CM ਮਾਨ ਵੱਲੋਂ ਲਖਨਊ ਅਗਨੀਕਾਂਡ 'ਤੇ ਜਤਾਇਆ ਦੁੱਖ; ਅਣਿਆਈ ਮੌਤ ਮਰੇ ਵਿਦਿਆਰਥੀਆਂ ਨੂੰ ਦਿੱਤੀ ਸ਼ਰਧਾਂਜਲੀ, ਪਰਿਵਾਰਾਂ ਨਾਲ ਡੂੰਘੀ ਹਮਦਰਦੀ

By:  Lajwinder Kaur June 23rd 2026 11:22 AM -- Updated: June 23rd 2026 11:40 AM

ਸੋਮਵਾਰ (22 ਜੂਨ) ਨੂੰ ਲਖਨਊ ਦੇ ਅਲੀਗੰਜ ਇਲਾਕੇ ਵਿੱਚ ਇੱਕ ਨਿੱਜੀ ਕੋਚਿੰਗ ਸੈਂਟਰ ਵਿੱਚ ਲੱਗੀ ਭਿਆਨਕ ਅੱਗ ਨੇ 15 ਘਰਾਂ ਦੇ ਚਿਰਾਗ ਬੁਝਾ ਦਿੱਤੇ। ਇਸ ਦਰਦਨਾਕ ਹਾਦਸੇ ਵਿੱਚ ਕਈ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਕੇ.ਜੀ.ਐਮ.ਯੂ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਦਸੇ ਦੀਆਂ ਖੌਫਨਾਕ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਦੇਖ ਕੇ ਲੋਕਾਂ ਸਦਮੇ ਦੇ ਵਿੱਚ ਹਨ। ਇਸ ਘਟਨਾ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ਪੋਸਟਰ ਪਾ ਕੇ ਇਸ ਹਾਦਸੇ ਚ ਮਰੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। 

ਉਨ੍ਹਾਂ ਨੇ ਲਿਖਿਆ ਹੈ- ‘ਲਖਨਊ ਦੇ ਇੱਕ ਕੋਚਿੰਗ ਸੈਂਟਰ ਵਿੱਚ ਹੋਏ ਭਿਆਨਕ ਅਗਨੀਕਾਂਡ ਦੀ ਖ਼ਬਰ ਬਹੁਤ ਹੀ ਦੁਖਦਾਈ ਅਤੇ ਦਿਲ ਕੰਬਾਊ ਹੈ। ਇਸ ਦਰਦਨਾਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਦਿਲੋਂ ਸ਼ਰਧਾਂਜਲੀ। 

ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪਰਿਵਾਰਾਂ ਨੂੰ ਇਹ ਅਸਹਿ ਕਹਿਰ ਸਹਿਣ ਦਾ ਬਲ ਬਖਸ਼ੇ। ਦੁੱਖ ਦੀ ਇਸ ਘੜੀ ਵਿੱਚ ਸਾਡੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹੈ।’


ਅਲੀਗੰਜ ਦੇ ਪੁਰਨੀਆ ਇਲਾਕੇ ਵਿੱਚ ਸਥਿਤ ਇੱਕ ਬਹੁ-ਮੰਜ਼ਿਲਾ ਕੋਚਿੰਗ ਸੈਂਟਰ ਵਿੱਚ ਕੱਲ੍ਹ ਦੁਪਹਿਰ ਅਚਾਨਕ ਲੱਗੀ ਭਿਆਨਕ ਅੱਗ ਨੇ 15 ਵਿਦਿਆਰਥੀਆਂ ਦੀ ਜਾਨ ਲੈ ਲਈ ਹੈ। ਅੱਗ ਅਤੇ ਧੂੰਏਂ ਕਾਰਨ ਇਮਾਰਤ ਵਿੱਚ ਫਸੇ ਵਿਦਿਆਰਥੀਆਂ ਵਿੱਚ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ, ਪਰ ਅਫਸੋਸ ਕਿ ਕਈ ਹੋਣਹਾਰਾਂ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਸਾਗਰ, ਨੀਲੇਸ਼, ਅਨਾਮਿਕਾ, ਅਬਦੁਲ ਰਹਿਮਾਨ ਸਮੇਤ 15 ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ਦੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਜ਼ਖ਼ਮੀਆਂ ਨੂੰ ਤੁਰੰਤ ਕੇ.ਜੀ.ਐਮ.ਯੂ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਰਕਾਰ ਨੇ ਇਸ ਦੁਖਦਾਈ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਲਈ 50,000 ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਤਾਂ ਜੋ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ। ਪ੍ਰਸ਼ਾਸਨ ਨੇ ਇਮਾਰਤ ਦੇ ਮਾਲਕ ਅਤੇ ਕੋਚਿੰਗ ਸੰਚਾਲਕ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

© Copyright Galactic Television & Communications Pvt. Ltd. 2026. All rights reserved.