ਵੱਡੀ ਰਾਹਤ! ਨਾਇਰਾ ਪੈਟਰੋਲ ਪੰਪਾਂ 'ਤੇ ਤੇਲ ਹੋਇਆ ਸਸਤਾ: ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਘਟਿਆ

By:  Lajwinder Kaur July 1st 2026 03:12 PM -- Updated: July 1st 2026 03:33 PM

ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਫਿਊਲ ਰਿਟੇਲਰ ਕੰਪਨੀ, ਨਾਇਰਾ ਐਨਰਜੀ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ, ਭੋਪਾਲ ਵਿੱਚ ਨਾਇਰਾ ਦੇ ਪੈਟਰੋਲ ਦੀ ਕੀਮਤ 125 ਰੁਪਏ ਤੋਂ ਘੱਟ ਕੇ 119.79 ਰੁਪਏ ਅਤੇ ਡੀਜ਼ਲ ਦੀ ਕੀਮਤ 106 ਰੁਪਏ ਤੋਂ ਘਟ ਕੇ 102.57 ਰੁਪਏ ਹੋ ਗਈ ਹੈ।

ਨਾਇਰਾ ਐਨਰਜੀ ਦੇ ਦੇਸ਼ ਭਰ ਵਿੱਚ 7,000 ਤੋਂ ਵੱਧ ਪੈਟਰੋਲ ਪੰਪ ਹਨ, ਜੋ ਕਿ ਬਾਜ਼ਾਰ ਵਿੱਚ ਇਸਦੀ 7% ਹਿੱਸੇਦਾਰੀ ਦਰਸਾਉਂਦੇ ਹਨ, ਜਦਕਿ ਹੋਰ ਕੰਪਨੀਆਂ ਦੇ ਇੱਕ ਲੱਖ ਤੋਂ ਵੱਧ ਪੰਪ ਹਨ। ਨਾਇਰਾ ਦੀਆਂ ਨਵੀਆਂ ਦਰਾਂ ਸਾਰੇ ਸਥਾਨਾਂ 'ਤੇ ਲਾਗੂ ਹੋ ਚੁੱਕੀਆਂ ਹਨ, ਹਾਲਾਂਕਿ ਵੱਖ-ਵੱਖ ਰਾਜਾਂ ਵਿੱਚ ਲੋਕਲ ਟੈਕਸ ਅਤੇ ਵੈਲਯੂ-ਐਡਿਡ ਟੈਕਸ (VAT) ਦੀਆਂ ਦਰਾਂ ਵੱਖ-ਵੱਖ ਹੋਣ ਕਾਰਨ ਹਰ ਸ਼ਹਿਰ ਵਿੱਚ ਪ੍ਰਚੂਨ ਕੀਮਤਾਂ ਵਿੱਚ ਮਾਮੂਲੀ ਅੰਤਰ ਦੇਖਿਆ ਜਾ ਸਕਦਾ ਹੈ।

ਪਟਿਆਲਾਂ ਵਾਸੀਆਂ ਨੂੰ ਵੱਡੀ ਰਾਹਤ

ਪਟਿਆਲਾ ਦੇ ਲੋਕਾਂ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲੀ ਹੈ। ਭਾਰਤ ਦੇ ਪ੍ਰਮੁੱਖ ਪ੍ਰਾਈਵੇਟ ਫਿਊਲ ਰਿਟੇਲਰ 'ਨਾਇਰਾ ਐਨਰਜੀ' ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਹੈ। ਪਟਿਆਲਾ ਵਿੱਚ ਅੱਜ ਨਾਇਰਾ ਦੇ ਪੈਟਰੋਲ ਪੰਪਾਂ 'ਤੇ ਪੈਟਰੋਲ 105.01 ਰੁਪਏ ਅਤੇ ਡੀਜ਼ਲ 94.85 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ।

ਇਸ ਕਟੌਤੀ ਤੋਂ ਬਾਅਦ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਵੇਖਣ ਨੂੰ ਮਿਲ ਰਹੀ ਹੈ। ਪੈਟਰੋਲ ਪੰਪ ਦੇ ਸੁਪਰਵਾਈਜ਼ਰ ਦਾ ਕਹਿਣਾ ਹੈ ਕਿ ਬਾਕੀ ਕੰਪਨੀਆਂ ਦੇ ਮੁਕਾਬਲੇ ਨਾਇਰਾ ਦਾ ਤੇਲ ਅੱਜ ਵੀ 30 ਤੋਂ 40 ਪੈਸੇ ਸਸਤਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਤੇਲ ਦੀ ਵਧੀਆ ਕੁਆਲਿਟੀ ਕਾਰਨ ਉਹ ਪਹਿਲਾਂ ਵੀ ਇੱਥੋਂ ਹੀ ਤੇਲ ਪਵਾ ਰਹੇ ਸਨ, ਪਰ ਹੁਣ ਕੀਮਤਾਂ ਘਟਣ ਨਾਲ ਉਨ੍ਹਾਂ ਦੀ ਜੇਬ 'ਤੇ ਬੋਝ ਘੱਟ ਪਵੇਗਾ।

ਕੀਮਤਾਂ ਘਟਣ ਦਾ ਕਾਰਨ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਕੀਮਤਾਂ 73 ਡਾਲਰ ਪ੍ਰਤੀ ਬੈਰਲ ਤੱਕ ਆ ਗਈਆਂ ਹਨ, ਜਿਸ ਕਾਰਨ ਕੰਪਨੀਆਂ ਨੇ ਇਹ ਰਾਹਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਾਇਰਾ ਐਨਰਜੀ ਦੇ ਦੇਸ਼ ਭਰ ਵਿੱਚ 7,000 ਤੋਂ ਵੱਧ ਪੈਟਰੋਲ ਪੰਪ ਹਨ। ਹਾਲਾਂਕਿ, ਫਿਲਹਾਲ ਸਰਕਾਰੀ ਤੇਲ ਕੰਪਨੀਆਂ (IOC, BPCL, HPCL) ਵੱਲੋਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਵੱਖ-ਵੱਖ ਰਾਜਾਂ ਵਿੱਚ ਟੈਕਸਾਂ ਦੀਆਂ ਦਰਾਂ ਵੱਖਰੀਆਂ ਹੋਣ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਰਿਟੇਲ ਕੀਮਤਾਂ ਵਿੱਚ ਕੁਝ ਅੰਤਰ ਹੋ ਸਕਦਾ ਹੈ।

© Copyright Galactic Television & Communications Pvt. Ltd. 2026. All rights reserved.