ਪੰਜਾਬ-ਚੰਡੀਗੜ੍ਹ ‘ਚ ਅੱਜ ਵੀ ਭਾਰੀ ਮੀਂਹ ਦਾ ਅਲਰਟ: ਬਿਜਲੀ ਡਿੱਗਣ ਦਾ ਖ਼ਤਰਾ, 3°C ਡਿੱਗਿਆ ਤਾਪਮਾਨ; ਬਠਿੰਡਾ 37°C ਨਾਲ ਸਭ ਤੋਂ ਗਰਮ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 29 ਜੁਲਾਈ ਨੂੰ ਗਰਜ-ਬਿਜਲੀ ਨਾਲ ਮੀਂਹ ਦੀ ਸੰਭਾਵਨਾ ਹੈ, ਜਦੋਂ ਕਿ 3 ਅਗਸਤ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਜਾਰੀ ਰਹਿ ਸਕਦੀ ਹੈ।

By:  Lajwinder Kaur July 29th 2026 09:51 AM -- Updated: July 29th 2026 09:59 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ। ਮੌਸਮ ਵਿਭਾਗ ਨੇ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਹੋਈ ਬਾਰਿਸ਼ ਕਾਰਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਬਠਿੰਡਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ 29 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਗਰਜ-ਬਿਜਲੀ ਡਿੱਗਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 30 ਜੁਲਾਈ ਤੋਂ 3 ਅਗਸਤ ਤੱਕ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ  ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ।

ਮੀਂਹ ਤੋਂ ਬਾਅਦ ਤਾਪਮਾਨ ‘ਚ ਆਈ ਗਿਰਾਵਟ

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 3.1 ਡਿਗਰੀ ਸੈਲਸੀਅਸ ਘੱਟ ਹੈ। ਉੱਥੇ ਹੀ, ਔਸਤ ਘੱਟੋ-ਘੱਟ ਤਾਪਮਾਨ ਵਿੱਚ ਵੀ 0.5 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ।

ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 29.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਨਾਲੋਂ 4.2 ਡਿਗਰੀ ਸੈਲਸੀਅਸ ਘੱਟ ਰਿਹਾ। ਉੱਥੇ ਹੀ, ਘੱਟੋ-ਘੱਟ ਤਾਪਮਾਨ 24.9 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਕਿ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਹੈ।

ਕਈ ਜ਼ਿਲ੍ਹਿਆਂ ਵਿੱਚ ਜੰਮ ਕੇ ਪਿਆ ਮੀਂਹ

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਸਭ ਤੋਂ ਵੱਧ ਵਰਖਾ ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ਵਿੱਚ 81.5 ਮਿਲੀਮੀਟਰ ਅਤੇ ਪਠਾਨਕੋਟ ਦੇ ਥੀਨ ਡੈਮ ਵਿੱਚ 77.5 ਮਿਲੀਮੀਟਰ ਰਿਕਾਰਡ ਕੀਤੀ ਗਈ। ਚੰਡੀਗੜ੍ਹ ਵਿੱਚ ਸਵੇਰ ਤੱਕ ਏਅਰਪੋਰਟ ਉੱਤੇ 2.0 ਮਿਲੀਮੀਟਰ ਅਤੇ ਸ਼ਹਿਰ ਵਿੱਚ 1.7 ਮਿਲੀਮੀਟਰ ਮੀਂਹ ਪਿਆ।

ਇਸ ਤੋਂ ਬਾਅਦ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਏਅਰਪੋਰਟ ਖੇਤਰ ਵਿੱਚ 58 ਮਿਲੀਮੀਟਰ ਅਤੇ ਸ਼ਹਿਰ ਵਿੱਚ 45.6 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ। ਇਸ ਤੋਂ ਇਲਾਵਾ ਮੁਹਾਲੀ ਵਿੱਚ 28.5 ਮਿਲੀਮੀਟਰ, ਬਠਿੰਡਾ ਵਿੱਚ 20 ਮਿਲੀਮੀਟਰ, ਕੇਵੀਕੇ ਪਠਾਨਕੋਟ ਵਿੱਚ 27 ਮਿਲੀਮੀਟਰ, ਭਾਖੜਾ ਡੈਮ ਵਿੱਚ 34 ਮਿਲੀਮੀਟਰ, ਬੱਲੋਵਾਲ ਸੌਖੜੀ ਵਿੱਚ 15.2 ਮਿਲੀਮੀਟਰ ਅਤੇ ਲੁਧਿਆਣਾ ਵਿੱਚ 13.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਦੀ ਸਲਾਹ

ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਅਸਮਾਨੀ ਬਿਜਲੀ ਡਿੱਗਣ ਦੇ ਖ਼ਦਸ਼ੇ ਨੂੰ ਦੇਖਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਵਿਭਾਗ ਅਨੁਸਾਰ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣ ਸਕਦੀ ਹੈ। ਅਜਿਹੇ ਵਿੱਚ ਬੇਲੋੜੀ ਯਾਤਰਾ ਤੋਂ ਬਚਣ ਅਤੇ ਖਰਾਬ ਮੌਸਮ ਦੌਰਾਨ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

Related Post

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 70 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਮਿਲਿਆ DSP ਰੈਂਕ, ਗਜ਼ਟ ਨੋਟੀਫ਼ਿਕੇਸ਼ਨ ਜਾਰੀ
ਭਾਜਪਾ ਦਾ ਵੱਡਾ ਸਿਆਸੀ ਦਾਅ: 4 ਯਾਤਰਾਵਾਂ, 4000 ਕਿਲੋਮੀਟਰ ਦੀ ਯਾਤਰਾ ਅਤੇ 117 ਸੀਟਾਂ 'ਤੇ ਫੋਕਸ, 18 ਸਤੰਬਰ ਤੋਂ 'ਆਪ' ਖਿਲਾਫ ਸਿਆਸੀ ਮੁਹਿੰਮ
AAP ਨੂੰ ਵੱਡਾ ਝਟਕਾ! 'ਆਪ' ਆਗੂਆਂ ਦੀ ਅਕਾਲੀ ਦਲ-ਵਾਰਿਸ ਪੰਜਾਬ ‘ਚ ਐਂਟਰੀ, ਸਿਆਸੀ ਗਲਿਆਰਿਆਂ ‘ਚ ਮੱਚੀ ਹਲਚਲ
ਪੰਜਾਬ ਯੂਥ ਕਾਂਗਰਸ ਵੱਲੋਂ ਇਨ੍ਹਾਂ ਨੌਜਵਾਨ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਨਰਲ ਸਕੱਤਰਾਂ ਅਤੇ ਸਕੱਤਰਾਂ ਦੀ ਕੀਤੀ ਨਿਯੁਕਤੀ, ਇੱਥੇ ਦੇਖੋ ਲਿਸਟ
ਪੰਜਾਬ ਦੇ 4 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ; ਕੱਲ੍ਹ ਤੋਂ ਬਦਲੇਗਾ ਮੌਸਮ
ਸੁਖਬੀਰ ਸਿੰਘ ਬਾਦਲ SIT ਅੱਗੇ ਨਹੀਂ ਹੋਏ ਪੇਸ਼: ਮੈਡੀਕਲ ਅਤੇ ਪਰਿਵਾਰਕ ਰੁਝੇਵਿਆਂ ਦਾ ਦਿੱਤਾ ਹਵਾਲਾ

© Copyright Galactic Television & Communications Pvt. Ltd. 2026. All rights reserved.