ਹਾਕੀ ਦੇ ਮੈਦਾਨ ਤੋਂ ਪੰਜਾਬ ਕਾਂਗਰਸ ਦੀ ਕਮਾਨ ਤੱਕ...ਕੌਣ ਹਨ ਪਰਗਟ ਸਿੰਘ? ਸਾਬਕਾ ਪ੍ਰਧਾਨ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਵਿੱਚ ਹਲਚਲ ਮੱਚੀ ਹੋਈ ਸੀ। ਨਵੇਂ ਪ੍ਰਧਾਨ ਦੇ ਨਾਂਅ ਨੂੰ ਲੈ ਕੇ ਜੋ ਅਟਕਲਾਂ ਚੱਲ ਰਹੀਆਂ ਸਨ ਉਨ੍ਹਾਂ ਨੂੰ ਵਿਰਾਮ ਲੱਗ ਗਿਆ ਹੈ। ਲੰਘੀ ਰਾਤ ਨਵੇਂ ਪ੍ਰਧਾਨ ਦੇ ਨਾਂਅ ਉੱਤੇ ਮੋਹਰ ਲੱਗ ਗਈ ਹੈ।

By:  Lajwinder Kaur October 3rd 2026 09:48 AM -- Updated: October 3rd 2026 10:08 AM

ਪੰਜਾਬ ਕਾਂਗਰਸ ਨੂੰ ਹੁਣ ਸਾਬਕਾ ਓਲੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਦੇ ਰੂਪ ਵਿੱਚ ਨਵਾਂ ਸੂਬਾ ਪ੍ਰਧਾਨ ਮਿਲ ਗਿਆ ਹੈ। ਜਲੰਧਰ ਦੇ ਮਿੱਠਾਪੁਰ ਤੋਂ ਆਪਣੇ ਹਾਕੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਪਰਗਟ ਸਿੰਘ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਨ ਦੇ ਨਾਲ-ਨਾਲ ਸਿਆਸਤ ਵਿੱਚ ਵੀ ਆਪਣੀ ਪਛਾਣ ਬਣਾਈ। ਉਹ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। ਹੁਣ ਕਾਂਗਰਸ ਨੇ ਉਨ੍ਹਾਂ ਨੂੰ ਸੂਬਾ ਸੰਗਠਨ ਦੀ ਕਮਾਨ ਸੌਂਪੀ ਹੈ।

ਮਿੱਠਾਪੁਰ ਤੋਂ ਸ਼ੁਰੂ ਹੋਇਆ ਹਾਕੀ ਦਾ ਸਫ਼ਰ

ਪਰਗਟ ਸਿੰਘ ਦਾ ਜਨਮ 5 ਮਾਰਚ 1964 ਨੂੰ ਜਲੰਧਰ ਦੇ ਮਿੱਠਾਪੁਰ ਵਿੱਚ ਹੋਇਆ। ਮਿੱਠਾਪੁਰ ਪੰਜਾਬ ਦੀ ਹਾਕੀ ਪਰੰਪਰਾ ਲਈ ਜਾਣਿਆ ਜਾਂਦਾ ਹੈ। ਪਰਗਟ ਸਿੰਘ ਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ ਬੀਏ ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਸਿਰਫ਼ ਛੇ ਸਾਲ ਦੀ ਉਮਰ ਵਿੱਚ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ।

ਉਹ ਭਾਰਤੀ ਹਾਕੀ ਟੀਮ ਵਿੱਚ ਡਿਫੈਂਡਰ ਵਜੋਂ ਖੇਡੇ। 1983 ਵਿੱਚ ਹਾਂਗਕਾਂਗ ਖ਼ਿਲਾਫ਼ ਉਨ੍ਹਾਂ ਨੇ ਅੰਤਰਰਾਸ਼ਟਰੀ ਹਾਕੀ ਵਿੱਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ 1985 ਜੂਨੀਅਰ ਵਿਸ਼ਵ ਕੱਪ, 1986 ਅਤੇ 1990 ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਖੇਡੇ। 1990 ਦੇ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ।

ਤਿੰਨ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ

ਪਰਗਟ ਸਿੰਘ ਨੇ 1988 ਸਿਓਲ, 1992 ਬਾਰਸੀਲੋਨਾ ਅਤੇ 1996 ਅਟਲਾਂਟਾ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਬਾਰਸੀਲੋਨਾ ਅਤੇ ਅਟਲਾਂਟਾ ਓਲੰਪਿਕ ਦੌਰਾਨ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਰਹੇ।

1996 ਤੋਂ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਲਿਆ। ਹਾਲਾਂਕਿ, ਇਸ ਤੋਂ ਬਾਅਦ ਵੀ ਖੇਡ ਨਾਲ ਉਨ੍ਹਾਂ ਦਾ ਨਾਤਾ ਜਾਰੀ ਰਿਹਾ। ਉਹ ਐੱਫਆਈਐੱਚ ਦੇ ਐਥਲੀਟ ਪੈਨਲ ਅਤੇ ਨਿਯਮ ਸਲਾਹਕਾਰ ਪੈਨਲ ਨਾਲ ਜੁੜੇ ਰਹੇ। 1998 ਵਿੱਚ ਉਨ੍ਹਾਂ ਨੇ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਕੋਚ ਦੀ ਜ਼ਿੰਮੇਵਾਰੀ ਵੀ ਸੰਭਾਲੀ।

ਖੇਡਾਂ ਵਿੱਚ ਮਿਲੇ ਕਈ ਵੱਡੇ ਸਨਮਾਨ

ਹਾਕੀ ਦੇ ਖੇਤਰ ਵਿੱਚ ਪਰਗਟ ਸਿੰਘ ਦੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਈ ਸਨਮਾਨ ਮਿਲੇ। ਉਨ੍ਹਾਂ ਨੂੰ 1989 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ 1998 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਮਿਲਿਆ। 2005 ਵਿੱਚ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਦਿੱਤਾ ਗਿਆ।

ਪਰਗਟ ਸਿੰਘ ਨੇ ਪੰਜਾਬ ਵਿੱਚ ਖੇਡਾਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ ਅਤੇ ਪੰਜਾਬ ਦੇ ਖੇਡ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ।

2012 ਵਿੱਚ ਰੱਖਿਆ ਸਿਆਸਤ ਵਿੱਚ ਕਦਮ

ਹਾਕੀ ਤੋਂ ਬਾਅਦ ਪਰਗਟ ਸਿੰਘ ਨੇ ਸਾਲ 2012 ਵਿੱਚ ਸਰਗਰਮ ਸਿਆਸਤ ਵਿੱਚ ਕਦਮ ਰੱਖਿਆ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।

ਬਾਅਦ ਵਿੱਚ ਉਨ੍ਹਾਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਨਵੰਬਰ 2016 ਵਿੱਚ ਕਾਂਗਰਸ ਦਾ ਹੱਥ ਫੜ ਲਿਆ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਕਾਂਗਰਸ ਦੀ ਟਿਕਟ 'ਤੇ ਜਲੰਧਰ ਕੈਂਟ ਤੋਂ ਮੁੜ ਜਿੱਤ ਕੇ ਵਿਧਾਨ ਸਭਾ ਪਹੁੰਚੇ। ਇਸ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਨੇ ਆਪਣੀ ਸੀਟ ਬਰਕਰਾਰ ਰੱਖੀ।

ਇਸ ਤਰ੍ਹਾਂ ਪਰਗਟ ਸਿੰਘ 2012, 2017 ਅਤੇ 2022 ਵਿੱਚ ਲਗਾਤਾਰ ਤਿੰਨ ਵਾਰ ਜਲੰਧਰ ਕੈਂਟ ਤੋਂ ਵਿਧਾਇਕ ਚੁਣੇ ਗਏ।

ਚੰਨੀ ਸਰਕਾਰ ਵਿੱਚ ਰਹੇ ਕੈਬਨਿਟ ਮੰਤਰੀ

ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਪਰਗਟ ਸਿੰਘ ਨੂੰ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਵੀ ਮਿਲੀ। ਸਤੰਬਰ 2021 ਤੋਂ ਮਾਰਚ 2022 ਤੱਕ ਉਹ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ।

ਇਸ ਦੌਰਾਨ ਉਨ੍ਹਾਂ ਕੋਲ ਸਕੂਲ ਸਿੱਖਿਆ, ਉੱਚ ਸਿੱਖਿਆ, ਖੇਡਾਂ ਅਤੇ ਯੁਵਾ ਸੇਵਾਵਾਂ ਸਮੇਤ ਐਨਆਰਆਈ ਮਾਮਲਿਆਂ ਨਾਲ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਰਹੀ।

ਕਾਂਗਰਸ ਸੰਗਠਨ ਵਿੱਚ ਵੀ ਨਿਭਾਈ ਅਹਿਮ ਭੂਮਿਕਾ

ਪਰਗਟ ਸਿੰਘ ਸਿਰਫ਼ ਸਰਕਾਰ ਵਿੱਚ ਹੀ ਨਹੀਂ, ਸਗੋਂ ਕਾਂਗਰਸ ਸੰਗਠਨ ਵਿੱਚ ਵੀ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਰਹਿਣ ਦੌਰਾਨ ਪਰਗਟ ਸਿੰਘ ਨੇ ਜਨਰਲ ਸਕੱਤਰ (ਸੰਗਠਨ) ਵਜੋਂ ਵੀ ਕੰਮ ਕੀਤਾ।

ਹੁਣ ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਨ ਸੌਂਪੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸਿਆਸੀ ਪਾਰੀ ਵਿੱਚ ਇੱਕ ਹੋਰ ਵੱਡੀ ਜ਼ਿੰਮੇਵਾਰੀ ਜੁੜ ਗਈ ਹੈ।

ਹਾਕੀ ਦੇ ਮੈਦਾਨ ਤੋਂ ਹੁਣ ਪਾਰਟੀ ਸੰਗਠਨ ਤੱਕ ਵੱਡੀ ਜ਼ਿੰਮੇਵਾਰੀ

ਪਰਗਟ ਸਿੰਘ ਦੀ ਪਛਾਣ ਇੱਕ ਓਲੰਪੀਅਨ, ਸਾਬਕਾ ਹਾਕੀ ਕਪਤਾਨ, ਕੋਚ, ਸਾਬਕਾ ਮੰਤਰੀ ਅਤੇ ਤਿੰਨ ਵਾਰ ਦੇ ਵਿਧਾਇਕ ਵਜੋਂ ਰਹੀ ਹੈ। ਹੁਣ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ।

ਸੂਬਾ ਪ੍ਰਧਾਨ ਵਜੋਂ ਉਨ੍ਹਾਂ ਦੇ ਸਾਹਮਣੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ, ਵਰਕਰਾਂ ਨਾਲ ਤਾਲਮੇਲ ਬਣਾਉਣ ਅਤੇ ਆਉਣ ਵਾਲੀਆਂ ਸਿਆਸੀ ਚੁਣੌਤੀਆਂ ਲਈ ਕਾਂਗਰਸ ਨੂੰ ਤਿਆਰ ਕਰਨ ਵਰਗੀਆਂ ਜ਼ਿੰਮੇਵਾਰੀਆਂ ਹੋਣਗੀਆਂ। ਹਾਕੀ ਦੇ ਮੈਦਾਨ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਤੋਂ ਬਾਅਦ ਹੁਣ ਪਰਗਟ ਸਿੰਘ ਪੰਜਾਬ ਕਾਂਗਰਸ ਦੀ ਸਿਆਸੀ ਟੀਮ ਦੀ ਅਗਵਾਈ ਕਰਨਗੇ।

ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਇਸ ਤੋਂ ਬਾਅਦ ਪਰਗਟ ਸਿੰਘ ਨੂੰ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ। ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ, “ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ ਹੋਣ ’ਤੇ ਸਰਦਾਰ ਪਰਗਟ ਸਿੰਘ ਜੀ ਨੂੰ ਵਧਾਈਆਂ। ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ।” ਇਸ ਤੋਂ ਇਲਾਵਾ ਕਈ ਹੋਰ ਆਗੂਆਂ ਵੱਲੋਂ ਵੀ ਮੁਬਾਰਕਬਾਦ ਦਿੱਤੀ ਗਈ।

Related Post

ਪੰਜਾਬ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: ਤਿੰਨ PPS ਅਧਿਕਾਰੀਆਂ ਦੇ ਤਬਾਦਲੇ, ਨੋਟੀਫਿਕੇਸ਼ਨ ਜਾਰੀ; ਜਾਣੋ ਕਿਸ ਨੂੰ ਕਿੱਥੇ ਕੀਤਾ ਤਾਇਨਾਤ
Raja Warring: ਰਾਜਾ ਵੜਿੰਗ ਵੱਲੋਂ ਸੋਸ਼ਲ ਮੀਡੀਆ ‘ਤੇ ਕਰਤਾ ਵੱਡਾ ਐਲਾਨ! ਪ੍ਰਧਾਨਗੀ ਤੋਂ ਅਸਤੀਫੇ ਵਾਲੀ ਖਬਰ 'ਤੇ ਲੱਗੀ ਮੋਹਰ, ਹੁਣ ਕੌਣ ਹੋਏਗਾ ਨਵਾਂ ਪ੍ਰਧਾਨ?
ਗਿਆਨੀ ਹਰਪ੍ਰੀਤ ਸਿੰਘ ਦਾ ਜਥੇਦਾਰ ਨੂੰ ਪੱਤਰ, ਬੋਲੇ-‘ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖੁਦ ਸ੍ਰੀ ਅਕਾਲ ਤਖਤ ਸਾਹਿਬ ਨਹੀਂ’
EVM ਦੀ ਥਾਂ ਬੈਲੇਟ ਪੇਪਰ ਨਾਲ ਚੋਣਾਂ ਦੀ ਮੰਗ ਵਾਜਬ, 'ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ' ਦੀ ਰਜਿਸਟ੍ਰੇਸ਼ਨ ਰੱਦ ਕਰਨਾ ਲੋਕਤੰਤਰ ਦਾ ਘਾਣ: ਕਰਨੈਲ ਸਿੰਘ ਪੀਰ ਮੁਹੰਮਦ
ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, ਅੱਜ ਮੁੜ ਖਾਤਿਆਂ ‘ਚ ਹੋਏਗੀ ਪੈਸਿਆਂ ਦੀ ਟੂੰ-ਟੂੰ; ਤਰਨਤਾਰਨ ‘ਚ CM ਮਾਨ ਜਾਰੀ ਕਰਨਗੇ ਅਗਲੀ ਕਿਸ਼ਤ
ਪੰਜਾਬ-ਚੰਡੀਗੜ੍ਹ ‘ਚ ਪੂਰਾ ਹਫ਼ਤਾ ਰਹੇਗਾ ਖੁਸ਼ਕ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ; ਦਿਨ ਗਰਮ ਤੇ ਰਾਤਾਂ ਹੋਣਗੀਆਂ ਠੰਢੀਆਂ

© Copyright Galactic Television & Communications Pvt. Ltd. 2026. All rights reserved.