿਸਟ੍ਰੇਸ਼ਨ 'ਚ ਨਹੀਂ ਹੋਵੇਗੀ ਦੇਰੀ

ਪਹਿਲਾਂ ਕਈ ਮਹਿਲਾਵਾਂ ਨੂੰ ਰਜਿਸਟ੍ਰੇਸ਼ਨ ਵਿੱਚ ਦੇਰੀ ਕਾਰਨ ਵਿੱਤੀ ਸਹਾਇਤਾ ਮਿਲਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਅਤੇ ਤੇਜ਼ ਕਰ ਦਿੱਤਾ ਗਿਆ ਹੈ। ਹੁਣ ਜੋ ਮਹਿਲਾਵਾਂ ਕਿਸੇ ਕਾਰਨ ਪਹਿਲਾਂ ਰਜਿਸਟਰ ਨਹੀਂ ਕਰ ਸਕੀਆਂ ਸਨ, ਉਹ ਵੀ ਹੁਣ ਅਪਲਾਈ ਕਰ ਸਕਦੀਆਂ ਹਨ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ ਬਣਦੀ ਰਾਸ਼ੀ ਜਲਦ ਹੀ ਜਮ੍ਹਾਂ ਕਰ ਦਿੱਤੀ ਜਾਵੇਗੀ।

ਮੋਬਾਈਲ ਫੋਨਾਂ 'ਤੇ ਮੁੜ ਗੂੰਜੇਗੀ ਖੁਸ਼ੀ ਦੀ 'ਟੂੰ-ਟੂੰ'

ਸਰਕਾਰ ਦੇ ਇਸ ਕਦਮ ਤੋਂ ਬਾਅਦ ਜੁਲਾਈ ਤੋਂ ਪੈਂਡਿੰਗ ਚੱਲ ਰਹੇ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਜਿਨ੍ਹਾਂ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋ ਗਈ ਹੈ, ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਦੁਬਾਰਾ 'ਟੂੰ-ਟੂੰ' (SMS ਅਲਰਟ) ਸੁਣਾਈ ਦੇਵੇਗੀ, ਜੋ ਇਸ ਗੱਲ ਦੀ ਪੁਸ਼ਟੀ ਕਰੇਗੀ ਕਿ 'ਸਤਿਕਾਰ ਰਾਸ਼ੀ' ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਚੁੱਕੀ ਹੈ। ਇਸ ਵਾਰ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੀ ਰਾਸ਼ੀ ਨੂੰ ਇਕੱਠਾ (ਕੰਸੋਲੀਡੇਟਿਡ) ਜਾਰੀ ਕੀਤਾ ਜਾ ਰਿਹਾ ਹੈ ਤਾਂ ਜੋ ਲਾਭਪਾਤਰੀਆਂ ਨੂੰ ਇੱਕੋ ਵਾਰ ਵੱਡੀ ਰਾਹਤ ਮਿਲ ਸਕੇ।

ਜਾਣੋ ਇਸ ਯੋਜਨਾ ਦੇ ਮੁੱਖ ਪਹਿਲੂ…

ਵਿੱਤੀ ਸਹਾਇਤਾ: ਜਨਰਲ ਕੈਟਾਗਰੀ ਦੀਆਂ ਮਹਿਲਾਵਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ (SC) ਦੀਆਂ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।

ਪਾਰਦਰਸ਼ਤਾ: ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਆਧਾਰ-ਲਿੰਕਡ ਬੈਂਕ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਰਾਹੀਂ ਭੇਜੀ ਜਾ ਰਹੀ ਹੈ।

ਮਕਸਦ: ਇਸ ਯੋਜਨਾ ਦਾ ਮੁੱਖ ਉਦੇਸ਼ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਮਾਣ-ਸਨਮਾਨ ਦਿਵਾਉਣਾ ਹੈ।

ਸਰਕਾਰੀ ਅੰਕੜਿਆਂ ਮੁਤਾਬਕ, ਹੁਣ ਤੱਕ ਲੱਖਾਂ ਮਹਿਲਾਵਾਂ ਇਸ ਯੋਜਨਾ ਦਾ ਲਾਭ ਲੈ ਚੁੱਕੀਆਂ ਹਨ ਅਤੇ ਸਰਕਾਰ ਦਾ ਟੀਚਾ ਸੂਬੇ ਦੀਆਂ ਲਗਭਗ 52 ਲੱਖ ਯੋਗ ਮਹਿਲਾਵਾਂ ਨੂੰ ਇਸ ਦਾਇਰੇ ਵਿੱਚ ਲਿਆਉਣਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਇੱਕ ਆਰਥਿਕ ਮਦਦ ਨਹੀਂ, ਸਗੋਂ ਸਾਡੀਆਂ ਮਾਵਾਂ-ਧੀਆਂ ਦੇ ਸਤਿਕਾਰ ਦਾ ਪ੍ਰਤੀਕ ਹੈ ਅਤੇ ਇਸ ਨੂੰ ਨਿਰੰਤਰ ਜਾਰੀ ਰੱਖਣ ਲਈ ਪੂਰੀ ਯੋਜਨਾਬੰਦੀ ਕੀਤੀ ਗਈ ਹੈ।

© Copyright Galactic Television & Communications Pvt. Ltd. 2026. All rights reserved.