ਸ਼ੁਭੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, 5 ਹੋਰ ਆਗੂਆਂ ਨੇ ਵੀ ਮੰਤਰੀ ਵਜੋਂ ਲਿਆ ਹਲਫ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਸ਼ੁਭੇਂਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਦਾ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਆਜ਼ਾਦੀ ਤੋਂ ਬਾਅਦ ਸੂਬੇ ਵਿੱਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਸ਼ੁਭੇਂਦੂ ਅਧਿਕਾਰੀ ਬ੍ਰਿਗੇਡ ਗਰਾਊਂਡ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਖ਼ਾਸ ਗੱਲ ਇਹ ਹੈ ਕਿ ਉਹ ਇੱਕੋ ਸਮੇਂ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਜਿੱਤੇ ਹਨ; ਉਨ੍ਹਾਂ ਨੇ ਆਪਣੇ ਗ੍ਰਹਿ ਜ਼ਿਲ੍ਹੇ ਪੂਰਬੀ ਮਿਦਨਾਪੁਰ ਦੀ ਨੰਦੀਗ੍ਰਾਮ ਸੀਟ ਅਤੇ ਦੱਖਣੀ ਕੋਲਕਾਤਾ ਦੀ ਭਵਾਨੀਪੁਰ ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
ਮਮਤਾ ਬੈਨਰਜੀ ਨੂੰ ਹਰਾ ਕੇ ਸ਼ੁਭੇਂਦੂ ਅਧਿਕਾਰੀ ਬਣੇ 'ਜਾਇੰਟ-ਕਿਲਰ'
ਭਵਾਨੀਪੁਰ ਸੀਟ 'ਤੇ ਸ਼ੁਭੇਂਦੂ ਅਧਿਕਾਰੀ ਨੇ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 15,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਦੱਸ ਦੇਈਏ ਕਿ ਸਾਲ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਨੇ ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਨੂੰ ਮਾਤ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 'ਜਾਇੰਟ-ਕਿਲਰ' (ਵੱਡੇ ਦਿੱਗਜਾਂ ਨੂੰ ਹਰਾਉਣ ਵਾਲਾ) ਦਾ ਖ਼ਿਤਾਬ ਮਿਲਿਆ ਸੀ। ਆਪਣੀ ਇਸ ਤਾਜ਼ਾ ਜਿੱਤ ਨਾਲ ਉਨ੍ਹਾਂ ਨੇ ਇੱਕ ਵਾਰ ਫਿਰ ਮਮਤਾ ਬੈਨਰਜੀ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਇਸ ਇਤਿਹਾਸਕ ਜਿੱਤ ਨੇ ਸੂਬੇ ਵਿੱਚ ਭਾਜਪਾ ਦੀ ਪਹਿਲੀ ਸਰਕਾਰ ਦੀ ਅਗਵਾਈ ਕਰਨ ਲਈ ਉਨ੍ਹਾਂ ਦੇ ਦਾਅਵੇ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ।
ਸ਼ੁਭੇਂਦੂ ਅਧਿਕਾਰੀ ਨੇ ਚੁੱਕੀ ਸਹੁੰ, ਵਰਕਰਾਂ ਵਿੱਚ ਭਾਰੀ ਉਤਸ਼ਾਹ
ਸ਼ੁਭੇਂਦੂ ਅਧਿਕਾਰੀ ਨੇ ਬੰਗਾਲੀ ਭਾਸ਼ਾ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਜਿਸ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲਿਆ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਸਟੇਜ 'ਤੇ ਮੌਜੂਦ ਮਹਿਮਾਨਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਇਸ ਇਤਿਹਾਸਕ ਪਲ 'ਤੇ ਸ਼ੁਭਕਾਮਨਾਵਾਂ ਦਿੱਤੀਆਂ।
ਦੂਜੇ ਨੰਬਰ 'ਤੇ ਦਿਲੀਪ ਘੋਸ਼ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ
ਮੁੱਖ ਮੰਤਰੀ ਤੋਂ ਬਾਅਦ ਦੂਜੇ ਨੰਬਰ 'ਤੇ ਦਿਲੀਪ ਘੋਸ਼ ਨੇ ਮੰਤਰੀ ਵਜੋਂ ਸਹੁੰ ਚੁੱਕੀ। ਦਿਲੀਪ ਘੋਸ਼ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਭਾਰਤੀ ਜਨਤਾ ਪਾਰਟੀ ਦੇ ਉਪ-ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ, ਅਤੇ ਹੁਣ ਉਹ ਨਵੀਂ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਸੰਭਾਲਣਗੇ।
ਅਗਨੀਮਿੱਤਰਾ ਪਾਲ ਨੇ ਵੀ ਚੁੱਕੀ ਸਹੁੰ
ਭਾਜਪਾ ਦੀ ਦਿੱਗਜ ਮਹਿਲਾ ਆਗੂ ਅਗਨੀਮਿੱਤਰਾ ਪਾਲ ਨੇ ਵੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੇ ਪ੍ਰਮਾਤਮਾ ਦੇ ਨਾਂ 'ਤੇ ਆਪਣੀ ਸਹੁੰ ਪੂਰੀ ਕੀਤੀ। ਦੱਸ ਦੇਈਏ ਕਿ ਅਗਨੀਮਿੱਤਰਾ ਪਾਲ ਲਗਾਤਾਰ ਦੋ ਵਾਰ ਚੋਣ ਜਿੱਤ ਕੇ ਆਪਣੀ ਮਜ਼ਬੂਤ ਸਿਆਸੀ ਪਕੜ ਦਾ ਸਬੂਤ ਦੇ ਚੁੱਕੇ ਹਨ ਅਤੇ ਹੁਣ ਉਹ ਸੂਬਾ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਬਨਗਾਂਓ ਤੋਂ ਜੇਤੂ ਅਸ਼ੋਕ ਕੀਰਤਨੀਆ ਵੀ ਬਣੇ ਕੈਬਨਿਟ ਮੰਤਰੀ
ਸ਼ੁਭੇਂਦੂ ਅਧਿਕਾਰੀ ਤੋਂ ਬਾਅਦ ਤਿੰਨ ਹੋਰ ਮੰਤਰੀ ਸਹੁੰ ਚੁੱਕ ਚੁੱਕੇ ਹਨ। ਬਨਗਾਂਓ ਸੀਟ ਤੋਂ ਜਿੱਤ ਹਾਸਲ ਕਰਨ ਵਾਲੇ ਅਸ਼ੋਕ ਕੀਰਤਨੀਆ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਹ ਮਤੁਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਸਿਆਸੀ ਤੌਰ 'ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਰਾਣੀਬਾਂਧ ਦੇ ਵਿਧਾਇਕ ਖੁਦੀਰਾਮ ਟੂਡੂ ਬਣੇ ਆਦਿਵਾਸੀ ਚਿਹਰਾ
ਪੇਸ਼ੇ ਤੋਂ ਅਧਿਆਪਕ ਖੁਦੀਰਾਮ ਟੂਡੂ ਭਾਜਪਾ ਦੇ ਪ੍ਰਮੁੱਖ ਆਦਿਵਾਸੀ ਆਗੂ ਹਨ। ਉਹ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਪਹਿਲੀ ਵਾਰ ਹੀ ਰਾਣੀਬਾਂਧ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ। ਉਨ੍ਹਾਂ ਨੇ ਆਪਣੀ ਮਾਤ ਭਾਸ਼ਾ ਸੰਥਾਲੀ ਵਿੱਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਜੋ ਕਿ ਉਨ੍ਹਾਂ ਦੇ ਭਾਈਚਾਰੇ ਲਈ ਇੱਕ ਮਾਣ ਵਾਲੀ ਗੱਲ ਹੈ।
ਨਿਸ਼ੀਥ ਪ੍ਰਮਾਣਿਕ ਵੀ ਬਣੇ ਸ਼ੁਭੇਂਦੂ ਸਰਕਾਰ ਵਿੱਚ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਨਿਸ਼ੀਥ ਪ੍ਰਮਾਣਿਕ ਨੇ ਵੀ ਸ਼ੁਭੇਂਦੂ ਸਰਕਾਰ ਦੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸ਼ਨੀਵਾਰ ਨੂੰ ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸੂਚੀ ਵਿੱਚ ਉਹ ਆਖਰੀ ਨਾਂ ਸਨ। ਕੇਂਦਰੀ ਰਾਜਨੀਤੀ ਦਾ ਤਜ਼ਰਬਾ ਰੱਖਣ ਵਾਲੇ ਨਿਸ਼ੀਥ ਪ੍ਰਮਾਣਿਕ ਹੁਣ ਪੱਛਮੀ ਬੰਗਾਲ ਦੀ ਨਵੀਂ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਉਣਗੇ।