Vietnam 'ਚ ਭਾਰਤੀ ਸੈਲਾਨੀਆਂ ਨਾਲ ਵੱਡਾ ਹਾਦਸਾ! ਪਲਟੀ ਕਿਸ਼ਤੀ; 15 ਭਾਰਤੀਆਂ ਦੀ ਮੌਤ, ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ, ਦੇਸ਼ ‘ਚ ਸੋਗ ਦੀ ਲਹਿਰ

ਵਿਅਤਨਾਮ ਤੋਂ ਇੰਡੀਆ ਦੇ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਭਾਰਤੀ ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟ ਗਈ ਅਤੇ ਕਈ ਭਾਰਤੀਆਂ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ।

By:  Lajwinder Kaur July 11th 2026 05:35 PM -- Updated: July 11th 2026 05:41 PM

ਵਿਦੇਸ਼ ਤੋਂ ਬਹੁਤ ਹੀ ਭਾਰਤ ਦੇ ਲਈ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਵਿਅਤਨਾਮ (Vietnam) ਦੇ ਫੂ ਕੁਓਕ ਟਾਪੂ ਨੇੜੇ ਸ਼ਨੀਵਾਰ ਨੂੰ ਇੱਕ ਸੈਲਾਨੀ ਕਿਸ਼ਤੀ ਪਲਟ ਗਈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ, ਇਸ ਕਿਸ਼ਤੀ ਵਿੱਚ 32 ਭਾਰਤੀ ਸਵਾਰ ਸਨ। ਇਸ ਮੰਦਭਾਗੀ ਘਟਨਾ ਵਿੱਚ 15 ਭਾਰਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਸੈਲਾਨੀ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ।

ਕਿਸ਼ਤੀ 'ਤੇ 4 ਕਰੂ ਮੈਂਬਰਾਂ ਸਮੇਤ ਕੁੱਲ 36 ਲੋਕ ਸਵਾਰ ਸਨ। ਬਚਾਅ ਕਾਰਜਾਂ ਦੌਰਾਨ 21 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇਹ ਹਾਦਸਾ ਸਵੇਰੇ 10:30 ਵਜੇ ਵਾਪਰਿਆ।

ਹਾਦਸੇ ਦੀ ਵਜ੍ਹਾ ਉੱਚੀਆਂ ਲਹਿਰਾਂ

ਚਸ਼ਮਦੀਦਾਂ ਦੇ ਅਨੁਸਾਰ, ਇਸ ਹਾਦਸੇ ਦਾ ਮੁੱਖ ਕਾਰਨ ਸਮੁੰਦਰ ਵਿੱਚ ਉੱਠ ਰਹੀਆਂ ਉੱਚੀਆਂ ਲਹਿਰਾਂ ਹੋ ਸਕਦੀਆਂ ਹਨ। ਸਾਹਮਣੇ ਆਏ ਵੀਡੀਓਜ਼ ਵਿੱਚ ਵੀ ਲਹਿਰਾਂ ਨੂੰ ਕਾਫੀ ਉੱਚਾ ਉੱਠਦੇ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੇ ਲਾਈਫ ਜੈਕਟਾਂ ਨਹੀਂ ਪਾਈਆਂ ਹੋਈਆਂ ਸਨ। ਜਦੋਂ ਕਿਸ਼ਤੀ ਪਲਟੀ, ਤਾਂ ਸੈਲਾਨੀ ਕਿਸ਼ਤੀ ਦੇ ਹੇਠਾਂ ਫਸ ਗਏ ਸਨ।

ਫੂ ਕੁਓਕ ਟਾਪੂ ਤੋਂ ਰਵਾਨਾ ਹੋਈ ਕਿਸ਼ਤੀ

ਇਹ ਕਿਸ਼ਤੀ ਭਾਰਤੀ ਸੈਲਾਨੀਆਂ ਨੂੰ ਫੂ ਕੁਓਕ ਟਾਪੂ ਦੇ ਨੇੜੇ ਸਥਿਤ 'ਹੋਨ ਮੇ ਰੂਟ' (Hon Me Rut) ਤੋਂ ਨਗੋਈ ਟਾਪੂ (Ngoai Island) ਦੀ ਸੈਰ ਕਰਵਾਉਣ ਲਈ ਲੈ ਕੇ ਜਾ ਰਹੀ ਸੀ, ਪਰ ਇਹ ਤੱਟ ਤੋਂ ਲਗਭਗ 400 ਮੀਟਰ ਪਹਿਲਾਂ ਹੀ ਪਲਟ ਗਈ।

ਨਗੋਈ ਟਾਪੂ ਆਪਣੇ ਸਾਫ਼ ਸਮੁੰਦਰ, ਛੋਟੇ ਬੀਚਾਂ ਅਤੇ ਕੋਰਲ ਰੀਫ ਡਾਈਵਿੰਗ (Coral Reef Diving) ਲਈ ਮਸ਼ਹੂਰ ਹੈ। ਇੱਥੇ ਪਹੁੰਚਣ ਲਈ ਸੈਲਾਨੀ ਆਮ ਤੌਰ 'ਤੇ ਐਨ ਥੋਈ (An Thoi) ਬੰਦਰਗਾਹ ਤੋਂ ਕਿਸ਼ਤੀ ਜਾਂ ਸਪੀਡਬੋਟ ਕਿਰਾਏ 'ਤੇ ਲੈਂਦੇ ਹਨ।

ਭਾਰਤੀ ਦੂਤਾਵਾਸ ਵੱਲੋਂ ਜਤਾਇਆ ਗਿਆ ਦੁੱਖ

ਭਾਰਤੀ ਦੂਤਾਵਾਸ ਨੇ 'X' (ਟਵਿੱਟਰ) 'ਤੇ ਇੱਕ ਪੋਸਟ ਵਿੱਚ ਦੱਸਿਆ ਹੈ ਕਿ "ਇੱਕ ਦੁਖਦਾਈ ਘਟਨਾ ਵਿੱਚ, ਵਿਅਤਨਾਮ ਵਿੱਚ ਫੂ ਕੁਓਕ ਟਾਪੂ ਨੇੜੇ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਹੈ।" ਇਸ ਵਿੱਚ ਕਿਹਾ ਗਿਆ ਹੈ ਕਿ ਮਦਦ ਅਤੇ ਜਾਣਕਾਰੀ ਲਈ ਹੋ ਚੀ ਮਿਨਹ ਸਿਟੀ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਹਨੋਈ ਵਿੱਚ ਦੂਤਾਵਾਸ ਵਿਖੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।

ਹੈਲਪਲਾਈਨ ਨੰਬਰ ਜਾਰੀ

ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਬਾਰੇ ਜਾਣਕਾਰੀ ਲੈਣ ਲਈ ਕੰਟਰੋਲ ਰੂਮ ਦੇ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ: 84 36 281 7930, 84 91 552 37 14 ਅਤੇ 84 33 452 0414। ਇਸ ਤੋਂ ਇਲਾਵਾ, ਹਨੋਈ ਸਥਿਤ ਕੰਟਰੋਲ ਰੂਮ ਨਾਲ ਇਸ ਨੰਬਰ 84 91 308 9165 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਭਾਰਤੀ ਮਿਸ਼ਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਮਦਦ ਅਤੇ ਸਵਾਲਾਂ ਲਈ ਹਮੇਸ਼ਾ ਉਪਲਬਧ ਹਨ।

© Copyright Galactic Television & Communications Pvt. Ltd. 2026. All rights reserved.