ਨੇਪਾਲ ਹੜ੍ਹ ’ਚ ਅਜੇ ਵੀ 320 ਭਾਰਤੀ ਲਾਪਤਾ, ਜਲਪ੍ਰਲਯ ਵਿਚਾਲੇ ਵਿਦੇਸ਼ ਮੰਤਰਾਲੇ ਨੇ ਦਿੱਤਾ ਵੱਡਾ ਅਪਡੇਟ

ਨੇਪਾਲ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਲਗਭਗ 320 ਭਾਰਤੀ ਨਾਗਰਿਕਾਂ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ, ਜਦਕਿ ਭਾਰਤੀ ਮੂਲ ਦੇ ਕਰੀਬ 100 ਲੋਕਾਂ ਬਾਰੇ ਵੀ ਜਾਣਕਾਰੀ ਨਹੀਂ ਮਿਲ ਰਹੀ। ਚੀਨ ਦੇ ਤਿੱਬਤ ਖੇਤਰ ਵਿੱਚ ਮੌਜੂਦ 400 ਭਾਰਤੀ ਸੁਰੱਖਿਅਤ ਹਨ ਅਤੇ ਭਾਰਤੀ ਦੂਤਾਵਾਸ ਉਨ੍ਹਾਂ ਨੂੰ ਕੱਢਣ ਲਈ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।

By:  Lajwinder Kaur August 28th 2026 05:13 PM -- Updated: August 28th 2026 05:32 PM

ਨੇਪਾਲ ਵਿੱਚ ਆਈ ਵਿਨਾਸ਼ਕਾਰੀ ਹੜ੍ਹ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 320 ਭਾਰਤੀ ਲੋਕਾਂ ਨਾਲ ਸੰਪਰਕ ਨਹੀਂ ਹੋ ਪਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਚੀਨ ਵੱਲ ਤਿੱਬਤ ਖੇਤਰ ਵਿੱਚ 400 ਭਾਰਤੀ ਨਾਗਰਿਕਾਂ ਨਾਲ ਸਾਡਾ ਸੰਪਰਕ ਹੋ ਗਿਆ ਹੈ, ਉਹ ਸਾਰੇ ਲੋਕ ਸੁਰੱਖਿਅਤ ਹਨ। ਐੱਮ.ਈ.ਏ. (MEA) ਮੁਤਾਬਕ ਵਿਦੇਸ਼ ਮੰਤਰਾਲੇ ਦਾ ਕੰਟਰੋਲ ਰੂਮ 24 ਘੰਟੇ ਚੱਲ ਰਿਹਾ ਹੈ ਅਤੇ ਚੀਨ ਵਿੱਚ ਭਾਰਤੀ ਦੂਤਾਵਾਸ ਲਗਾਤਾਰ ਕੰਮ ਕਰ ਰਿਹਾ ਹੈ।

21 ਭਾਰਤੀ ਅੱਜ ਦਿੱਲੀ ਪਹੁੰਚੇ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਕੱਲ੍ਹ ਕਾਠਮੰਡੂ ਪਹੁੰਚੇ 21 ਭਾਰਤੀ ਨਾਗਰਿਕ ਅੱਜ ਦਿੱਲੀ ਪਹੁੰਚ ਗਏ ਹਨ। ਇਹ ਸਾਰੇ ਤਾਮਿਲਨਾਡੂ ਨਾਲ ਸਬੰਧਤ ਹਨ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਭਾਰਤੀ ਰਾਜਦੂਤ ਨੇ ਕਾਠਮੰਡੂ ਵਿੱਚ ਇਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਸੀ। ਇਸ ਤੋਂ ਇਲਾਵਾ ਤ੍ਰਿਸ਼ੂਲੀ ਵਨ ਹਾਈਡ੍ਰੋਪਾਵਰ ਪ੍ਰੋਜੈਕਟ ਵਿੱਚ ਕੰਮ ਕਰ ਰਹੇ 63 ਭਾਰਤੀ ਨਾਗਰਿਕਾਂ ਨੂੰ ਵੀ ਕੱਲ੍ਹ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

320 ਦੇ ਆਸ-ਪਾਸ ਭਾਰਤੀ ਲਾਪਤਾ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅੱਗੇ ਕਿਹਾ, 'ਇਨ੍ਹਾਂ 21 ਅਤੇ 63 ਲੋਕਾਂ ਤੋਂ ਇਲਾਵਾ, ਸਾਨੂੰ ਪਤਾ ਲੱਗਾ ਹੈ ਕਿ ਚੀਨ ਵੱਲ ਫਸੇ 96 ਭਾਰਤੀ ਨਾਗਰਿਕ ਸੁਰੱਖਿਅਤ ਰੂਪ ਨਾਲ ਜ਼ਮੀਨੀ ਰਸਤੇ ਨੇਪਾਲ ਪਹੁੰਚ ਗਏ ਹਨ। ਉਨ੍ਹਾਂ ਨੂੰ ਉੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿੱਥੇ ਤੱਕ ਉਨ੍ਹਾਂ ਲੋਕਾਂ ਦੀ ਗਿਣਤੀ ਦਾ ਸਵਾਲ ਹੈ ਜਿਨ੍ਹਾਂ ਨਾਲ ਅਸੀਂ ਸੰਪਰਕ ਨਹੀਂ ਕਰ ਪਾ ਰਹੇ ਹਾਂ ਜਾਂ ਜੋ ਲਾਪਤਾ ਹਨ, ਤਾਂ ਇਸ ਸਮੇਂ ਇਹ ਗਿਣਤੀ 320 ਹੈ। ਭਾਰਤੀ ਮੂਲ ਦੇ ਲਗਭਗ 100 ਲੋਕ ਵੀ ਅਜਿਹੇ ਹਨ ਜਿਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ। ਇਹ ਭਾਰਤੀ ਮੂਲ ਦੇ ਲੋਕ ਹਨ ਜੋ ਸ਼ਾਇਦ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਗਏ ਹੋਣਗੇ, ਪਰ ਉਨ੍ਹਾਂ ਕੋਲ ਦੂਜੀ ਨਾਗਰਿਕਤਾ ਹੈ।'

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, 'ਚੀਨ ਵੱਲ ਸਾਡੇ 400 ਭਾਰਤੀ ਨਾਗਰਿਕ ਹਨ। ਉਹ ਸੁਰੱਖਿਅਤ ਹਨ। ਉਹ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਹਨ। ਸਾਡੀ ਅੰਬੈਂਸੀ ਉਨ੍ਹਾਂ ਵਿੱਚੋਂ ਕਈ ਲੋਕਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਦੇ ਕਈ ਪਰਿਵਾਰ ਵਾਲਿਆਂ ਨੇ ਬੀਜਿੰਗ ਵਿੱਚ ਸਾਡੀ ਅੰਬੈਂਸੀ ਵੱਲੋਂ ਚਲਾਏ ਜਾ ਰਹੇ ਹੈਲਪਲਾਈਨ ਨੰਬਰਾਂ ਰਾਹੀਂ ਸਾਡੇ ਨਾਲ ਸੰਪਰਕ ਵੀ ਕੀਤਾ ਹੈ। ਸਾਡੀ ਅੰਬੈਂਸੀ ਚੀਨ ਵਿੱਚ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਉਹ ਇਸ ਗੱਲ 'ਤੇ ਕੰਮ ਕਰ ਰਹੇ ਹਨ ਕਿ ਉੱਥੇ ਮੌਜੂਦ ਇਨ੍ਹਾਂ ਲੋਕਾਂ ਨੂੰ ਕਿਵੇਂ ਕੱਢਿਆ ਜਾਵੇ।'

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, 'ਨੇਪਾਲ ਵਿੱਚ ਜਿਵੇਂ ਹੀ ਇਹ ਤ੍ਰਾਸਦੀ ਹੋਈ, ਉਸੇ ਦਿਨ ਅਸੀਂ ਮਾਨਵੀ ਸਹਾਇਤਾ ਦੇ ਯਤਨ ਸ਼ੁਰੂ ਕਰ ਦਿੱਤੇ ਅਤੇ ਪਹਿਲਾ ਜਹਾਜ਼ 26 ਅਗਸਤ ਦੀ ਸ਼ਾਮ ਨੂੰ ਰਵਾਨਾ ਹੋਇਆ। ਇਸ ਵਿੱਚ 10 ਟਨ ਰਾਹਤ ਸਮੱਗਰੀ ਸੀ, ਜਿਸ ਵਿੱਚ ਅਸਥਾਈ ਸ਼ੈਲਟਰ, ਕੰਬਲ, ਹਾਈਜੀਨ ਕਿੱਟ, ਸੋਲਰ ਲੈਂਪ ਅਤੇ ਦਵਾਈਆਂ ਸ਼ਾਮਲ ਸਨ। ਇਸ ਤੋਂ ਬਾਅਦ, ਦੂਜਾ ਜਹਾਜ਼ 27 ਅਗਸਤ ਨੂੰ ਸਵੇਰੇ ਲਗਭਗ 10:30 ਵਜੇ ਰਵਾਨਾ ਹੋਇਆ। ਇਸ ਖਾਸ ਜਹਾਜ਼ ਵਿੱਚ 37.5 ਟਨ ਰਾਹਤ ਸਮੱਗਰੀ ਹੈ, ਜਿਸ ਵਿੱਚ ਟੈਂਟ, ਕੰਬਲ, ਹਾਈਜੀਨ ਕਿੱਟ, ਸੋਲਰ ਲੈਂਪ, ਪਾਣੀ ਕੱਢਣ ਵਾਲੇ ਪੰਪ, ਕਿਚਨ ਸੈੱਟ, ਜੇਨੇਰੇਟਰ ਸੈੱਟ, ਦਵਾਈਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ।'


© Copyright Galactic Television & Communications Pvt. Ltd. 2026. All rights reserved.