ਪੰਜਾਬ ਦੇ ਮੌਸਮ ਨੂੰ ਲੈ ਕੇ ਆਇਆ ਵੱਡਾ ਅਪਡੇਟ! 5 ਸਤੰਬਰ ਤੱਕ ਮੀਂਹ ਦਾ ਅਲਰਟ; ਚੰਡੀਗੜ੍ਹ-ਮੋਹਾਲੀ ‘ਚ ਛਾਏ ਰਹਿਣਗੇ ਬੱਦਲ
ਪਿਛਲੇ ਕੁੱਝ ਦਿਨਾਂ ਤੋਂ ਸੂਬੇ ਦੇ ਵਿੱਚ ਗਰਮੀ ਅਤੇ ਹੁੰਮਸ ਵਧੀ ਪਈ ਹੈ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਸਮੇਂ ਪੰਜਾਬ ਦੇ ਵਿੱਚ ਮਾਨਸੂਨ ਸੁਸਤ ਹੋ ਗਿਆ ਪਰ ਆਉਣ ਵਾਲੇ ਦਿਨਾਂ ਚ ਪੰਜਾਬ-ਚੰਡੀਗੜ੍ਹ 'ਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਭਾਵੇਂ ਇਸ ਸਮੇਂ ਪੰਜਾਬ ਦੇ ਵਿੱਚ ਮਾਨਸੂਨ ਸੁਸਤ ਹੋ ਗਿਆ ਪਰ ਆਉਣ ਵਾਲੇ ਦਿਨਾਂ ਚ ਪੰਜਾਬ-ਚੰਡੀਗੜ੍ਹ 'ਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਅਗਲੇ ਚਾਰ ਦਿਨਾਂ ਤੱਕ ਕੁਝ ਥਾਵਾਂ ਉੱਤੇ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ 5 ਸਤੰਬਰ ਤੱਕ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਉੱਥੇ ਹੀ, ਚੰਡੀਗੜ੍ਹ ਵਿੱਚ ਅੰਸ਼ਕ ਤੌਰ ਉੱਤੇ ਬੱਦਲ ਛਾਏ ਰਹਿਣ ਦੇ ਆਸਾਰ ਹਨ ਅਤੇ ਇੱਕ-ਦੋ ਵਾਰ ਮੀਂਹ ਜਾਂ ਗਰਜ ਨਾਲ ਬੂੰਦਾ-ਬਾਂਦੀ ਹੋ ਸਕਦੀ ਹੈ।
ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਪੰਜਾਬ ਵਿੱਚ ਗਰਮੀ ਅਤੇ ਹੁੰਮਸ ਵਧ ਗਈ ਹੈ। ਹਾਲਾਂਕਿ, ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੇ ਅਸਰ ਕਰਕੇ ਸੂਬੇ ਦੇ ਔਸਤ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 1.9 ਡਿਗਰੀ ਵੱਧ ਬਣਿਆ ਹੋਇਆ ਹੈ।
AQI 50 ਤੋਂ ਹੇਠਾਂ
ਸੂਬੇ ਵਿੱਚ ਸਭ ਤੋਂ ਵੱਧ 38.3 ਡਿਗਰੀ ਸੈਲਸੀਅਸ ਤਾਪਮਾਨ ਫ਼ਰੀਦਕੋਟ ਵਿੱਚ ਦਰਜ ਕੀਤਾ ਗਿਆ। ਉੱਥੇ ਹੀ, ਚੰਡੀਗੜ੍ਹ ਦੀ ਹਵਾ ਇਨ੍ਹੀਂ ਦਿਨੀਂ ਕਾਫ਼ੀ ਸਾਫ਼ ਅਤੇ ਚੰਗੀ ਬਣੀ ਹੋਈ ਹੈ। ਅਗਸਤ ਮਹੀਨੇ ਵਿੱਚ 27 ਦਿਨ ਏਅਰ ਕੁਆਲਿਟੀ ਇੰਡੈਕਸ (AQI) 50 ਤੋਂ ਹੇਠਾਂ ਰਿਹਾ।
ਆਓ ਜਾਣੀਏ ਆਉਣ ਵਾਲੇ ਤਿੰਨ ਦਿਨਾਂ ਵਿੱਚ ਮੌਸਮ ਕਿਹੋ ਜਿਹਾ ਰਹੇਗਾ:
2 ਸਤੰਬਰ: ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ ਉੱਤੇ ਭਾਰੀ ਮੀਂਹ ਦਾ ਅਲਰਟ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
3 ਸਤੰਬਰ: ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ਉੱਤੇ ਭਾਰੀ ਮੀਂਹ ਦਾ ਅਲਰਟ ਰਹੇਗਾ।
4 ਸਤੰਬਰ: ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ਉੱਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਸੂਬੇ ਦੇ ਪੰਜ ਜ਼ਿਲ੍ਹਿਆਂ- ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ਉੱਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਇੱਕ-ਦੋ ਥਾਵਾਂ ਉੱਤੇ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।
ਹਾਲਾਂਕਿ, ਸੋਮਵਾਰ ਨੂੰ ਵੀ ਸੂਬੇ ਦੇ ਕਰੀਬ ਨੌਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ, ਪਰ ਪਠਾਨਕੋਟ ਨੂੰ ਛੱਡ ਕੇ ਕਿਤੇ ਵੀ ਮੀਂਹ ਨਹੀਂ ਪਿਆ। ਪਠਾਨਕੋਟ ਵਿੱਚ 1.0 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਉੱਤਰ ਪਾਕਿਸਤਾਨ ਅਤੇ ਜੰਮੂ ਦੇ ਆਲੇ-ਦੁਆਲੇ ਉੱਪਰੀ ਵਾਯੂਮੰਡਲ ਵਿੱਚ ਪੱਛਮੀ ਚੱਕਰਵਾਤ (ਵੈਸਟਰਨ ਡਿਸਟਰਬੈਂਸ) ਸਰਗਰਮ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ ਉੱਤੇ ਵੀ ਪੈ ਰਿਹਾ ਹੈ। ਇਸ ਤੋਂ ਇਲਾਵਾ ਮਾਨਸੂਨ ਦੀ ਟਰਫ਼ ਅੰਮ੍ਰਿਤਸਰ ਅਤੇ ਪਟਿਆਲਾ ਤੋਂ ਹੋ ਕੇ ਗੁਜ਼ਰ ਰਹੀ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।