ਲੋਕ ਸਭਾ ‘ਚ ਰਾਹੁਲ ਗਾਂਧੀ ਦੇ ਬਿਆਨ ਨੇ ਮਚਾਈ ਤਰਥੱਲੀ, ਬੋਲੇ- ‘ਅਮਿਤ ਸ਼ਾਹ ਨੇ ਦਿੱਤਾ ਫਾਇਰਿੰਗ ਦਾ ਆਦੇਸ਼, ਰਿਜੀਜੂ ਬੋਲੇ- 'ਮੁਆਫੀ...'

ਅੱਜ ਲੋਕ ਸਭਾ ਦੇ ਵਿੱਚ ਕਾਫੀ ਖੜਕਾ-ਦੜਕਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਧਮਾਕੇਦਾਰ ਸਪੀਚ ਨੇ ਸਦਨ ਦੇ ਅੰਦਰ ਤਰਥੱਲੀ ਮਚਾ ਕੇ ਰੱਖ ਦਿੱਤੀ। ਉਨ੍ਹਾਂ ਨੇ ਸੱਤਾ ਧਿਰ ਨੂੰ ਖਰੀਆਂ-ਖਰੀਆਂ ਸੁਣਾਈਆਂ...ਪੈਲੇਟ ਗਨ (Pellet Gun) ਦੀ ਵਰਤੋਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ....

By:  Lajwinder Kaur July 29th 2026 04:36 PM -- Updated: July 29th 2026 04:50 PM

ਨਵੀਂ ਦਿੱਲੀ ਵਿੱਚ ਸੰਸਦ ਦਾ ਮਾਨਸੂਨ ਸੈਸ਼ਨ ਇਸ ਸਮੇਂ ਆਪਣੇ ਪੂਰੇ ਉਬਾਲ 'ਤੇ ਰਿਹਾ। ਲੋਕ ਸਭਾ ਵਿੱਚ ਉਸ ਸਮੇਂ ਹਾਈ-ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) 'ਤੇ ਬੇਹੱਦ ਗੰਭੀਰ ਇਲਜ਼ਾਮ ਲਗਾ ਦਿੱਤੇ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਦੇ ਸਿੱਧੇ ਆਦੇਸ਼ਾਂ 'ਤੇ ਸੀ.ਜੇ.ਪੀ. (CJP) ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਅਤੇ ਵਿਦਿਆਰਥੀਆਂ 'ਤੇ ਪੈਲੇਟ ਗਨ (Pellet Gun) ਚਲਾਈ ਗਈ ਅਤੇ ਉਨ੍ਹਾਂ ਨੂੰ ਕਰੰਟ (Shock) ਦਿੱਤਾ ਗਿਆ।

ਲੋਕ ਸਭਾ ਵਿੱਚ ਐਂਟੀ ਪੇਪਰ ਲੀਕ ਬਿੱਲ 'ਤੇ ਚਰਚਾ ਦੌਰਾਨ ਹੋਇਆ ਧਮਾਕਾ

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਜਦੋਂ ਐਂਟੀ ਪੇਪਰ ਲੀਕ ਬਿੱਲ 'ਤੇ ਬਹਿਸ ਚੱਲ ਰਹੀ ਸੀ, ਤਾਂ ਸਾਰਿਆਂ ਦਾ ਧਿਆਨ ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਵੱਲ ਖਿੱਚਿਆ ਗਿਆ ਜਦੋਂ ਰਾਹੁਲ ਗਾਂਧੀ ਨੇ ਦੇਸ਼ ਦੇ ਨੌਜਵਾਨਾਂ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਦਾਅਵਾ ਕੀਤਾ ਕਿ ਦਿੱਲੀ ਵਿੱਚ ਪੇਪਰ ਲੀਕ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਤਾਕਤ ਦੀ ਅੰਨ੍ਹੇਵਾਹ ਵਰਤੋਂ ਕੀਤੀ ਗਈ ਹੈ।

ਰਾਹੁਲ ਗਾਂਧੀ ਨੇ ਸਦਨ ਵਿੱਚ ਸਖ਼ਤ ਲਹਿਜ਼ੇ ਵਿੱਚ ਕਿਹਾ, "ਭਾਰਤ ਦੇ ਕਥਿਤ ਗ੍ਰਹਿ ਮੰਤਰੀ ਵਿੱਚ ਇਹ ਹਿੰਮਤ ਨਹੀਂ ਹੈ ਕਿ ਉਹ ਇੱਥੇ ਆ ਕੇ ਬੈਠਣ…ਉਹ ਡਰੇ ਹੋਏ ਹਨ। ਦੇਸ਼ ਦੇ ਮਾਸੂਮ ਬੱਚਿਆਂ 'ਤੇ ਪੈਲੇਟ ਗਨ ਮਾਰੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਹਨ।" ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਗੰਭੀਰ ਮਾਮਲਿਆਂ ਵਿੱਚ ਫੋਰਸ ਦੀ ਵਰਤੋਂ ਦੀ ਇਜਾਜ਼ਤ ਜਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਕਦੇ ਹਨ ਜਾਂ ਫਿਰ ਗ੍ਰਹਿ ਮੰਤਰੀ।

ਕਿਰਨ ਰਿਜੀਜੂ ਦਾ ਪਲਟਵਾਰ: "ਮੁਆਫ਼ੀ ਮੰਗੋ, ਨਹੀਂ ਤਾਂ ਸਦਨ ਨਹੀਂ ਚੱਲਣ ਦਿੱਤਾ ਜਾਵੇਗਾ"

ਰਾਹੁਲ ਗਾਂਧੀ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਲਗਾਏ ਗਏ ਇਨ੍ਹਾਂ ਗੰਭੀਰ ਅਤੇ ਬੇਬੁਨਿਆਦ ਇਲਜ਼ਾਮਾਂ ਤੋਂ ਬਾਅਦ ਸਰਕਾਰ ਪੱਖ ਪੂਰੀ ਤਰ੍ਹਾਂ ਭੜਕ ਉੱਠਿਆ। ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਤੁਰੰਤ ਖੜ੍ਹੇ ਹੋ ਕੇ ਇਨ੍ਹਾਂ ਦੋਸ਼ਾਂ ਨੂੰ ਸਿਰਫ਼ ਖਾਰਜ ਹੀ ਨਹੀਂ ਕੀਤਾ, ਸਗੋਂ ਰਾਹੁਲ ਗਾਂਧੀ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ।

ਕਿਰਨ ਰਿਜੀਜੂ ਨੇ ਸਦਨ ਵਿੱਚ ਬੁਲੰਦ ਆਵਾਜ਼ ਵਿੱਚ ਕਿਹਾ: "ਤੁਸੀਂ ਕਿਸ ਆਧਾਰ 'ਤੇ ਇਸ ਤਰ੍ਹਾਂ ਦੇ ਬੇਬੁਨਿਆਦ ਅਤੇ ਗੰਭੀਰ ਇਲਜ਼ਾਮ ਲਗਾ ਰਹੇ ਹੋ? ਆਪਣੇ ਦਾਅਵਿਆਂ ਦੇ ਪੱਖ ਵਿੱਚ ਸਬੂਤ ਪੇਸ਼ ਕਰੋ। ਜੇਕਰ ਤੁਹਾਡੇ ਕੋਲ ਸਬੂਤ ਨਹੀਂ ਹਨ, ਤਾਂ ਤੁਹਾਨੂੰ ਤੁਰੰਤ ਦੇਸ਼ ਅਤੇ ਸਦਨ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜਦੋਂ ਤੱਕ ਮੁਆਫ਼ੀ ਨਹੀਂ ਮੰਗੀ ਜਾਂਦੀ, ਸਦਨ ਦੀ ਕਾਰਵਾਈ ਨੂੰ ਇਸ ਤਰ੍ਹਾਂ ਨਹੀਂ ਚੱਲਣ ਦਿੱਤਾ ਜਾਵੇਗਾ।"

ਸਰਕਾਰ ਦਾ ਮੰਨਣਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਬਿਨਾਂ ਕਿਸੇ ਠੋਸ ਜਾਂਚ ਜਾਂ ਪੁਖ਼ਤਾ ਸਬੂਤ ਦੇ ਸਿਰਫ਼ ਸਿਆਸੀ ਫਾਇਦੇ ਲਈ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਅਤੇ ਮੰਤਰਾਲੇ ਦੀ ਛਵੀ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸਪਾ ਮੁਖੀ ਅਖਿਲੇਸ਼ ਯਾਦਵ ਦਾ ਸਮਰਥਨ ਅਤੇ ਸਪੀਕਰ ਓਮ ਬਿਰਲਾ ਦੀ ਦਖ਼ਲਅੰਦਾਜ਼ੀ

ਇਸ ਪੂਰੇ ਹੰਗਾਮੇ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਖੁੱਲ੍ਹ ਕੇ ਸਾਹਮਣੇ ਆਏ। ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਦੇਸ਼ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ 'ਤੇ ਇੰਨਾ ਵੱਡਾ ਅੱਤਿਆਚਾਰ ਹੋਇਆ ਹੈ ਅਤੇ ਉਨ੍ਹਾਂ ਨੂੰ ਗੋਲੀਆਂ ਜਾਂ ਪੈਲੇਟ ਗਨ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਤਾਂ ਸਰਕਾਰ ਨੂੰ ਦੇਸ਼ ਸਾਹਮਣੇ ਸੱਚਾਈ ਰੱਖਣੀ ਚਾਹੀਦੀ ਹੈ ਕਿ ਆਖਿਰ ਇਹ ਆਦੇਸ਼ ਕਿਸ ਨੇ ਦਿੱਤੇ ਸਨ।

ਦੂਜੇ ਪਾਸੇ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਵਿੱਚ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ। ਸਪੀਕਰ ਨੇ ਰਾਹੁਲ ਗਾਂਧੀ ਨੂੰ ਟੋਕਦਿਆਂ ਕਿਹਾ ਕਿ ਮੌਜੂਦਾ ਸਮੇਂ ਸਦਨ ਵਿੱਚ ਐਂਟੀ ਪੇਪਰ ਲੀਕ ਬਿੱਲ 'ਤੇ ਚਰਚਾ ਚੱਲ ਰਹੀ ਹੈ, ਇਸ ਲਈ ਸਾਰੇ ਮੈਂਬਰਾਂ ਨੂੰ ਬਿੱਲ ਦੇ ਦਾਇਰੇ ਵਿੱਚ ਰਹਿ ਕੇ ਹੀ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ ਅਤੇ ਬਿਨਾਂ ਪੁਖ਼ਤਾ ਤੱਥਾਂ ਦੇ ਕਿਸੇ ਦਾ ਨਿੱਜੀ ਤੌਰ 'ਤੇ ਨਾਮ ਲੈਣ ਤੋਂ ਬਚਣਾ ਚਾਹੀਦਾ ਹੈ।

ਹਾਲਾਂਕਿ, ਸਦਨ ਵਿੱਚ ਦੋਵਾਂ ਧਿਰਾਂ ਵਿਚਕਾਰ ਵਧਦੇ ਤਣਾਅ ਅਤੇ ਨਾਅਰੇਬਾਜ਼ੀ ਕਾਰਨ ਸਥਿਤੀ ਬਹੁਤ ਤਣਾਅਪੂਰਨ ਹੋ ਗਈ, ਜਿਸ ਕਾਰਨ ਸਪੀਕਰ ਨੂੰ ਲੋਕ ਸਭਾ ਦੀ ਕਾਰਵਾਈ ਦੁਪਹਿਰ 2:30 ਵਜੇ ਤੱਕ ਮੁਲਤਵੀ ਕਰਨੀ ਪਈ। ਪਰ ਭਾਰੀ ਹੰਗਾਮੇ ਦੇ ਦੌਰਾਨ ਵੀ ਅੱਜ ਐਂਟੀ ਪੇਪਰ ਲੀਕ ਸੋਧ ਬਿੱਲ ਲੋਕ ਸਭਾ ਦੇ ਵਿੱਚ ਪਾਸੇ ਹੋ ਗਿਆ ਹੈ। ਹੁਣ ਇਸ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਏਗਾ।

Related Post

Bank of Baroda ਡੇਟਾ ਲੀਕ: 1TB ਗਾਹਕ ਜਾਣਕਾਰੀ ਡਾਰਕ ਵੈੱਬ 'ਤੇ, ਨਾਮ-ਮੋਬਾਈਲ-ਆਧਾਰ ਨੰਬਰ ਲੀਕ, ਸਾਈਬਰ ਧੋਖਾਧੜੀ ਦਾ ਖ਼ਤਰਾ…
ਕੀ ਫੇਸਬੁੱਕ ਨੇ ਭਾਰਤ ‘ਚ ਬਲਾਕ ਕਰ ਦਿੱਤਾ ਸੀ PM ਮੋਦੀ ਦਾ GenZ ਵੀਡੀਓ? ਸਾਹਮਣੇ ਆ ਗਈ ਅਸਲ ਸੱਚਾਈ
ਦੁਬਈ-ਮੁੰਬਈ ਇੰਡੀਗੋ ਫਲਾਈਟ ਦੀ ਰਾਜਕੋਟ ‘ਚ ਐਮਰਜੈਂਸੀ ਲੈਂਡਿੰਗ: ਯਾਤਰੀਆਂ ਦੇ ਅਟਕੇ ਸਾਹ; ਕਾਰਗੋ ਕੰਪਾਰਟਮੈਂਟ ‘ਚੋਂ ਧੂੰਆਂ ਨਿਕਲਣ 'ਤੇ ਪਾਇਲਟ ਨੇ…..
ਕਾਕਰੋਚ ਜਿਸ ਨੇ ਸਰਕਾਰ ਨੂੰ ਝੁਕਾ ਦਿੱਤਾ: ਕਿਵੇਂ 'ਜ਼ੈਨ ਜੀ' ਨੇ ਭਾਰਤੀ ਰਾਜਨੀਤੀ ਨੂੰ ਹਮੇਸ਼ਾ ਲਈ ਬਦਲ ਦਿੱਤਾ
'100% ਸ਼ੁੱਧ ਪੈਟਰੋਲ ਮਿਲੇ', CJP ਦੀ ਸਫਲਤਾ ਤੋਂ ਬਾਅਦ, E20 ਜਨਤਾ ਪਾਰਟੀ ਮੈਦਾਨ 'ਚ ਉਤਰੀ, X-Instagram 'ਤੇ ਤੇਜ਼ੀ ਨਾਲ ਮਿਲ ਰਿਹਾ ਸਮਰਥਨ
ਵੱਡਾ ਪ੍ਰਸ਼ਾਸਨਿਕ ਫੇਰਬਦਲ: 11 ਸੀਨੀਅਰ IAS ਅਤੇ IFS ਅਧਿਕਾਰੀਆਂ ਦੇ ਹੋਏ ਤਬਾਦਲੇ, ਮੁੱਖ ਵਿਭਾਗਾਂ ਦੇ ਸਕੱਤਰਾਂ ਨੂੰ ਬਦਲਿਆ…

© Copyright Galactic Television & Communications Pvt. Ltd. 2026. All rights reserved.