ਵਪਾਰਕ ਸੌਦਾ, ਇਰਾਨ ਯੁੱਧ, ਤਕਨਾਲੋਜੀ ਅਤੇ ਊਰਜਾ…16 ਮਹੀਨਿਆਂ ਬਾਅਦ ਅੱਜ ਹੋਵੇਗੀ ਪੀਐੱਮ ਮੋਦੀ ਤੇ ਟਰੰਪ ਦੀ ਮੁਲਾਕਾਤ, ਕੀ ਹੋਵੇਗਾ ਏਜੰਡਾ?

By:  Lajwinder Kaur June 17th 2026 10:17 AM -- Updated: June 17th 2026 10:29 AM

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ, ਜੋ G7 ਸੰਮੇਲਨ ਵਿੱਚ ਹਿੱਸਾ ਲੈਣ ਲਈ ਫਰਾਂਸ ਪਹੁੰਚੇ ਹਨ, ਅੱਜ ਦੁਵੱਲੀ ਮੀਟਿੰਗ ਕਰਨਗੇ। ਇਸ ਬੈਠਕ ਵਿੱਚ ਦੋਵਾਂ ਨੇਤਾਵਾਂ ਵਿਚਕਾਰ ਇਰਾਨ ਯੁੱਧ, ਭਾਰਤ-ਅਮਰੀਕਾ ਵਪਾਰ ਸਮਝੌਤੇ, ਊਰਜਾ ਸੁਰੱਖਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ G7 ਸੰਮੇਲਨ ਦੇ ਆਊਟਰੀਚ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ ਹੋਈ, ਜਿੱਥੇ ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਦਾ ਸਵਾਗਤ ਕੀਤਾ। 'ਨਵੀਂ ਸਾਂਝੇਦਾਰੀ ਬਣਾਉਣਾ ਅਤੇ ਅੰਤਰਰਾਸ਼ਟਰੀ ਏਕਤਾ ਨੂੰ ਬਹਾਲ ਕਰਨਾ' ਵਿਸ਼ੇ 'ਤੇ ਆਯੋਜਿਤ G7 ਵਰਕਿੰਗ ਸੈਸ਼ਨ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੇ ਹੱਥ ਮਿਲਾਇਆ ਅਤੇ ਗੱਲਬਾਤ ਕੀਤੀ। ਇਸ ਸੈਸ਼ਨ ਵਿੱਚ G7 ਦੇਸ਼ਾਂ, ਭਾਈਵਾਲ ਦੇਸ਼ਾਂ, ਵਿਸ਼ਵ ਬੈਂਕ ਅਤੇ ਅਫਰੀਕਨ ਡਿਵੈਲਪਮੈਂਟ ਬੈਂਕ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਹਨ।

ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਇਹ ਮੁਲਾਕਾਤ ਉਸ ਸਮੇਂ ਹੋਵੇਗੀ, ਜਦੋਂ ਦੋਵੇਂ ਆਗੂ G7 ਦੇ ਨੇਤਾਵਾਂ, ਆਊਟਰੀਚ ਭਾਈਵਾਲਾਂ ਅਤੇ ਤਕਨਾਲੋਜੀ ਖੇਤਰ ਦੇ ਮੁੱਖ ਅਧਿਕਾਰੀਆਂ ਨਾਲ ਵਰਕਿੰਗ ਲੰਚ (Working Lunch) ਵਿੱਚ ਸ਼ਾਮਲ ਹੋਣਗੇ। ਐਵੀਅਨ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਵਿਸ਼ਵ ਨੇਤਾਵਾਂ ਨੂੰ ਮਿਲਣ ਅਤੇ ਮਹੱਤਵਪੂਰਨ ਗਲੋਬਲ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਦੁਨੀਆ ਨੂੰ ਵੱਡਾ ਸੰਦੇਸ਼

ਉਨ੍ਹਾਂ ਨੇ 'ਐਕਸ' (X) 'ਤੇ ਲਿਖਿਆ, 'G7 ਸਿਖਰ ਸੰਮੇਲਨ ਲਈ ਫਰਾਂਸ ਦੇ ਐਵੀਅਨ ਪਹੁੰਚ ਗਿਆ ਹਾਂ। ਵਿਸ਼ਵ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਅਤੇ ਮਹੱਤਵਪੂਰਨ ਗਲੋਬਲ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਉਤਸੁਕ ਹਾਂ। ਭਾਰਤ ਇੱਕ ਵਧੇਰੇ ਟਿਕਾਊ ਅਤੇ ਖੁਸ਼ਹਾਲ ਵਿਸ਼ਵ ਲਈ ਸਮੂਹਿਕ ਯਤਨਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।'

ਲਗਾਤਾਰ 7ਵੀਂ ਵਾਰ G7 ਸੰਮੇਲਨ ਵਿੱਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ

ਭਾਰਤ ਨੂੰ 15 ਤੋਂ 17 ਜੂਨ ਤੱਕ ਆਯੋਜਿਤ 52ਵੇਂ G7 ਸਿਖਰ ਸੰਮੇਲਨ ਵਿੱਚ ਭਾਈਵਾਲ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ। ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਨਾਲ-ਨਾਲ 'ਗਲੋਬਲ ਸਾਊਥ' ਦੇ ਹਿੱਤਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ 'ਤੇ ਵਿਸ਼ਵ ਨੇਤਾਵਾਂ ਨਾਲ ਚਰਚਾ ਕਰਨਗੇ। G7 ਸਿਖਰ ਸੰਮੇਲਨ ਵਿੱਚ ਇਹ ਭਾਰਤ ਦੀ 13ਵੀਂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ ਸੱਤਵੀਂ ਭਾਗੀਦਾਰੀ ਹੋਵੇਗੀ।

16 ਅਤੇ 17 ਜੂਨ ਨੂੰ G7 ਸਿਖਰ ਸੰਮੇਲਨ ਦੇ ਆਊਟਰੀਚ ਸੈਸ਼ਨ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਹੋਰ ਸੱਦੇ ਗਏ ਦੇਸ਼ਾਂ ਦੇ ਨੇਤਾਵਾਂ ਨਾਲ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਅਨੁਸਾਰ, ਚਰਚਾ ਦਾ ਮੁੱਖ ਫੋਕਸ ਅੰਤਰਰਾਸ਼ਟਰੀ ਭਾਈਵਾਲੀ ਅਤੇ ਵਿਕਾਸ ਲਈ ਏਕਤਾ ਨੂੰ ਮਜ਼ਬੂਤ ਕਰਨ, ਸਮਾਵੇਸ਼ੀ ਅਤੇ ਸੰਤੁਲਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਪ੍ਰਭਾਵਸ਼ਾਲੀ ਅਤੇ ਜ਼ਿੰਮੇਵਾਰ ਵਰਤੋਂ 'ਤੇ ਰਹੇਗਾ।

ਵਿਦੇਸ਼ ਮੰਤਰਾਲੇ ਨੇ ਕਿਹਾ, 'G7 ਸੰਮੇਲਨ ਵਿੱਚ ਭਾਰਤ ਦੀ ਨਿਯਮਤ ਭਾਗੀਦਾਰੀ ਸ਼ਾਂਤੀ, ਸੁਰੱਖਿਆ, ਵਿਕਾਸ ਅਤੇ ਵਾਤਾਵਰਣ ਦੀ ਸਥਿਰਤਾ ਨਾਲ ਜੁੜੀਆਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਵਿੱਚ ਭਾਰਤ ਦੀ ਭੂਮਿਕਾ ਅਤੇ ਯੋਗਦਾਨ ਦੀ ਵਧਦੀ ਮਾਨਤਾ ਨੂੰ ਦਰਸਾਉਂਦੀ ਹੈ। ਨਾਲ ਹੀ, G7 ਅਤੇ G20 ਅਤੇ 'ਵੌਇਸ ਆਫ ਗਲੋਬਲ ਸਾਊਥ ਸਮਿਟ' ਵਰਗੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਨੇ ਲਗਾਤਾਰ 'ਗਲੋਬਲ ਸਾਊਥ' ਦੀਆਂ ਤਰਜੀਹਾਂ, ਚਿੰਤਾਵਾਂ ਅਤੇ ਵਿਕਾਸ ਸਬੰਧੀ ਇੱਛਾਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਹੈ।'

© Copyright Galactic Television & Communications Pvt. Ltd. 2026. All rights reserved.