ਆਨਲਾਈਨ ਖਾਣਾ ਹੋਇਆ ਮਹਿੰਗਾ, Zomato ਨੇ ਵਧਾਈ ਪਲੇਟਫਾਰਮ ਫੀਸ, ਹੁਣ ਹਰ ਆਰਡਰ 'ਤੇ ਦੇਣੇ ਪੈਣਗੇ ਵੱਧ ਪੈਸੇ

By:  Lajwinder Kaur March 21st 2026 12:32 PM -- Updated: March 21st 2026 12:43 PM

Zomato: ਜੇਕਰ ਤੁਸੀਂ ਆਨਲਾਈਨ ਖਾਣਾ ਆਰਡਰ ਕਰਨ ਦੇ ਸ਼ੌਕੀਨ ਹੋ, ਤਾਂ ਹੁਣ ਤੁਹਾਡੀ ਜੇਬ 'ਤੇ ਬੋਝ ਵਧਣ ਵਾਲਾ ਹੈ। ਦੇਸ਼ ਦੀ ਦਿੱਗਜ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ (Zomato) ਨੇ ਸ਼ੁੱਕਰਵਾਰ ਤੋਂ ਆਪਣੀ ਪਲੇਟਫਾਰਮ ਫੀਸ ਵਿੱਚ 19% ਦਾ ਵਾਧਾ ਕਰ ਦਿੱਤਾ ਹੈ। ਪਿਛਲੇ 7 ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਕੰਪਨੀ ਨੇ ਆਪਣੀ ਦਰਾਂ ਦੇ ਵਿੱਚ ਵਾਧਾ ਕੀਤਾ ਹੈ, ਜਿਸ ਕਾਰਨ ਹੁਣ ਹਰ ਆਰਡਰ ਲਈ ਗਾਹਕਾਂ ਨੂੰ ਪਹਿਲਾਂ ਨਾਲੋਂ ਵੱਧ ਪੈਸੇ ਦੇਣੇ ਪੈਣਗੇ।

ਹੁਣ ਕਿੰਨਾ ਦੇਣਾ ਪਵੇਗਾ ਚਾਰਜ?

ਜ਼ੋਮੈਟੋ ਦੇ ਯੂਜ਼ਰਸ ਨੂੰ ਹੁਣ ਹਰ ਫੂਡ ਆਰਡਰ 'ਤੇ ₹12.50 ਦੀ ਬਜਾਏ ₹14.90 ਦੀ ਪਲੇਟਫਾਰਮ ਫੀਸ ਦੇਣੀ ਪਵੇਗੀ। ਇਸਦਾ ਮਤਲਬ ਹੈ ਕਿ ਪ੍ਰਤੀ ਆਰਡਰ ਸਿੱਧੇ ਤੌਰ 'ਤੇ ₹2.40 ਦਾ ਵਾਧਾ ਕੀਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਹ ਫੀਸ GST, ਰੈਸਟੋਰੈਂਟ ਚਾਰਜ ਅਤੇ ਡਿਲੀਵਰੀ ਫੀਸ ਤੋਂ ਵੱਖਰੀ ਹੈ। GST ਜੁੜਨ ਤੋਂ ਬਾਅਦ, ਗਾਹਕਾਂ ਲਈ ਅੰਤਿਮ ਰਾਸ਼ੀ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਹੋ ਜਾਵੇਗੀ।

ਸਵਿਗੀ ਅਤੇ ਜ਼ੋਮੈਟੋ ਵਿਚਾਲੇ ਹੋੜ

ਜ਼ੋਮੈਟੋ ਦੀ ਮੁੱਖ ਵਿਰੋਧੀ ਕੰਪਨੀ ਸਵਿਗੀ (Swiggy) ਵਰਤਮਾਨ ਵਿੱਚ ਟੈਕਸ ਸਮੇਤ ਲਗਭਗ ₹14.99 ਪਲੇਟਫਾਰਮ ਫੀਸ ਵਸੂਲ ਰਹੀ ਹੈ। ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਵੀ ਇਹਨਾਂ ਦੋਵਾਂ ਵਿੱਚੋਂ ਕੋਈ ਇੱਕ ਕੰਪਨੀ ਫੀਸ ਵਧਾਉਂਦੀ ਹੈ, ਤਾਂ ਦੂਜੀ ਕੰਪਨੀ ਵੀ ਜਲਦ ਹੀ ਆਪਣੇ ਰੇਟ ਵਧਾ ਦਿੰਦੀ ਹੈ। ਇਸ ਮੁਕਾਬਲੇਬਾਜ਼ੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਆਨਲਾਈਨ ਖਾਣਾ ਮੰਗਵਾਉਣਾ ਹੋਰ ਵੀ ਮਹਿੰਗਾ ਹੋ ਸਕਦਾ ਹੈ।

₹2 ਤੋਂ ਸ਼ੁਰੂ ਹੋਇਆ ਸੀ ਸਫਰ

ਜ਼ੋਮੈਟੋ ਨੇ ਆਪਣਾ ਮੁਨਾਫਾ ਵਧਾਉਣ ਅਤੇ ਮਾਰਜਿਨ ਵਿੱਚ ਸੁਧਾਰ ਕਰਨ ਲਈ ਅਗਸਤ 2023 ਵਿੱਚ ਪਹਿਲੀ ਵਾਰ ਸਿਰਫ਼ ₹2 ਦੀ ਪਲੇਟਫਾਰਮ ਫੀਸ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਫੀਸਾਂ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ:

ਜਨਵਰੀ 2024: ਫੀਸ ਵਧ ਕੇ ₹4 ਹੋ ਗਈ।

ਸਤੰਬਰ 2025: ਫੀਸ ਵਿੱਚ 20% ਦਾ ਹੋਰ ਵਾਧਾ ਕੀਤਾ ਗਿਆ।

ਮਾਰਚ 2026: ਹੁਣ ਇਸ ਨੂੰ ਵਧਾ ਕੇ ₹14.90 ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਪਿਛਲੇ ਕੁਝ ਸਾਲਾਂ ਵਿੱਚ ਹੀ ਪਲੇਟਫਾਰਮ ਫੀਸ ਵਿੱਚ ਕਈ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ।

ਕਿਉਂ ਵਧ ਰਹੇ ਹਨ ਭਾਅ?

ਜ਼ੋਮੈਟੋ ਵੱਲੋਂ ਪਲੇਟਫਾਰਮ ਫੀਸ ਵਧਾਉਣ ਦੇ ਪਿੱਛੇ ਮੁੱਖ ਤੌਰ 'ਤੇ ਦੋ ਵੱਡੇ ਕਾਰਨ ਮੰਨੇ ਜਾ ਰਹੇ ਹਨ। ਪਹਿਲਾ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਹਨ; ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਕਾਰਨ ਡਿਲੀਵਰੀ ਪਾਰਟਨਰਾਂ ਦਾ ਖਰਚਾ ਅਤੇ ਕੰਪਨੀ ਦੀ ਲੋਜਿਸਟਿਕਸ ਲਾਗਤ ਕਾਫ਼ੀ ਵਧ ਗਈ ਹੈ। ਦੂਜਾ ਮੁੱਖ ਕਾਰਨ ਕੰਪਨੀ ਦਾ ਮੁਨਾਫ਼ਾ (Profitability) ਵਧਾਉਣਾ ਹੈ; ਜ਼ੋਮੈਟੋ ਆਪਣੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਸਮੇਂ-ਸਮੇਂ 'ਤੇ ਇਹਨਾਂ ਸ਼ੁਲਕਾਂ ਵਿੱਚ ਬਦਲਾਅ ਕਰਦੀ ਰਹਿੰਦੀ ਹੈ।


© Copyright Galactic Television & Communications Pvt. Ltd. 2026. All rights reserved.