ਵੱਡੀ ਲਾਪਰਵਾਹੀ, ਵਾਲ-ਵਾਲ ਬਚੇ ਕੈਬਨਿਟ ਮੰਤਰੀ! ਹੈਲੀਕਾਪਟਰ ਦੀ ਗਲਤ ਲੈਂਡਿੰਗ ਕਾਰਨ ਮਚੀ ਦਹਿਸ਼ਤ
ਅਜਿਤ ਪਵਾਰ ਦੇ ਜਹਾਜ਼ ਹਾਦਸੇ ਤੋਂ ਬਾਅਦ ਮਹਾਰਾਸ਼ਟਰ ਵਿੱਚ ਅੱਜ ਇੱਕ ਹੋਰ ਵੱਡਾ ਹੈਲੀਕਾਪਟਰ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਇੱਥੇ ਕੈਬਨਿਟ ਮੰਤਰੀ ਛਗਨ ਭੁਜਬਲ ਦੇ ਹੈਲੀਕਾਪਟਰ ਦੀ ਲੈਂਡਿੰਗ ਦੌਰਾਨ ਇੱਕ ਬਹੁਤ ਵੱਡੀ ਚੂਕ ਸਾਹਮਣੇ ਆਈ ਹੈ। ਪਾਇਲਟ ਨੇ ਮਿੱਥੇ ਗਏ ਹੈਲੀਪੈਡ ਦੀ ਬਜਾਏ ਹੈਲੀਕਾਪਟਰ ਨੂੰ ਸਿੱਧਾ ਕਾਰ ਪਾਰਕਿੰਗ ਏਰੀਆ ਵਿੱਚ ਉਤਾਰ ਦਿੱਤਾ, ਜਿਸ ਕਾਰਨ ਉੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ, ਮੰਤਰੀ ਛਗਨ ਭੁਜਬਲ ਪੁਣੇ ਜ਼ਿਲ੍ਹੇ ਦੇ ਪੁਰੰਦਰ ਤਾਲੁਕਾ ਦੇ ਖਾਨਵਾੜੀ ਪਿੰਡ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਇਹ ਸਮਾਗਮ ਜਯੋਤੀਬਾ ਰਾਓ ਫੂਲੇ ਦੀ ਜਯੰਤੀ ਦੇ ਮੌਕੇ 'ਤੇ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਲਈ ਪਹਿਲਾਂ ਹੀ ਇੱਕ ਵੱਖਰੀ ਥਾਂ 'ਤੇ ਹੈਲੀਪੈਡ ਤਿਆਰ ਕੀਤਾ ਗਿਆ ਸੀ ਤਾਂ ਜੋ ਸੁਰੱਖਿਅਤ ਲੈਂਡਿੰਗ ਹੋ ਸਕੇ, ਪਰ ਪਾਇਲਟ ਦੀ ਗਲਤੀ ਕਾਰਨ ਹੈਲੀਕਾਪਟਰ ਗਲਤ ਥਾਂ 'ਤੇ ਉਤਰ ਗਿਆ।
ਜਦੋਂ ਹੈਲੀਕਾਪਟਰ ਖਾਨਵਾੜੀ ਪਹੁੰਚਿਆ ਤਾਂ ਪਾਇਲਟ ਨੇ ਕਾਰ ਪਾਰਕਿੰਗ ਖੇਤਰ ਵਿੱਚ ਖਾਲੀ ਥਾਂ ਦੇਖ ਕੇ ਉਸ ਨੂੰ ਹੀ ਹੈਲੀਪੈਡ ਸਮਝ ਲਿਆ ਅਤੇ ਉੱਥੇ ਹੀ ਲੈਂਡਿੰਗ ਕਰ ਦਿੱਤੀ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਕਿਉਂਕਿ ਇਹ ਤੈਅ ਕੀਤੀ ਗਈ ਜਗ੍ਹਾ ਨਹੀਂ ਸੀ। ਪਾਰਕਿੰਗ ਵਿੱਚ ਹੈਲੀਕਾਪਟਰ ਉਤਰਦਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਬਾਅਦ ਵਿੱਚ ਪੁਲਿਸ ਅਧਿਕਾਰੀਆਂ ਨੇ ਪਾਇਲਟ ਨੂੰ ਉਸ ਦੀ ਗਲਤੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹੈਲੀਕਾਪਟਰ ਨੂੰ ਉੱਥੋਂ ਹਟਾ ਕੇ ਮਿੱਥੇ ਗਏ ਹੈਲੀਪੈਡ ਵੱਲ ਲਿਜਾਇਆ ਗਿਆ। ਸ਼ੁਕਰ ਰਿਹਾ ਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਹਾਦਸਾ ਨਹੀਂ ਹੋਇਆ। ਫਿਲਹਾਲ ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਅਤੇ ਅਜਿਹੀ ਚੂਕ ਦੁਬਾਰਾ ਨਾ ਹੋਵੇ, ਇਸ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।
ਇਸ ਘਟਨਾ 'ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ ਗੁੱਟ) ਦੇ ਨੇਤਾ ਰੋਹਿਤ ਪਵਾਰ ਨੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇੰਨੇ ਵੱਡੇ ਨੇਤਾ ਦਾ ਹੈਲੀਕਾਪਟਰ ਹੈਲੀਪੈਡ ਦੀ ਬਜਾਏ ਪਾਰਕਿੰਗ ਵਿੱਚ ਉਤਰਨਾ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਕਿ ਮਹੱਤਵਪੂਰਨ ਵਿਅਕਤੀਆਂ ਦੀ ਹਵਾਈ ਯਾਤਰਾ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ।
ਰੋਹਿਤ ਪਵਾਰ ਨੇ ਇਹ ਵੀ ਕਿਹਾ ਕਿ ਕਈ ਹੈਲੀਕਾਪਟਰਾਂ ਅਤੇ ਜਹਾਜ਼ਾਂ ਵਿੱਚ ਮੇਨਟੇਨੈਂਸ (ਰੱਖ-ਰਖਾਅ) ਨਾਲ ਸਬੰਧਤ ਖਾਮੀਆਂ ਅਤੇ ਹੋਰ ਤਕਨੀਕੀ ਸਮੱਸਿਆਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਹਾਦਸਾ ਟਲ ਗਿਆ ਹੈ, ਪਰ ਇਸ ਨੂੰ ਸਰਕਾਰ ਦੀ ਲਾਪਰਵਾਹੀ ਵਜੋਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਖ਼ਤ ਅਤੇ ਅਤਿਹਾਤੀ ਕਦਮ ਚੁੱਕੇ ਜਾਣ।