ਰਾਜ ਸਭਾ ‘ਚ ਵੱਡਾ ਉਲਟਫੇਰ: AAP ਦੇ 7 ਬਾਗੀ ਸੰਸਦ ਮੈਂਬਰ ਭਾਜਪਾ ‘ਚ ਹੋਏ ਸ਼ਾਮਲ, ਸੂਚੀ ਆਈ ਸਾਹਮਣੇ!

By:  Lajwinder Kaur April 27th 2026 02:28 PM -- Updated: April 27th 2026 02:53 PM

24 ਅਪ੍ਰੈਲ ਨੂੰ ਆਪ ਪਾਰਟੀ 'ਚ ਵੱਡਾ ਧਮਕਾ ਹੋਇਆ ਅਤੇ ਇੱਕ ਹੀ ਝਟਕੇ ਦੇ ਵਿੱਚ 7 ਸੰਸਦ ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਹੜਕੰਪ ਮੱਚ ਗਿਆ। ਸ਼ੁੱਕਰਵਾਰ ਵਾਲੇ ਦਿਨ ਹੀ ਰਾਘਵ ਚੱਢਾ ਸਣੇ ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਨੇ ਭਾਜਪਾ ਦਾ ਪੱਲਾ ਫੜ ਲਿਆ ਸੀ ਤੇ ਪਰ ਬਾਕੀ ਮੈਂਬਰਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਸੀ ਹੋਈ। ਪਰ ਅੱਜ ਰਾਜ ਸਭਾ ਦੀ ਨਵੀਂ ਲਿਸਟ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਬਾਕੀ ਮੈਂਬਰ ਵੱਲੋਂ ਵੀ ਰਲੇਵੇਂ ਦੀ ਪੁਸ਼ਟੀ ਉੱਤੇ ਮੋਹਰ ਲੱਗ ਗਈ।

 ਨਵੀਂ ਲਿਸਟ ਕੀਤੀ ਗਈ ਰਿਲੀਜ਼

ਰਾਜ ਸਭਾ ਦੀ ਵੈੱਬਸਾਈਟ 'ਤੇ ਹੁਣ ਇਹ ਸੱਤੇ ਸੰਸਦ ਮੈਂਬਰ ਭਾਜਪਾ ਦੇ ਮੈਂਬਰਾਂ ਦੀ ਸੂਚੀ ਵਿੱਚ ਦਿਖਾਏ ਗਏ ਹਨ। 24 ਅਪ੍ਰੈਲ ਨੂੰ ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਵਿੱਚ ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਦੀਪ ਪਾਠਕ, ਵਿਕਰਮਜੀਤ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜਿੰਦਰ ਗੁਪਤਾ ਸ਼ਾਮਲ ਹਨ। ਇਸ ਨਵੀਂ ਲਿਸਟ ਦੇ ਸਾਹਮਣੇ ਆਉਣ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦੱਸ ਦਈਏ ਹੁਣ ਆਪ ਦੇ ਰਾਜ ਸਭ ਦੇ ਵਿੱਚ ਤਿੰਨ ਹੀ ਮੈਂਬਰ ਰਹੇ ਗਏ ਹਨ।

‘ਆਪ’ ਨੇ ਮੈਂਬਰਸ਼ਿਪ ਰੱਦ ਕਰਨ ਦੀ ਕੀਤੀ ਸੀ ਮੰਗ

ਆਮ ਆਦਮੀ ਪਾਰਟੀ (AAP) ਨੇ ਐਤਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਨੂੰ ਇਕ ਪੱਤਰ ਲਿਖ ਕੇ ਪਾਰਟੀ ਬਦਲਣ ਵਾਲੇ ਸੱਤੇ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਬੇਨਤੀ ਕੀਤੀ ਸੀ। ਪਾਰਟੀ ਦਾ ਕਹਿਣਾ ਹੈ ਕਿ ਦਲ-ਬਦਲੀ ਕਾਨੂੰਨ ਦੇ ਤਹਿਤ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਕਿਰਨ ਰਿਜੀਜੂ ਨੇ 7 ਸੰਸਦ ਮੈਂਬਰਾਂ ਦਾ NDA 'ਚ ਸਵਾਗਤ ਕੀਤਾ

ਕੇਂਦਰੀ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਸੱਤੇ ਸੰਸਦ ਮੈਂਬਰਾਂ ਦਾ ਐਨ.ਡੀ.ਏ. (NDA) ਵਿੱਚ ਸਵਾਗਤ ਕੀਤਾ ਹੈ। ਉਨ੍ਹਾਂ ਨੇ 'ਐਕਸ' (ਟਵਿੱਟਰ) 'ਤੇ ਲਿਖਿਆ— "ਰਾਜ ਸਭਾ ਦੇ ਮਾਨਯੋਗ ਸਭਾਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਜੀ ਨੇ 'ਆਪ' ਦੇ 7 ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਰਾਘਵ ਚੱਢਾ ਜੀ, ਸੰਦੀਪ ਪਾਠਕ ਜੀ, ਅਸ਼ੋਕ ਮਿੱਤਲ ਜੀ, ਹਰਭਜਨ ਸਿੰਘ ਜੀ, ਸਵਾਤੀ ਮਾਲੀਵਾਲ ਜੀ, ਰਾਜਿੰਦਰ ਗੁਪਤਾ ਜੀ ਅਤੇ ਵਿਕਰਮਜੀਤ ਸਿੰਘ ਸਾਹਨੀ ਜੀ ਭਾਜਪਾ ਸੰਸਦੀ ਦਲ ਦੇ ਮੈਂਬਰ ਹਨ। ਮੈਂ ਲੰਬੇ ਸਮੇਂ ਤੋਂ ਇਹ ਦੇਖਿਆ ਹੈ ਕਿ ਇਨ੍ਹਾਂ 7 ਮਾਨਯੋਗ ਸੰਸਦ ਮੈਂਬਰਾਂ ਨੇ ਕਦੇ ਵੀ ਅਪਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਕਦੇ ਕੋਈ ਅਨੁਸ਼ਾਸਨਹੀਣਤਾ ਜਾਂ ਗੈਰ-ਸੰਸਦੀ ਵਿਵਹਾਰ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਜੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਰਾਸ਼ਟਰ ਨਿਰਮਾਣ ਕਰਨ ਵਾਲੇ NDA ਵਿੱਚ ਤੁਹਾਡਾ ਸਵਾਗਤ ਹੈ, ਅਤੇ 'ਟੁਕੜੇ-ਟੁਕੜੇ' INDI ਗਠਜੋੜ ਨੂੰ ਅਲਵਿਦਾ।"

© Copyright Galactic Television & Communications Pvt. Ltd. 2026. All rights reserved.