ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ! ਸਿੱਕਮ ‘ਚ ਵੀ ਲਾਗੂ ਹੋਇਆ 'ਅਨੰਦ ਮੈਰਿਜ ਐਕਟ'; ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ

By:  Lajwinder Kaur May 18th 2026 03:32 PM -- Updated: May 18th 2026 03:48 PM

ਸਿੱਕਮ ਸਮੇਤ ਹੁਣ ਪੂਰੇ ਦੇਸ਼ ਵਿੱਚ ਸਿੱਖ ਜੋੜੇ 'ਅਨੰਦ ਮੈਰਿਜ ਐਕਟ' ਤਹਿਤ ਆਪਣੇ ਵਿਆਹ ਰਜਿਸਟਰਡ ਕਰਵਾ ਸਕਣਗੇ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਸਿੱਕਮ ਸਰਕਾਰ ਨੇ ਵੀ 1 ਜੂਨ ਤੋਂ ਇਸ ਐਕਟ ਦੇ ਤਹਿਤ ਵਿਆਹਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ

ਇਸ ਇਤਿਹਾਸਕ ਬਦਲਾਅ ਤੋਂ ਬਾਅਦ, ਸਿੱਕਮ ਵਿੱਚ ਰਹਿਣ ਵਾਲੇ ਸਿੱਖ ਜੋੜੇ ਆਪਣੀ ਰਵਾਇਤੀ 'ਅਨੰਦ ਕਾਰਜ' ਰਸਮ ਰਾਹੀਂ ਹੋਏ ਵਿਆਹ ਨੂੰ ਬਿਨਾਂ ਕਿਸੇ ਕਾਨੂੰਨੀ ਅੜਚਨ ਦੇ ਸਿੱਧਾ ਰਜਿਸਟਰ ਕਰਵਾ ਸਕਣਗੇ। ਦਰਅਸਲ, ਦੇਸ਼ ਦੇ ਬਾਕੀ ਸਾਰੇ ਰਾਜਾਂ ਵਿੱਚ ਪਹਿਲਾਂ ਹੀ ਇਸ ਐਕਟ ਤਹਿਤ ਵਿਆਹਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਸੀ, ਪਰ ਸਿੱਕਮ ਨੇ ਹਾਲੇ ਤੱਕ ਇਸ ਸਬੰਧੀ ਕੋਈ ਨਿਯਮ ਨਹੀਂ ਬਣਾਏ ਸਨ।

ਕੋਰਟ ਨੇ ਲਗਾਈ ਫਟਕਾਰ, ਜਾਰੀ ਹੋਇਆ ਨੋਟੀਫਿਕੇਸ਼ਨ

ਜਦੋਂ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ, ਤਾਂ ਵੀ ਸਿੱਕਮ ਸਰਕਾਰ ਨੇ ਇਸ ਨੂੰ ਲਾਗੂ ਨਹੀਂ ਕੀਤਾ ਸੀ। ਇਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਦੁਬਾਰਾ ਸਖ਼ਤ ਫਟਕਾਰ ਲਗਾਈ, ਤਾਂ ਹੁਣ ਜਾ ਕੇ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਹੁਣ ਇੱਕ ਜੂਨ ਤੋਂ ਸਿੱਕਿਮ ਵਿੱਚ ਸਿੱਖ ਜੋੜੇ ਇਸ ਐਕਟ ਤਹਿਤ ਆਪਣੇ ਵਿਆਹ ਰਜਿਸਟਰਡ ਕਰਵਾ ਸਕਣਗੇ।

ਸਿੱਕਮ ਵਿੱਚ ਰਹਿਣ ਵਾਲੇ ਅਮਨਜੋਤ ਸਿੰਘ ਚੱਢਾ ਨੇ ਇਸ ਹੱਕ ਲਈ ਕਾਨੂੰਨੀ ਲੜਾਈ ਲੜੀ ਹੈ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਵਿਆਹੁਤਾ ਅਧਿਕਾਰਾਂ ਦੀ ਰੱਖਿਆ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਸੀ। ਇਹ ਪਟੀਸ਼ਨ ਭਾਰਤੀ ਸੰਵਿਧਾਨ ਦੀ ਧਾਰਾ 32 (Article 32) ਦੇ ਤਹਿਤ ਦਾਇਰ ਕੀਤੀ ਗਈ ਸੀ।

ਆਪਣੀ ਇਸ ਪਟੀਸ਼ਨ ਵਿੱਚ ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਦੇਸ਼ ਦੇ ਜਿਨ੍ਹਾਂ ਰਾਜਾਂ ਨੇ ਹਾਲੇ ਤੱਕ 'ਅਨੰਦ ਮੈਰਿਜ ਐਕਟ' ਨੂੰ ਲੈ ਕੇ ਆਪਣੇ ਨਿਯਮ ਤੈਅ ਨਹੀਂ ਕੀਤੇ ਹਨ, ਉਨ੍ਹਾਂ ਨੂੰ ਅਦਾਲਤ ਵੱਲੋਂ ਇੱਕ ਸਖ਼ਤ ਆਦੇਸ਼ ਜਾਰੀ ਕੀਤਾ ਜਾਵੇ।

ਉਨ੍ਹਾਂ ਦੀ ਮੰਗ ਸੀ ਕਿ ਸਾਰੇ ਰਾਜਾਂ ਨੂੰ 2012 ਦੇ ਕੇਂਦਰੀ ਸੋਧ ਤਹਿਤ ਆਪਣੇ-ਆਪਣੇ ਰਾਜਾਂ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਦੇ ਨਿਯਮ ਲਾਜ਼ਮੀ ਤੌਰ 'ਤੇ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ। ਇਸੇ ਪਟੀਸ਼ਨ 'ਤੇ ਡੂੰਘੀ ਸੁਣਵਾਈ ਕਰਦੇ ਹੋਏ ਸਤੰਬਰ 2025 ਵਿੱਚ ਸੁਪਰੀਮ ਕੋਰਟ ਨੇ ਉਹ ਇਤਿਹਾਸਕ ਫ਼ੈਸਲਾ ਸੁਣਾਇਆ ਸੀ, ਜਿਸ ਦੇ ਸੁਖਦ ਨਤੀਜੇ ਹੁਣ 2026 ਵਿੱਚ ਜ਼ਮੀਨੀ ਪੱਧਰ 'ਤੇ ਦਿਖਾਈ ਦੇਣ ਲੱਗੇ ਹਨ।

ਸਿੱਕਮ ਨੇ ਤਿਆਰ ਕੀਤਾ ਨਿਯਮ

ਸਿੱਕਮ ਸਰਕਾਰ ਨੇ ਤੁਰੰਤ ਸਥਾਨਕ ਪੱਧਰ 'ਤੇ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ 'ਸਿੱਕਿਮ ਅਨੰਦ ਮੈਰਿਜ ਰਜਿਸਟ੍ਰੇਸ਼ਨ ਰੂਲਜ਼, 2026' ਤਿਆਰ ਕੀਤੇ ਹਨ। ਇਸ ਤੋਂ ਬਾਅਦ ਹੀ ਕੇਂਦਰੀ ਕਾਨੂੰਨ ਮੰਤਰਾਲੇ ਨੇ 14 ਮਈ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 1 ਜੂਨ 2026 ਤੋਂ ਇਸ ਨੂੰ ਲਾਗੂ ਕਰਨ ਦੀ ਤਾਰੀਖ਼ ਤੈਅ ਕੀਤੀ ਹੈ।

© Copyright Galactic Television & Communications Pvt. Ltd. 2026. All rights reserved.