ਸਾਈਬਰ ਠੱਗਾਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ: 63,749 ਬੈਂਕ ਖਾਤੇ ਕੀਤੇ ਫ੍ਰੀਜ਼, 540 ਕਰੋੜ ਦਾ ਫਰੌਡ ਰੋਕਿਆ

By:  Lajwinder Kaur June 26th 2026 04:34 PM -- Updated: June 26th 2026 04:50 PM

ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਡਿਵੀਜ਼ਨ ਨੇ ਸਾਈਬਰ ਅਪਰਾਧੀਆਂ ਵਿਰੁੱਧ ਇੱਕ ਵੱਡੀ ਅਤੇ ਸਫ਼ਲ ਮੁਹਿੰਮ ਚਲਾਈ ਹੈ। ਪਿਛਲੇ ਇੱਕ ਸਾਲ ਦੌਰਾਨ ਪੁਲਿਸ ਨੇ ਸਾਈਬਰ ਠੱਗਾਂ ਨਾਲ ਜੁੜੇ 63,749 ਸ਼ੱਕੀ ਬੈਂਕ ਖਾਤੇ ਫ੍ਰੀਜ਼ ਕੀਤੇ ਹਨ, ਜਿਸ ਨਾਲ ਕਰੀਬ 540.34 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਨੂੰ ਰੋਕਿਆ ਗਿਆ ਹੈ।

ਪੀੜਤਾਂ ਨੂੰ ਵਾਪਸ ਮਿਲੇ ਕਰੋੜਾਂ ਰੁਪਏ

ਪੁਲਿਸ ਦੀ ਇਸ ਕਾਰਵਾਈ ਨਾਲ ਸਾਲ 2024 ਤੋਂ ਹੁਣ ਤੱਕ ਲਗਭਗ 64 ਕਰੋੜ ਰੁਪਏ ਪੀੜਤਾਂ ਨੂੰ ਵਾਪਸ ਦਿਵਾਏ ਗਏ ਹਨ। ਸਿਰਫ਼ ਸਾਲ 2025 ਵਿੱਚ ਹੀ 38.42 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਮੇਂ ਸਿਰ ਬੈਂਕ ਖਾਤੇ ਫ੍ਰੀਜ਼ ਕਰਨ ਕਾਰਨ ਠੱਗਾਂ ਦੇ ਹੱਥੋਂ ਪੈਸੇ ਕਢਵਾਉਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ ਅਤੇ ਪੀੜਤਾਂ ਨੂੰ ਰਾਹਤ ਮਿਲੀ ਹੈ।

ਜ਼ਿਲ੍ਹਿਆਂ ਵਿੱਚ ਸਭ ਤੋਂ ਅੱਗੇ ਜਲੰਧਰ

ਸਾਈਬਰ ਕਾਰਵਾਈਆਂ ਵਿੱਚ ਜਲੰਧਰ ਕਮਿਸ਼ਨਰੇਟ ਸਭ ਤੋਂ ਅੱਗੇ ਰਿਹਾ ਹੈ, ਜਿੱਥੇ 16,032 ਖਾਤੇ ਫ੍ਰੀਜ਼ ਕਰਕੇ 6.81 ਕਰੋੜ ਰੁਪਏ ਰਿਕਵਰ ਕੀਤੇ ਗਏ ਹਨ। ਇਸ ਤੋਂ ਇਲਾਵਾ ਕਪੂਰਥਲਾ (7,344), ਹੁਸ਼ਿਆਰਪੁਰ (7,201), ਫਿਰੋਜ਼ਪੁਰ (6,930), ਤਰਨ ਤਾਰਨ (5,229) ਅਤੇ ਜਲੰਧਰ ਦਿਹਾਤੀ (4,475) ਵਿੱਚ ਵੀ ਵੱਡੀ ਗਿਣਤੀ ਵਿੱਚ ਖਾਤੇ ਫ੍ਰੀਜ਼ ਕੀਤੇ ਗਏ।

ਬਲੈਕਮੇਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਵੀ ਕਾਬੂ ਕੀਤਾ ਹੈ ਜੋ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇੱਕ ਮਾਮਲੇ ਵਿੱਚ ਕੈਨੇਡਾ ਰਹਿੰਦੇ ਇੱਕ ਵਿਅਕਤੀ ਨੂੰ ਬਲੈਕਮੇਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਭਾਰੀ ਮਾਤਰਾ ਵਿੱਚ ਡਿਜੀਟਲ ਉਪਕਰਨ ਅਤੇ ਨਕਦੀ ਬਰਾਮਦ ਕੀਤੀ ਹੈ।

ਜਾਗਰੂਕਤਾ ਮੁਹਿੰਮ ਜਾਰੀ

ਸਪੈਸ਼ਲ ਡੀਜੀਪੀ (ਸਾਈਬਰ ਕਰਾਈਮ) ਵੀ. ਨੀਰਜਾ ਨੇ ਦੱਸਿਆ ਕਿ ਪੁਲਿਸ ਕੇਵਲ ਕਾਰਵਾਈ ਹੀ ਨਹੀਂ ਕਰ ਰਹੀ, ਸਗੋਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ। ਹੁਣ ਤੱਕ ਰਾਜ ਭਰ ਵਿੱਚ 129 ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਹਨ ਤਾਂ ਜੋ ਲੋਕ ਸਾਈਬਰ ਠੱਗਾਂ ਤੋਂ ਬਚ ਸਕਣ। ਪੰਜਾਬ ਪੁਲਿਸ ਸਖ਼ਤ ਕਾਨੂੰਨੀ ਕਾਰਵਾਈ ਅਤੇ ਲੋਕਾਂ ਦੀ ਜਾਗਰੂਕਤਾ ਦੀ ਦੋਹਰੀ ਰਣਨੀਤੀ ਨਾਲ ਸਾਈਬਰ ਅਪਰਾਧਾਂ ਨੂੰ ਖ਼ਤਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ।


© Copyright Galactic Television & Communications Pvt. Ltd. 2026. All rights reserved.