ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤ ਪਹੁੰਚੇ ਪਾਕਿਸਤਾਨੀ ਮੰਤਰੀ, 'SCO ਸੱਭਿਅਤਾ ਸੰਵਾਦ ਮੰਚ' ‘ਚ ਲੈਣਗੇ ਹਿੱਸਾ

ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਤਾਲਮੇਲ ਬਾਰੇ ਸੰਘੀ ਮੰਤਰੀ ਡਾ. ਮੁਸੱਦਿਕ ਮਸੂਦ ਮਲਿਕ ਸ਼ੰਘਾਈ ਸਹਿਯੋਗ ਸੰਗਠਨ (SCO) ਸਿਵਲਾਈਜ਼ੇਸ਼ਨਲ ਡਾਇਲਾਗ ਫੋਰਮ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਹਵਾਈ ਅੱਡੇ 'ਤੇ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਕਾਰਜਕਾਰੀ ਮੁਖੀ (ਚਾਰਜ ਡੀ ਅਫੇਅਰਜ਼) ਸਾਦ ਵੜੈਚ ਨੇ ਉਨ੍ਹਾਂ ਦਾ ਸਵਾਗਤ ਕੀਤਾ।

By:  Lajwinder Kaur November 20th 2026 01:31 PM -- Updated: November 20th 2026 01:39 PM

ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਤਾਲਮੇਲ ਬਾਰੇ ਸੰਘੀ ਮੰਤਰੀ ਡਾ. ਮੁਸੱਦਿਕ ਮਸੂਦ ਮਲਿਕ ਸ਼ੰਘਾਈ ਸਹਿਯੋਗ ਸੰਗਠਨ (SCO) ਸਿਵਲਾਈਜ਼ੇਸ਼ਨਲ ਡਾਇਲਾਗ ਫੋਰਮ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਹਵਾਈ ਅੱਡੇ 'ਤੇ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਕਾਰਜਕਾਰੀ ਮੁਖੀ (ਚਾਰਜ ਡੀ ਅਫੇਅਰਜ਼) ਸਾਦ ਵੜੈਚ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਮਲਿਕ ਪਿਛਲੇ 3 ਸਾਲਾਂ ਵਿੱਚ (ਮਈ 2023 ਤੋਂ ਬਾਅਦ) ਅਤੇ 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਪਾਕਿਸਤਾਨੀ ਮੰਤਰੀ ਹਨ।

ਪਾਕਿਸਤਾਨ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਉਨ੍ਹਾਂ ਦੀ ਆਮਦ ਦੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, "ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਤਾਲਮੇਲ ਦੇ ਸੰਘੀ ਮੰਤਰੀ ਮਸੂਦ ਮਲਿਕ ਅੱਜ ਨਵੀਂ ਦਿੱਲੀ ਪਹੁੰਚੇ, ਜਿੱਥੇ ਹਵਾਈ ਅੱਡੇ 'ਤੇ ਕਾਰਜਕਾਰੀ ਮੁਖੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।"

ਸੱਭਿਆਚਾਰਕ ਵਿਰਾਸਤ ਅਤੇ ਆਪਸੀ ਸਹਿਯੋਗ 'ਤੇ ਹੋਵੇਗੀ ਚਰਚਾ

ਆਪਣੇ ਇਸ ਦੌਰੇ ਦੌਰਾਨ ਮਲਿਕ 20 ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੇ ਜਾ ਰਹੇ ਪਹਿਲੇ ਐਸਸੀਓ (SCO) ਸਿਵਲਾਈਜ਼ੇਸ਼ਨਲ ਡਾਇਲਾਗ ਫੋਰਮ ਦੇ ਵੱਖ-ਵੱਖ ਸੈਸ਼ਨਾਂ ਵਿੱਚ ਸ਼ਿਰਕਤ ਕਰਨਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਮੁਤਾਬਕ, ਮੰਤਰੀ ਇਸ ਮੰਚ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਗੇ ਅਤੇ ਸੱਭਿਆਚਾਰਾਂ ਦਰਮਿਆਨ ਸੰਵਾਦ ਦੀ ਮਹੱਤਤਾ, ਕੂਟਨੀਤੀ ਦੇ ਇਸ ਖੇਤਰ ਵਿੱਚ ਪਾਕਿਸਤਾਨ ਦੀ ਭੂਮਿਕਾ ਅਤੇ ਦੇਸ਼ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ।


ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮੰਚ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ 'ਸ਼ੰਘਾਈ ਸਪਿਰਿਟ' ਮੁਤਾਬਕ ਸੰਵਾਦ, ਸਹਿਯੋਗ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਸਰਗਰਮ ਮੈਂਬਰ ਵਜੋਂ ਉਸ ਦੇ ਯੋਗਦਾਨ ਨੂੰ ਦਰਸਾਉਂਦੀ ਹੈ। ਦੱਸ ਦੇਈਏ ਕਿ ਪਾਕਿਸਤਾਨ ਇਸ ਵੇਲੇ 2026-27 ਦੇ ਕਾਰਜਕਾਲ ਲਈ SCO ਕੌਂਸਲ ਆਫ਼ ਹੈੱਡਸ ਆਫ਼ ਸਟੇਟ (ਰਾਸ਼ਟਰ ਮੁਖੀਆਂ ਦੀ ਪ੍ਰੀਸ਼ਦ) ਦੀ ਪ੍ਰਧਾਨਗੀ ਵੀ ਕਰ ਰਿਹਾ ਹੈ।


ਭਾਰਤ ਵੱਲੋਂ ਭੇਜਿਆ ਗਿਆ ਸੀ ਸੱਦਾ

ਇਸ ਪ੍ਰਧਾਨਗੀ ਤਹਿਤ ਅਗਲੇ ਸਿਖਰ ਸੰਮੇਲਨ ਤੋਂ ਪਹਿਲਾਂ ਇਸਲਾਮਾਬਾਦ ਵਿੱਚ ਮੰਤਰੀ-ਪੱਧਰੀ ਮੀਟਿੰਗਾਂ ਅਤੇ ਮਾਹਿਰ ਸਮੂਹਾਂ ਦੀਆਂ ਚਰਚਾਵਾਂ ਕਰਵਾਈਆਂ ਜਾਣਗੀਆਂ। ਭਾਰਤ ਨੇ ਇਸ ਪਲੇਠੇ ਫੋਰਮ ਵਿੱਚ ਸ਼ਾਮਲ ਹੋਣ ਲਈ SCO ਦੇ ਸਾਰੇ 10 ਮੈਂਬਰ ਦੇਸ਼ਾਂ, ਨਿਗਰਾਨ ਦੇਸ਼ਾਂ (Observer States) ਅਤੇ ਸੰਵਾਦ ਭਾਈਵਾਲਾਂ ਨੂੰ ਸੱਦਾ ਭੇਜਿਆ ਸੀ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਪਹਿਲਾਂ ਹੀ ਇਸ ਸੱਦੇ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਮੁੱਖ ਉਦੇਸ਼ ਯੂਰੇਸ਼ੀਅਨ ਖੇਤਰ ਵਿੱਚ ਸੱਭਿਆਚਾਰਕ ਆਦਾਨ-ਪ੍ਰਦਾਨ, ਆਪਸੀ ਸਮਝ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 20 ਅਕਤੂਬਰ ਨੂੰ ਤਾਜਿਕਸਤਾਨ ਦੇ ਦੁਸ਼ਾਂਬੇ ਵਿਖੇ ਹੋਈ SCO ਮੀਟਿੰਗ ਦੌਰਾਨ ਇਸ ਪਹਿਲੇ ਸਿਵਲਾਈਜ਼ੇਸ਼ਨਲ ਡਾਇਲਾਗ ਫੋਰਮ ਦੀ ਮੇਜ਼ਬਾਨੀ ਕਰਨ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ 2017 ਵਿੱਚ SCO ਦਾ ਪੂਰਨ ਮੈਂਬਰ ਬਣਿਆ ਸੀ ਅਤੇ ਇਸ ਸਮੂਹ ਵਿੱਚ ਭਾਰਤ, ਪਾਕਿਸਤਾਨ, ਚੀਨ ਅਤੇ ਰੂਸ ਸਮੇਤ ਕੁੱਲ 10 ਮੈਂਬਰ ਦੇਸ਼ ਸ਼ਾਮਲ ਹਨ।


© Copyright Galactic Television & Communications Pvt. Ltd. 2026. All rights reserved.