ਦਿੱਲੀ 'ਚ ਮੌਸਮ ਨੇ ਲਿਆ ਯੂ-ਟਰਨ, ਅਸਮਾਨ ਤੋਂ ਵਰ੍ਹੇ ਗੜ੍ਹੇ, ਅਗਲੇ 3 ਦਿਨਾਂ ਲਈ IMD ਨੇ ਜਾਰੀ ਕੀਤਾ ਅਲਰਟ

By:  Lajwinder Kaur April 30th 2026 05:57 PM -- Updated: April 30th 2026 06:04 PM

ਆਈ.ਐਮ.ਡੀ. (IMD) ਦੀ ਭਵਿੱਖਬਾਣੀ ਅਨੁਸਾਰ, ਦਿੱਲੀ ਦੇ ਯਮੁਨਾ ਵਿਹਾਰ, ਸੀਲਮਪੁਰ ਅਤੇ ਗਾਜ਼ੀਆਬਾਦ ਦੇ ਕਈ ਇਲਾਕਿਆਂ ਵਿੱਚ ਭਾਰੀ ਗੜ੍ਹੇਮਾਰੀ ਹੋਈ ਹੈ। ਅਚਾਨਕ ਹੋਈ ਇਸ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਰਾਜਧਾਨੀ ਵਿੱਚ ਮੌਸਮ ਦੇ ਵਿਗੜਦੇ ਮਿਜ਼ਾਜ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਅਨੁਮਾਨ ਲਗਾਇਆ ਗਿਆ ਹੈ ਕਿ ਕੁਝ ਥਾਵਾਂ 'ਤੇ ਹਵਾ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਹੈ।

ਤਾਪਮਾਨ ਵਿੱਚ ਆਈ ਇਸ ਭਾਰੀ ਗਿਰਾਵਟ 

ਦਿੱਲੀ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ ਇਸ ਅਪ੍ਰੈਲ ਮਹੀਨੇ ਦਾ ਦੂਜਾ ਸਭ ਤੋਂ ਗਰਮ ਦਿਨ ਰਿਹਾ। 30 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਜਤਾਈ ਗਈ ਹੈ। ਤਾਜ਼ਾ ਬਾਰਿਸ਼ ਤੋਂ ਬਾਅਦ ਸ਼ਾਮ ਦੇ ਸਮੇਂ ਤਾਪਮਾਨ ਡਿੱਗ ਕੇ 32-33 ਡਿਗਰੀ ਤੱਕ ਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਹੁੰਮਸ ਅਤੇ ਭਾਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।

ਮੌਸਮ ਵਿਗਿਆਨੀਆਂ ਦੇ ਅਨੁਸਾਰ, ਦਿੱਲੀ-NCR ਦੇ ਮੌਸਮ ਵਿੱਚ ਆਇਆ ਇਹ ਬਦਲਾਅ ਪੱਛਮੀ ਗੜਬੜੀ (Western Disturbance) ਕਾਰਨ ਹੋਇਆ ਹੈ। ਇਸ ਦੇ ਪ੍ਰਭਾਵ ਸਦਕਾ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਗਰਜ-ਚਮਕ ਦੀ ਸਥਿਤੀ ਬਣੀ ਹੋਈ ਹੈ।

ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਕੀਤੀ ਗਈ ਆਹ ਭਵਿੱਖਬਾਣੀ 

ਅਗਲੇ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਬਣੀ ਹੋਈ ਹੈ। ਅਜਿਹੇ ਆਸਾਰ ਜਤਾਏ ਜਾ ਰਹੇ ਹਨ ਕਿ 1 ਅਤੇ 2 ਮਈ ਨੂੰ ਅਸਮਾਨ ਵਿੱਚ ਅੰਸ਼ਕ ਰੂਪ ਵਿੱਚ ਬੱਦਲ ਛਾਏ ਰਹਿਣਗੇ, ਪਰ ਤਾਪਮਾਨ ਫਿਰ ਤੋਂ 40-41 ਡਿਗਰੀ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਨੇ 3 ਮਈ ਨੂੰ ਇੱਕ ਵਾਰ ਫਿਰ ਗਰਜ-ਚਮਕ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 35-40 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ।

ਪੰਜਾਬ 'ਚ ਵੀ ਬਦਲੇਗਾ ਮੌਸਮ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ, ਅੱਜ ਵੀਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਨੂੰ ਦੇਖਦੇ ਹੋਏ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਅਤੇ ਕੁਝ ਥਾਵਾਂ 'ਤੇ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਲੂ (heatwave) ਤੋਂ ਰਾਹਤ ਮਿਲੇਗੀ। 

ਵਿਭਾਗ ਮੁਤਾਬਕ ਅੱਜ ਵਿਸ਼ੇਸ਼ ਤੌਰ 'ਤੇ ਚਾਰ ਜ਼ਿਲ੍ਹਿਆਂ—ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਦਾ ਅਲਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਣ ਦਾ ਅਨੁਮਾਨ ਹੈ, ਜਿਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਸ਼ਾਮਲ ਹਨ।


Related Post

ਪੁਲਿਸ ਮਹਿਕਮੇ ‘ਚ ਵੱਡਾ ਫੇਰਬਦਲ, 43 ਅਫਸਰਾਂ ਦੇ ਤਬਾਦਲੇ; ਕਈ DCP ਤੇ Joint CP ਬਦਲੇ, ਜਾਣੋ ਕਿਸ ਨੂੰ ਮਿਲੀ ਕਿੱਥੇ ਜ਼ਿੰਮੇਵਾਰੀ…
Sajjan Kumar : 84 ਦੇ ਦੰਗਿਆਂ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਦੀ ਹੋਈ ਮੌਤ; ਤਿਹਾੜ ਜੇਲ੍ਹ 'ਚ ਕੱਟ ਰਿਹਾ ਸੀ ਉਮਰ ਕੈਦ
ਸਿਆਸੀ ਜਗਤ 'ਚ ਛਾਇਆ ਮਾਤਮ! ਸਾਬਕਾ ਵਿਧਾਇਕ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ; ਪੂਰਾ ਪਿੰਡ ਰੋਇਆ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ
CM ਨੇ ਵਿਧਾਇਕਾਂ ਨੂੰ ਦਿੱਤਾ ਵੱਡਾ ਤੋਹਫਾ! ਸਰਕਾਰੀ ਗੱਡੀ, 1 ਲੱਖ ਰੁਪਏ ਮਹੀਨਾਵਾਰ ਭੱਤਾ, ਸਿਹਤ ਬੀਮਾ ਵਧਾ ਕੇ 25 ਲੱਖ ਸਣੇ ਕਈ ਅਹਿਮ ਐਲਾਨ…
ਸਤੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਬਵਾਲ, ਜਾਣੋ ਕੀ ਹਨ ਏ.ਸੀ.ਬੀ. ਦੇ ਦੋਸ਼! ਕੇਜਰੀਵਾਲ ਬੋਲੇ- ਆਖਿਰ ਕਦੋਂ ਤੱਕ ਭਾਜਪਾ ਦੀ ਇਹ ਤਾਨਾਸ਼ਾਹੀ ਚਲਦੀ ਰਹੇਗੀ?
ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਤੇ 53 RAS ਅਧਿਕਾਰੀਆਂ ਦੇ ਤਬਾਦਲੇ, 14 ਟ੍ਰੇਨੀ IAS ਦੀ ਵੀ ਪੋਸਟਿੰਗ

© Copyright Galactic Television & Communications Pvt. Ltd. 2026. All rights reserved.