ਸਿਆਸਤ ‘ਚ ਵੱਡਾ ਉਲਟਫੇਰ: ਦੋ ਨਾਮੀ ਚਿਹਰੇ ਕਾਂਗਰਸ 'ਚ ਹੋਏ ਸ਼ਾਮਿਲ, 'ਆਪ' ਨੂੰ ਲੱਗਿਆ ਝਟਕਾ

ਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਿੱਚ 'ਤੇ ਸਰਗਰਮੀਆਂ ਕਾਫ਼ੀ ਤੇਜ਼ ਹੋ ਗਈਆਂ ਹਨ। ਵੱਖ-ਵੱਖ ਪਾਰਟੀਆਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੇਂ ਦਾਅ-ਪੇਚ ਖੇਡ ਰਹੀਆਂ ਹਨ ਅਤੇ ਕਈ ਵੱਡੇ ਦਿੱਗਜ ਆਗੂ ਪਾਰਟੀਆਂ ਬਦਲ ਕੇ ਨਵੇਂ ਸਿਆਸੀ ਸਮੀਕਰਨ ਬਣਾ ਰਹੇ ਹਨ।

By:  Lajwinder Kaur October 3rd 2026 03:35 PM -- Updated: October 3rd 2026 04:20 PM

ਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਿੱਚ 'ਤੇ ਸਰਗਰਮੀਆਂ ਕਾਫ਼ੀ ਤੇਜ਼ ਹੋ ਗਈਆਂ ਹਨ। ਵੱਖ-ਵੱਖ ਪਾਰਟੀਆਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੇਂ ਦਾਅ-ਪੇਚ ਖੇਡ ਰਹੀਆਂ ਹਨ ਅਤੇ ਕਈ ਵੱਡੇ ਦਿੱਗਜ ਆਗੂ ਪਾਰਟੀਆਂ ਬਦਲ ਕੇ ਨਵੇਂ ਸਿਆਸੀ ਸਮੀਕਰਨ ਬਣਾ ਰਹੇ ਹਨ। ਇਸੇ ਲੜੀ ਤਹਿਤ ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਯੂ.ਪੀ. ਦੇ ਸਾਬਕਾ ਮੰਤਰੀ ਅਤੇ ਮਥੁਰਾ ਦੇ ਮੰਟ ਵਿਧਾਨ ਸਭਾ ਹਲਕੇ ਤੋਂ ਲਗਾਤਾਰ 8 ਵਾਰ ਵਿਧਾਇਕ ਰਹੇ ਅਨੁਭਵੀ ਆਗੂ ਸ਼ਿਆਮ ਸੁੰਦਰ ਸ਼ਰਮਾ ਨੇ ਮੁੜ ਤੋਂ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰ ਲਈ ਹੈ।

ਦਿੱਲੀ ਸਥਿਤ ਮੁੱਖ ਦਫ਼ਤਰ ਵਿਖੇ ਹੋਏ ਸ਼ਾਮਲ

ਸਾਬਕਾ ਮੰਤਰੀ ਸ਼ਿਆਮ ਸੁੰਦਰ ਸ਼ਰਮਾ ਨੇ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਕੇਂਦਰੀ ਦਫ਼ਤਰ ਵਿਖੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਵੱਲੋਂ ਦਿੱਤੇ ਗਏ ਇੱਕ ਬਿਆਨ ਨੇ ਸਿਆਸੀ ਗਲਿਆਰਿਆਂ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ, "ਇੱਕ 'ਬਾਗਵਾਨ' ਫ਼ਿਲਮ ਆਈ ਸੀ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਇਹ ਬੁੱਢਾ ਕਿਸ ਕੰਮ ਦਾ? ਅੱਜ ਮੈਂ ਕਹਿੰਦਾ ਹਾਂ ਕਿ ਇਹ ਬੁੱਢਾ ਆਦਮੀ ਬਹੁਤ ਕੰਮ ਦਾ ਹੈ।"

ਉਨ੍ਹਾਂ ਅੱਗੇ ਕਿਹਾ ਕਿ ਉਹ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਪਿਛਲੀਆਂ ਚੋਣਾਂ ਵਿੱਚ ਉਹ ਬਹੁਤ ਘੱਟ ਫ਼ਰਕ ਨਾਲ ਹਾਰ ਗਏ ਸਨ, ਪਰ ਰਾਜਨੀਤੀ ਦਾ ਅਸਲ ਅਰਥ 'ਜਨਸੇਵਾ' ਹੈ ਅਤੇ ਇਹ ਸੋਚ ਸਿਰਫ਼ ਕਾਂਗਰਸ ਪਾਰਟੀ ਦੇ ਅੰਦਰ ਹੀ ਮੌਜੂਦ ਹੈ।

ਪ੍ਰਿਯੰਕਾ ਕੱਕੜ ਅਤੇ ਪੱਤਰਕਾਰ ਰਾਜਤ ਟੰਡਨ ਵੀ ਕਾਂਗਰਸ ਵਿੱਚ ਸ਼ਾਮਲ

ਸ਼ਿਆਮ ਸੁੰਦਰ ਸ਼ਰਮਾ ਦੇ ਨਾਲ-ਨਾਲ ਕਈ ਹੋਰ ਪ੍ਰਮੁੱਖ ਚਿਹਰੇ ਵੀ ਕਾਂਗਰਸ ਪਾਰਟੀ ਨਾਲ ਜੁੜੇ ਹਨ। ਆਮ ਆਦਮੀ ਪਾਰਟੀ (ਆਪ) ਦੀ ਬੁਲਾਰਾ ਅਤੇ ਪ੍ਰਮੁੱਖ ਆਗੂ ਪ੍ਰਿਯੰਕਾ ਕੱਕੜ ਅਤੇ ਜਾਣੇ-ਪਛਾਣੇ ਪੱਤਰਕਾਰ ਰਜਤ ਟੰਡਨ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ ਹੈ।

AAP ਛੱਡ ਪ੍ਰਿਯੰਕਾ ਕੱਕੜ ਹੋਈ ਕਾਂਗਰਸ 'ਚ ਸ਼ਾਮਿਲ

ਪ੍ਰਿਯੰਕਾ ਕੱਕੜ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਕਿਹਾ ਕਿ ਉਹ ਇੱਕ ਵਾਰ ਫਿਰ ਤੋਂ ਉਹੀ ਸਾਫ਼-ਸੁਥਰੀ ਅਤੇ ਸੁਰੱਖਿਅਤ ਦਿੱਲੀ ਦੇਖਣਾ ਚਾਹੁੰਦੀ ਹੈ ਜਿੱਥੇ ਉਹ ਪਲੀ-ਵੱਡੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਹੀ ਅਜਿਹਾ ਕਰ ਸਕਦੀ ਹੈ ਅਤੇ ਦੇਸ਼ ਵਿੱਚ ਰਾਹੁਲ ਗਾਂਧੀ ਹੀ ਇੱਕੋ-ਇੱਕ ਅਜਿਹੇ ਪ੍ਰਮਾਣਿਕ ਆਗੂ ਹਨ ਜਿਨ੍ਹਾਂ ਨੇ ਕਦੇ ਕੈਮਰਿਆਂ ਸਾਹਮਣੇ ਦਿਖਾਵੇ ਲਈ ਹੰਝੂ ਨਹੀਂ ਵਹਾਏ।

ਰਾਜੀਵ ਸ਼ੁਕਲਾ ਦਾ ਵੱਡਾ ਦਾਅਵਾ: "ਯੂਪੀ ਵਿੱਚ ਆਵੇਗਾ ਵੱਡਾ ਬਦਲਾਅ"

ਇਸ ਮੌਕੇ ਮੌਜੂਦ ਸੀਨੀਅਰ ਕਾਂਗਰਸ ਆਗੂ ਅਤੇ ਰਾਜ ਸਭਾ ਮੈਂਬਰ ਰਾਜੀਵ ਸ਼ੁਕਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਜਤਾਇਆ ਕਿ ਕਾਂਗਰਸ ਆਉਣ ਵਾਲੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ ਵੱਡਾ ਸਿਆਸੀ ਬਦਲਾਅ ਦੇਖਣ ਨੂੰ ਮਿਲੇਗਾ। ਉਨ੍ਹਾਂ ਅਰਾਧਨਾ ਮਿਸ਼ਰਾ ਨੂੰ ਯੂਪੀ ਕਾਂਗਰਸ ਦੀ ਕਮਾਨ ਸੌਂਪਣ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਸੋਚਿਆ-ਸਮਝਿਆ ਕਦਮ ਦੱਸਦਿਆਂ ਕਿਹਾ ਕਿ ਪਾਰਟੀ ਹਿੱਤ ਵਿੱਚ ਲਏ ਗਏ ਇਨ੍ਹਾਂ ਫ਼ੈਸਲਿਆਂ ਨਾਲ ਸੰਗਠਨ ਨੂੰ ਮਜ਼ਬੂਤੀ ਮਿਲੇਗੀ।

© Copyright Galactic Television & Communications Pvt. Ltd. 2026. All rights reserved.