ਜਹਾਜ਼ ਦੇ ਅੰਦਰ ਵੜ ਕੇ ਪੁਲਿਸ ਨੇ ਕੀਤੀ ਕਾਰਵਾਈ: ਅਭਿਜੀਤ ਦੀਪਕੇ, ਸੌਰਭ ਦਾਸ ਤੇ ਆਸ਼ੁਤੋਸ਼ ਰਾਂਕਾ ਹਿਰਾਸਤ 'ਚ

ਜੰਤਰ-ਮੰਤਰ 'ਤੇ ਪ੍ਰਸਤਾਵਿਤ CJP ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ CJP ਆਗੂਆਂ ਅਭਿਜੀਤ ਦੀਪਕੇ, ਸੌਰਭ ਦਾਸ ਅਤੇ ਆਸ਼ੁਤੋਸ਼ ਰਾਂਕਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

By:  Lajwinder Kaur October 10th 2026 11:09 AM -- Updated: October 10th 2026 11:20 AM

ਜੰਤਰ-ਮੰਤਰ 'ਤੇ ਪ੍ਰਸਤਾਵਿਤ CJP ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ CJP ਆਗੂਆਂ ਅਭਿਜੀਤ ਦੀਪਕੇ, ਸੌਰਭ ਦਾਸ ਅਤੇ ਆਸ਼ੁਤੋਸ਼ ਰਾਂਕਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਦਿੱਲੀ ਹਵਾਈ ਅੱਡੇ 'ਤੇ ਜਹਾਜ਼ ਲੈਂਡ ਹੋਣ ਤੇ ਤੁਰੰਤ ਬਾਅਦ ਜਹਾਜ਼ ਦੇ ਅੰਦਰ ਦਾਖ਼ਲ ਹੋ ਕੇ ਕੀਤੀ।

ਜਹਾਜ਼ ਉਤਰਦੇ ਹੀ ਪੁਲਿਸ ਨੇ ਘੇਰਿਆ

ਮੁੰਬਈ ਤੋਂ ਦਿੱਲੀ ਪਹੁੰਚੀ ਫਲਾਈਟ ਦੇ ਲੈਂਡ ਹੁੰਦੇ ਹੀ ਦਿੱਲੀ ਪੁਲਿਸ ਦੇ ਜਵਾਨ ਜਹਾਜ਼ ਦੇ ਅੰਦਰ ਵੜ ਗਏ ਅਤੇ ਤਿੰਨੋਂ ਆਗੂਆਂ ਨੂੰ ਹੇਠਾਂ ਉਤਰਨ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ। ਪਾਰਟੀ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਦਿਖਾਈ ਦੇ ਰਹੇ ਹਨ।



CJP ਨੇ ਪੁਲਿਸ ਕਾਰਵਾਈ ਦੀ ਕੀਤੀ ਨਿੰਦਾ

ਕਾਕਰੋਚ ਜਨਤਾ ਪਾਰਟੀ (CJP) ਨੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪਾਰਟੀ ਦਾ ਦੋਸ਼ ਹੈ ਕਿ ਸਰਕਾਰ ਅਤੇ ਪੁਲਿਸ ਮਿਲਾਵਟਸ਼ੁਦਾ ਵੋਟਰ ਲਿਸਟਾਂ ਅਤੇ ਚੋਣ ਕਮਿਸ਼ਨ ਦੇ ਖ਼ਿਲਾਫ਼ ਹੋਣ ਵਾਲੇ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਦਬਾਉਣ ਲਈ ਇਹ ਕਦਮ ਚੁੱਕ ਰਹੀ ਹੈ। ਪਾਰਟੀ ਨੇ ਤਿੰਨਾਂ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ ਅਤੇ ਕਈ ਹੋਰ ਆਗੂਆਂ ਤੇ ਸਮਰਥਕਾਂ ਨੂੰ ਵੀ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਯੂਟਿਊਬਰ ਧਰੁਵ ਰਾਠੀ ਸਮੇਤ 150 ਲੋਕ ਹਿਰਾਸਤ 'ਚ

ਦੱਸ ਦਈਏ ਇਸ ਤੋਂ ਪਹਿਲਾਂ ਯੂਟਿਊਬਰ ਧਰੁਵ ਰਾਠੀ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ ਹੈ। ਜੰਤਰ-ਮੰਤਰ 'ਤੇ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਹੈ। ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਲਗਭਗ 150 ਲੋਕਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। CJP ਦੇ X (ਟਵਿੱਟਰ) ਹੈਂਡਲ ਮੁਤਾਬਕ, ਸਵੇਰੇ 8 ਵਜੇ ਦੇ ਕਰੀਬ ਗੁਰੂਗ੍ਰਾਮ ਸਥਿਤ ਯੂਟਿਊਬਰ ਧਰੁਵ ਰਾਠੀ ਦੇ ਘਰੋਂ ਸਾਦੇ ਕੱਪੜਿਆਂ 'ਚ ਆਈ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ।


© Copyright Galactic Television & Communications Pvt. Ltd. 2026. All rights reserved.