Punjab News: ਕੁਦਰਤ ਦੀ ਮਾਰ! ਅੰਮ੍ਰਿਤਸਰ ਸਣੇ ਕਈ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ ਦਾ ਨੁਕਸਾਨ, ਚਿੰਤਾ 'ਚ ਕਿਸਾਨ

By:  Lajwinder Kaur March 16th 2026 02:17 PM -- Updated: March 16th 2026 02:27 PM

ਪੰਜਾਬ ਦੇ ਵਿੱਚ ਬੀਤੇ ਦਿਨ ਤੋਂ ਹੀ ਮੌਸਮ ਨੇ ਕਰਵਟ ਲਈ ਜਿਸ ਕਰਕੇ ਕਈ ਸੂਬਿਆਂ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਸਰ ਦੇਖਿਆ ਗਿਆ। ਗਰਮੀ ਤੋਂ ਭਾਵੇਂ ਲੋਕਾਂ ਨੂੰ ਰਾਹਤ ਮਿਲੀ ਹੈ, ਪਰ ਇਸ ਮੀਂਹ-ਹਨ੍ਹੇਰੀ ਨੇ ਕਿਸਾਨਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। 

ਖ਼ਾਸ ਕਰਕੇ ਅਜਨਾਲਾ ਖੇਤਰ ਵਿੱਚ, ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਖੇਤਾਂ ਵਿੱਚ ਖੜ੍ਹੀ ਕਣਕ ਦੀ ਪੱਕੀ ਹੋਈ ਫ਼ਸਲ ਵਿਛ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰਾ ਸਾਲ ਮਿਹਨਤ ਕਰਕੇ ਕਣਕ ਦੀ ਫ਼ਸਲ ਪਾਲੀ ਸੀ, ਪਰ ਅਚਾਨਕ ਆਈ ਇਸ ਬੇਮੌਸਮੀ ਬਾਰਿਸ਼ ਨੇ ਉਨ੍ਹਾਂ ਦੀ ਸਾਰੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ।

ਫਾਜ਼ਿਲਕਾ ਦੇ ਪਿੰਡ ਟਿੰਡਾਵਾਲਾ ਦੇ ਕਿਸਾਨ ਅਸਮਾਨ ਤੋਂ ਹੋ ਰਹੀ ਗੜੇਮਾਰੀ ਕਾਰਨ ਕਾਫ਼ੀ ਪਰੇਸ਼ਾਨ ਹਨ। ਕਿਸਾਨ ਦਰਸ਼ਨ ਮੱਕੜ ਅਤੇ ਕਮਲ ਮੱਕੜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਅਤੇ ਆਲੇ-ਦੁਆਲੇ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ, ਜਿਸ ਦਾ ਸਿੱਧਾ ਅਸਰ ਕਣਕ ਦੇ ਝਾੜ 'ਤੇ ਪੈ ਰਿਹਾ ਹੈ। ਹੁਣ ਤੱਕ ਲਗਭਗ 20-30 ਫ਼ੀਸਦੀ ਝਾੜ ਪ੍ਰਭਾਵਿਤ ਹੋ ਚੁੱਕਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ ਹੈ। ਜੇਕਰ ਬਾਰਿਸ਼ ਇਸੇ ਤਰ੍ਹਾਂ ਜਾਰੀ ਰਹੀ ਤਾਂ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਰਥਿਕ ਹਾਲਤ 'ਤੇ ਪਵੇਗਾ।

ਪੰਜਾਬ ਦੇ ਸਮਾਣਾ ਵਿੱਚ ਕਿਸਾਨਾਂ ਨੇ ਫ਼ਸਲ ਨੂੰ ਵਧਦੀ ਗਰਮੀ ਕਾਰਨ ਸੁੱਕਣ ਤੋਂ ਬਚਾਉਣ ਲਈ ਪਾਣੀ ਲਗਾਇਆ ਸੀ, ਪਰ ਅਚਾਨਕ ਬਦਲੇ ਮੌਸਮ ਕਾਰਨ ਤਿਆਰ ਫ਼ਸਲ ਹੁਣ ਖੇਤਾਂ ਵਿੱਚ ਵਿਛ ਗਈ ਹੈ। ਤੇਜ਼ ਹਵਾਵਾਂ, ਤੂਫ਼ਾਨ ਅਤੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਬਹੁਤ ਵਧਾ ਦਿੱਤੀ ਹੈ। ਜਿਸ ਫ਼ਸਲ ਨੇ ਕੁਝ ਦਿਨਾਂ ਬਾਅਦ ਮੰਡੀਆਂ ਵਿੱਚ ਪਹੁੰਚਣਾ ਸੀ ਅਤੇ ਜਿਸ ਨੂੰ ਵੇਚ ਕੇ ਕਿਸਾਨ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਸੀ, ਉਹ ਹੁਣ ਬਰਬਾਦੀ ਦੇ ਕੰਢੇ ਪਹੁੰਚ ਗਈ ਹੈ। ਜਿੱਥੇ ਇੱਕ ਏਕੜ ਵਿੱਚੋਂ 22 ਕੁਇੰਟਲ ਕਣਕ ਨਿਕਲਣੀ ਸੀ, ਉੱਥੇ ਹੁਣ ਝਾੜ ਘਟ ਕੇ 10 ਕੁਇੰਟਲ ਤੱਕ ਰਹਿ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ।

ਕਣਕ ਨੂੰ ਲੈ ਕੇ ਕਿਸਾਨ ਪ੍ਰੇਸ਼ਾਨ

ਖੇਤੀਬਾੜੀ ਮਾਹਿਰਾਂ ਅਨੁਸਾਰ, ਜੇਕਰ ਫ਼ਸਲ ਲੰਬੇ ਸਮੇਂ ਤੱਕ ਖੇਤਾਂ ਵਿੱਚ ਇਸੇ ਤਰ੍ਹਾਂ ਪਈ ਰਹਿੰਦੀ ਹੈ, ਤਾਂ ਦਾਣੇ ਕਾਲੇ ਪੈਣ ਅਤੇ ਕਟਾਈ ਦੇ ਸਮੇਂ ਝਾੜ ਘਟਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ 'ਤੇ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਆਏ ਤੂਫ਼ਾਨ ਅਤੇ ਗੜੇਮਾਰੀ ਕਾਰਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਵੀ ਬਰਬਾਦ ਹੋ ਗਈ ਸੀ ਅਤੇ ਹੁਣ ਬੇਮੌਸਮੀ ਮੀਂਹ ਨੇ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ।

ਇਸ ਲਗਾਤਾਰ ਹੋ ਰਹੇ ਨੁਕਸਾਨ ਕਾਰਨ ਕਿਸਾਨ ਡੂੰਘੀ ਚਿੰਤਾ ਵਿੱਚ ਹਨ। ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਤੋਂ ਉਮੀਦ ਹੈ ਕਿ ਫ਼ਸਲਾਂ ਦੀ ਤੁਰੰਤ ਗਿਰਦਾਵਰੀ (ਮੁਆਇਨਾ) ਕਰਵਾ ਕੇ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਮੇਂ ਸਿਰ ਰਾਹਤ ਨਾ ਮਿਲੀ, ਤਾਂ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਵੀ ਖ਼ਰਾਬ ਹੋ ਸਕਦੀ ਹੈ।



Related Post

AAP ‘ਚ ਵੱਡਾ ਧਮਾਕਾ! ਅਸਤੀਫਿਆਂ ਦੀ ਲੱਗੀ ਝੜੀ…11 ਅਹੁਦੇਦਾਰਾਂ ਅਤੇ 8 ਜ਼ਿਲ੍ਹਾ ਪ੍ਰਧਾਨਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ; ਜਾਣੋ ਵਜ੍ਹਾ
ਪੰਜਾਬ ਦੇ 9 ਜ਼ਿਲ੍ਹਿਆਂ 'ਚ ਛਮ-ਛਮ ਮੀਂਹ ਪੈਣ ਦੇ ਆਸਾਰ; 27 ਤੋਂ 29 ਅਗਸਤ ਤੱਕ ਇਨ੍ਹਾਂ ਜ਼ਿਲ੍ਹਿਆਂ ’ਚ ਬਾਰਿਸ਼ ਦੀ ਭਵਿੱਖਬਾਣੀ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬਰਨਾਲਾ ਤੋਂ ਆਗੂ ਗੁਰਦੀਪ ਬਾਠ ਅਤੇ ਗੀਤਕਾਰ ਬਾਬਾ ਬੇਲੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ‘ਚ ਹੋਣਗੇ ਸ਼ਾਮਿਲ
ਪੰਜਾਬ ਦੀ ਸਿਆਸਤ ‘ਚ ਹਲਚਲ; ਕਾਂਗਰਸ ਨੂੰ ਵੱਡਾ ਝਟਕਾ, ਨਾਮੀ ਆਗੂ ਆਮ ਆਦਮੀ ਪਾਰਟੀ ‘ਚ ਹੋਇਆ ਸ਼ਾਮਿਲ
ਬਿਜਲੀ ਦੇ ਵਧੇ ਹੋਏ ਬਿੱਲਾਂ ਤੋਂ ਨਾ ਘਬਰਾਓ! ਸਰਕਾਰ ਨੇ ਰਾਹਤ ਦਿੰਦੇ ਹੋਏ ਕਰਤਾ ਵੱਡਾ ਐਲਾਨ; ਮੁਫ਼ਤ ਬਿਜਲੀ ਸਬਸਿਡੀ….
Punjab ਦੀ ਸਿਆਸਤ ‘ਚ ਵੱਡਾ ਮੋੜ: ਪੰਜਾਬ ਦੌਰੇ ’ਤੇ ਆਏ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਦਾ ਵੱਡਾ ਐਲਾਨ; ਭਾਜਪਾ-ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਬੋਲੇ…

© Copyright Galactic Television & Communications Pvt. Ltd. 2026. All rights reserved.