ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਅਮਰੀਕਾ-ਕੈਨੇਡਾ ਦਾ 'ਆਪ੍ਰੇਸ਼ਨ ਹਾਰਡ ਬਾਲ'; 24 ਗ੍ਰਿਫ਼ਤਾਰ, ਹਰਦੀਪ ਨਿੱਝਰ ਕਤਲ ਮਾਮਲੇ 'ਚ ਵੀ ਬਣਾਇਆ ਮੁਲਜ਼ਮ

By:  Lajwinder Kaur July 8th 2026 11:28 AM -- Updated: July 8th 2026 11:49 AM

ਅਮਰੀਕਾ ਵਿੱਚ FBI ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਆਪ੍ਰੇਸ਼ਨ ਚਲਾਇਆ ਹੈ। FBI ਅਤੇ ਇਸ ਦੀਆਂ ਸਹਿਯੋਗੀ ਏਜੰਸੀਆਂ ਨੇ 7 ਜੁਲਾਈ ਨੂੰ ਅਮਰੀਕਾ ਦੇ ਕੈਲੀਫੋਰਨੀਆ ਸਮੇਤ ਕਈ ਥਾਵਾਂ 'ਤੇ ਇੱਕ ਵੱਡਾ ਆਪ੍ਰੇਸ਼ਨ ਚਲਾਉਂਦੇ ਹੋਏ ਘੱਟੋ-ਘੱਟ 20 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਪਾਬੰਦੀਸ਼ੁਦਾ ਸਮਾਨ, ਹਥਿਆਰ ਅਤੇ ਡਰੱਗਜ਼ ਬਰਾਮਦ ਕੀਤੇ ਹਨ।

ਆਪ੍ਰੇਸ਼ਨ ਹਾਰਡ ਬਾਲ ਤਹਿਤ ਵੱਡਾ ਐਕਸ਼ਨ,  50 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ

FBI ਨੇ ਇਸ ਅੰਤਰਰਾਸ਼ਟਰੀ ਕ੍ਰਾਈਮ ਸਿੰਡੀਕੇਟ ਵਿਰੁੱਧ ਕੀਤੀ ਗਈ ਕਾਰਵਾਈ ਨੂੰ 'ਆਪ੍ਰੇਸ਼ਨ ਹਾਰਡ ਬਾਲ' (Operation Hard Ball) ਦਾ ਨਾਮ ਦਿੱਤਾ ਹੈ। FBI ਅਤੇ ਇਸਦੇ ਏਜੰਟਾਂ ਦੀ ਅਗਵਾਈ ਵਿੱਚ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਲਗਭਗ 50 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਨ੍ਹਾਂ ਛਾਪਿਆਂ ਦੌਰਾਨ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਸਮਾਨ ਜ਼ਬਤ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਨਸ਼ੀਲੇ ਪਦਾਰਥ (ਡਰੱਗਜ਼) ਵੀ ਬਰਾਮਦ ਕੀਤੇ ਗਏ ਹਨ।

ਕਈ ਹੋਰ ਨਾਮੀ ਗੈਂਗਸਟਰਾਂ ਵੀ ਨਿਸ਼ਾਨੇ ‘ਤੇ

ਇਸ ਆਪ੍ਰੇਸ਼ਨ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ-ਨਾਲ ਉਸ ਦੇ ਸਾਥੀਆਂ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਜੁੜੇ ਨੈੱਟਵਰਕ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕਈ ਵਾਂਟੇਡ ਗੈਂਗਸਟਰ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਕੇ ਨਾ ਸਿਰਫ਼ ਭਾਰਤ ਵਿੱਚ ਆਪਣੇ ਅਪਰਾਧ ਦਾ ਸਾਮਰਾਜ ਚਲਾ ਰਹੇ ਹਨ ਅਤੇ ਫਿਰੌਤੀਆਂ ਵਸੂਲ ਰਹੇ ਹਨ, ਸਗੋਂ ਉਹ ਉੱਥੇ ਰਹਿ ਰਹੇ ਭਾਰਤੀਆਂ ਨੂੰ ਵੀ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਵੀ ਫਿਰੌਤੀ ਵਸੂਲ ਰਹੇ ਹਨ।

ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ 

ਕੈਨੇਡਾ ਸਰਕਾਰ ਨੇ ਪਿਛਲੇ ਸਾਲ ਹੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ। ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਕਈ ਸਾਲਾਂ ਤੱਕ ਅਮਰੀਕਾ ਵਿੱਚ ਲੁਕਿਆ ਰਿਹਾ ਸੀ। ਇਹ ਦੋਸ਼ ਹੈ ਕਿ ਅਮਰੀਕਾ ਵਿੱਚ ਰਹਿੰਦੇ ਹੋਏ ਹੀ ਉਸ ਨੇ ਮੁੰਬਈ ਵਿੱਚ ਐੱਨ.ਸੀ.ਪੀ. (NCP) ਨੇਤਾ ਬਾਬਾ ਸਿੱਦੀਕੀ ਦਾ ਕਤਲ ਕਰਵਾਇਆ ਸੀ ਅਤੇ ਸਲਮਾਨ ਖਾਨ ਦੇ ਘਰ 'ਤੇ ਵੀ ਫਾਇਰਿੰਗ ਕਰਵਾਈ ਸੀ। ਬਾਅਦ ਵਿੱਚ ਅਨਮੋਲ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ।

ਭਾਰਤੀ ਏਜੰਸੀਆਂ ਦੇ ਸੂਤਰ ਵੀ ਸਮੇਂ-ਸਮੇਂ 'ਤੇ ਇਸ ਗੱਲ ਦੀ ਪੁਸ਼ਟੀ ਕਰਦੇ ਰਹੇ ਹਨ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਨੈੱਟਵਰਕ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਫੈਲਿਆ ਹੋਇਆ ਹੈ। ਭਾਰਤ ਤੋਂ ਫਰਾਰ ਹੋ ਕੇ ਗੈਂਗ ਦੇ ਮੈਂਬਰ ਇਨ੍ਹਾਂ ਦੇਸ਼ਾਂ ਵਿੱਚ ਆਪਣਾ ਅੱਡਾ ਬਣਾ ਕੇ ਅਪਰਾਧਿਕ ਸਾਮਰਾਜ ਚਲਾ ਰਹੇ ਹਨ। FBI ਦਾ ਲਾਰੈਂਸ ਬਿਸ਼ਨੋਈ ਗੈਂਗ ਅਤੇ ਉਸ ਨਾਲ ਜੁੜੇ ਗੈਂਗਾਂ ਦੇ ਖ਼ਿਲਾਫ਼ 'ਆਪ੍ਰੇਸ਼ਨ ਹਾਰਡ ਬਾਲ' ਅਜੇ ਵੀ ਜਾਰੀ ਹੈ।

ਲਾਰੈਂਸ ਬਿਸ਼ਨੋਈ ਸਣੇ ਕਈ ਅਪਰਾਧੀਆਂ ਨੂੰ ਲਿਆਉਂਦਾ ਜਾਏਗਾ US

ਅਮਰੀਕੀ ਜਾਂਚ ਏਜੰਸੀ FBI ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਅਮਰੀਕਾ ਲੈ ਕੇ ਜਾਵੇਗੀ। ਅਮਰੀਕੀ ਅਧਿਕਾਰੀਆਂ ਮੁਤਾਬਕ, ਦੋਵਾਂ ਨੂੰ ਉੱਥੇ ਮੁਕੱਦਮਾ ਚਲਾਉਣ ਲਈ ਹਵਾਲਗੀ (extradition) ਦੀ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ। ਇਸ ਲਈ ਜਲਦ ਹੀ ਭਾਰਤ ਸਰਕਾਰ ਕੋਲ ਇਨ੍ਹਾਂ ਦੀ ਮੰਗ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਗੱਲਾਂ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਭਾਰਤ ਨਾਲ ਜੁੜੇ ਇੰਟਰਨੈਸ਼ਨਲ ਕ੍ਰਾਈਮ ਨੈੱਟਵਰਕ 'ਤੇ ਕੀਤੀ ਗਈ ਵੱਡੀ ਕਾਰਵਾਈ ਤੋਂ ਬਾਅਦ ਕਹੀਆਂ ਹਨ। ਇਸ ਕਾਰਵਾਈ ਵਿੱਚ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕੁੱਲ 37 ਲੋਕਾਂ ਖ਼ਿਲਾਫ਼ ਅਮਰੀਕੀ ਫੈਡਰਲ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼

ਚਾਰਜਸ਼ੀਟ ਵਿੱਚ ਲਾਰੈਂਸ, ਗੋਲਡੀ ਬਰਾੜ, ਰੋਹਿਤ ਗੋਦਾਰਾ ਸਮੇਤ ਹੋਰ ਮੁਲਜ਼ਮਾਂ 'ਤੇ 2023 ਵਿੱਚ ਕੈਨੇਡਾ ਵਿੱਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਪਹਿਲੀ ਵਾਰ ਲਾਰੈਂਸ ਦਾ ਨਾਂ ਇਸ ਕਤਲਕਾਂਡ ਨਾਲ ਜੋੜਿਆ ਗਿਆ ਹੈ। ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਭਾਰਤ ਦੀ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਆਪਣੇ ਨੈੱਟਵਰਕ ਦਾ ਸੰਚਾਲਨ ਕਰਦਾ ਸੀ ਅਤੇ ਉਸਦੇ ਸਹਿਯੋਗੀ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਡਰੱਗ ਤਸਕਰੀ, ਫਿਰੌਤੀ ਅਤੇ ਟਾਰਗੇਟ ਕਿਲਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਗੋਲਡੀ ਬਰਾੜ 'ਤੇ 50,000 ਡਾਲਰ ਦਾ ਇਨਾਮ

ਇਸ ਤੋਂ ਇਲਾਵਾ, ਇਸ ਵਿੱਚ ਪੰਜਾਬ ਪੁਲਿਸ ਦੇ ਇੱਕ ਅਫ਼ਸਰ ਹੁੰਦਰਪ੍ਰੀਤ ਦਾ ਨਾਮ ਵੀ ਸਾਹਮਣੇ ਆਇਆ ਹੈ। ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਵੀ ਹਵਾਲਗੀ ਰਾਹੀਂ ਅਮਰੀਕਾ ਲਿਜਾਣ ਦੀ ਗੱਲ ਕਹੀ ਹੈ। ਉੱਥੇ ਹੀ, FBI ਨੇ ਗੋਲਡੀ ਬਰਾੜ 'ਤੇ 50,000 ਡਾਲਰ ਦਾ ਇਨਾਮ ਘੋਸ਼ਿਤ ਕੀਤਾ ਹੈ। ਜੇਕਰ ਇਨ੍ਹਾਂ 'ਤੇ ਲਾਏ ਗਏ ਦੋਸ਼ ਸਹੀ ਸਾਬਤ ਹੁੰਦੇ ਹਨ, ਤਾਂ ਵੱਖ-ਵੱਖ ਦੋਸ਼ਾਂ ਤਹਿਤ ਇਨ੍ਹਾਂ ਨੂੰ 10 ਸਾਲ ਤੋਂ ਵੀ ਵੱਧ ਦੀ ਸਜ਼ਾ ਹੋ ਸਕਦੀ ਹੈ।


Related Post

ਮਾਨਸੂਨ ਦਾ ਕਹਿਰ! ਡਿਪਟੀ ਸੀਐਮ ਦੀ ਹਾਈ-ਲੈਵਲ ਮੀਟਿੰਗ: ਮੰਤਰੀਆਂ ਅਤੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼; ਟ੍ਰੇਨਾਂ ਰੱਦ, ਸਰਕਾਰੀ ਅਤੇ ਨਿੱਜੀ ਸਕੂਲਾਂ-ਕਾਲਜਾਂ 'ਚ ਛੁੱਟੀ…
3 ਰਾਜ ਸਭਾ ਸੀਟਾਂ 'ਤੇ ਉਪ ਚੋਣਾਂ ਦਾ ਐਲਾਨ, ਚੋਣ ਕਮਿਸ਼ਨ ਨੇ ਸ਼ਡਿਊਲ ਕੀਤਾ ਜਾਰੀ, ਜਾਣੋ ਕਿਉਂ ਹੋਈਆਂ ਖਾਲੀ...
ਪੁਲਿਸ ਮਹਿਕਮੇ ‘ਚ ਵੱਡਾ ਫੇਰਬਦਲ: 196 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, 58 ASI ਬਦਲੇ; 138 ਹੈੱਡ ਕਾਂਸਟੇਬਲਾਂ ਨੂੰ ਨਵੀਆਂ ਤਾਇਨਾਤੀਆਂ, ਜਾਣੋ ਕਿੱਥੇ-ਕਿੱਥੇ ਮਿਲੀ ਜ਼ਿੰਮੇਵਾਰੀ
ਬੰਗਾਲ ਦੀ ਸਿਆਸਤ 'ਚ ਵੱਡਾ ਭੂਚਾਲ! ਮਮਤਾ ਬੈਨਰਜੀ ਨੂੰ ਇੱਕ ਹੋਰ ਵੱਡਾ ਝਟਕਾ: TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਰੱਖਿਆ, ਊਰਜਾ ਅਤੇ AI ਖੇਤਰ 'ਚ ਭਾਰਤ-ਜਾਪਾਨ ਵਿਚਕਾਰ ਵੱਡੇ ਸਮਝੌਤੇ; PM ਮੋਦੀ ਨੇ ਜਾਪਾਨੀ PM ਤਾਕਾਈਚੀ ਨੂੰ ਦੱਸਿਆ ਆਪਣੀ 'ਛੋਟੀ ਭੈਣ'
ਵੱਡੀ ਰਾਹਤ! ਨਾਇਰਾ ਪੈਟਰੋਲ ਪੰਪਾਂ 'ਤੇ ਤੇਲ ਹੋਇਆ ਸਸਤਾ: ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਘਟਿਆ

© Copyright Galactic Television & Communications Pvt. Ltd. 2026. All rights reserved.