ਸਿਆਸਤ ‘ਚ ਮੱਚੀ ਹਲਚਲ! 25 ਦਿਨਾਂ ‘ਚ ਬਾਅਦ ਛੱਡਣਾ ਪਿਆ ਮੰਤਰੀ ਦਾ ਅਹੁਦਾ, ਜਾਣੋ ਕਿਸ ਮਾਮਲੇ ਦੇ ਚੱਲਦੇ ਦਿੱਤਾ ਅਸਤੀਫ਼ਾ
ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਰਾਜ ਦੀ ਭਲਾਈ ਸੰਸਥਾ ਦੇ ਕਰੀਬ 89 ਕਰੋੜ ਰੁਪਏ ਦੇ ਫੰਡ ਵਿੱਚ ਕਥਿਤ ਗੜਬੜੀ ਦੇ ਮਾਮਲੇ ਨੂੰ ਲੈ ਕੇ ਹੋਇਆ। ਨਾਗੇਂਦਰ ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਦਬਾਅ ਕਾਰਨ ਨਹੀਂ, ਸਗੋਂ ਕਾਂਗਰਸ ਨੂੰ ਅਸਹਿਜ ਸਥਿਤੀ ਤੋਂ ਬਚਾਉਣ ਲਈ ਅਸਤੀਫ਼ਾ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਉਹ 3 ਅਗਸਤ ਨੂੰ ਮੁੜ ਮੰਤਰੀ ਬਣੇ ਸਨ ਅਤੇ ਸਿਰਫ਼ 25 ਦਿਨਾਂ ਬਾਅਦ ਅਹੁਦਾ ਛੱਡ ਦਿੱਤਾ। ਨਾਗੇਂਦਰ ਨੇ ਆਪਣੇ ਖ਼ਿਲਾਫ਼ ਦੋਸ਼ਾਂ ਨੂੰ ਨਕਾਰਦਿਆਂ SIT ਅਤੇ CID ਤੋਂ ਕਲੀਨ ਚਿੱਟ ਮਿਲਣ ਦਾ ਦਾਅਵਾ ਵੀ ਕੀਤਾ ਹੈ।
ਸਿਆਸਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਕਰਨਾਟਕ ਸਰਕਾਰ ਵਿੱਚ ਮੰਤਰੀ ਬੀ. ਨਾਗੇਂਦਰ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜ ਦੀ ਇੱਕ ਭਲਾਈ ਸੰਸਥਾ ਦੇ ਫੰਡਾਂ ਵਿੱਚ ਕਥਿਤ ਗੜਬੜੀ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਸੀ। ਹਾਲਾਂਕਿ, ਨਾਗੇਂਦਰ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਦਬਾਅ ਹੇਠ ਅਸਤੀਫ਼ਾ ਨਹੀਂ ਦਿੱਤਾ, ਸਗੋਂ ਕਾਂਗਰਸ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦੀ ਅਸਹਿਜ ਸਥਿਤੀ ਤੋਂ ਬਚਾਉਣ ਲਈ ਖ਼ੁਦ ਇਹ ਫ਼ੈਸਲਾ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਨਾਗੇਂਦਰ ਨੂੰ 3 ਅਗਸਤ ਨੂੰ ਕੈਬਨਿਟ ਵਿਸਥਾਰ ਦੌਰਾਨ ਦੁਬਾਰਾ ਮੰਤਰੀ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਮਹਿਜ਼ 25 ਦਿਨਾਂ ਬਾਅਦ ਹੀ ਅਹੁਦਾ ਛੱਡ ਦਿੱਤਾ ਹੈ।
ਅੱਥਰੂ ਭਰੀਆਂ ਅੱਖਾਂ ਨਾਲ ਬੋਲੇ ਨਾਗੇਂਦਰ-ਕਾਂਗਰਸ ਨੂੰ ਅਸਹਿਜ ਨਹੀਂ ਕਰਨਾ ਚਾਹੁੰਦਾ
ਬੈਂਗਲੁਰੂ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਨਾਗੇਂਦਰ ਕਾਫ਼ੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਕਾਰਨ ਨਹੀਂ ਹੈ। ਉਹ ਕਾਂਗਰਸ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਅਸਹਿਜ ਸਥਿਤੀ ਵਿੱਚ ਨਹੀਂ ਪਾਉਣਾ ਚਾਹੁੰਦੇ, ਇਸ ਲਈ ਉਹ ਅਹੁਦਾ ਛੱਡ ਰਹੇ ਹਨ। ਬੱਲਾਰੀ ਪੇਂਡੂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਾਗੇਂਦਰ ਇਸ ਤੋਂ ਪਹਿਲਾਂ ਆਦਿਵਾਸੀ ਭਲਾਈ ਮੰਤਰੀ ਸਨ। ਸਾਲ 2024 ਵਿੱਚ ਕਰਨਾਟਕ ਦੀ ਇੱਕ ਸਰਕਾਰੀ ਭਲਾਈ ਸੰਸਥਾ ਦੇ ਫੰਡ ਵਿੱਚ ਕਥਿਤ ਗੜਬੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ 3 ਅਗਸਤ ਨੂੰ ਕੈਬਨਿਟ ਵਿਸਥਾਰ ਦੌਰਾਨ ਉਨ੍ਹਾਂ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ।

ਨਾਗੇਂਦਰ ਨੇ ਵਿਧਾਇਕ ਅਹੁਦੇ ਤੋਂ ਵੀ ਅਸਤੀਫ਼ਾ ਦੇਣ ਦੀ ਪ੍ਰਗਟਾਈ ਇੱਛਾ
ਦਿੱਲੀ ਤੋਂ ਪਰਤਣ ਤੋਂ ਬਾਅਦ ਨਾਗੇਂਦਰ ਨੇ ਕਾਂਗਰਸ ਹਾਈਕਮਾਨ ਤੋਂ ਵਿਧਾਇਕ ਅਹੁਦੇ ਤੋਂ ਵੀ ਅਸਤੀਫ਼ਾ ਦੇਣ ਦੀ ਇਜਾਜ਼ਤ ਮੰਗੀ। ਉਨ੍ਹਾਂ ਕਿਹਾ ਕਿ ਉਹ ਆਪਣੇ ਖ਼ਿਲਾਫ਼ ਦੋਸ਼ ਲਗਾਉਣ ਵਾਲਿਆਂ ਦਾ ਸਾਹਮਣਾ ਕਰਨਾ ਚਾਹੁੰਦੇ ਹਨ ਅਤੇ ਆਪਣੇ ਅਕਸ ਨੂੰ ਸਾਫ਼ ਕਰਨਾ ਚਾਹੁੰਦੇ ਹਨ। ਮੀਡੀਆ ਨਾਲ ਗੱਲਬਾਤ ਕਰਨ ਤੋਂ ਬਾਅਦ ਨਾਗੇਂਦਰ ਨੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨਾਲ ਵੀ ਮੁਲਾਕਾਤ ਕੀਤੀ। ਸ਼ਿਵਕੁਮਾਰ ਨੇ ਦੱਸਿਆ ਕਿ ਨਾਗੇਂਦਰ ਨੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਉਹ ਪਾਰਟੀ ਦੀ ਹਾਈਕਮਾਨ ਨਾਲ ਚਰਚਾ ਕਰਨਗੇ। ਸ਼ਿਵਕੁਮਾਰ ਨੇ ਇਹ ਵੀ ਕਿਹਾ ਕਿ ਨਾਗੇਂਦਰ 'ਤੇ ਲਗਾਏ ਗਏ ਦੋਸ਼ਾਂ ਵਿੱਚ ਉਹ ਬੇਕਸੂਰ ਹਨ।
ਭਾਜਪਾ ਅਤੇ ਜੇ.ਡੀ.ਐੱਸ. ਦੇ ਦਬਾਅ ਤੋਂ ਕੀਤਾ ਇਨਕਾਰ
ਚਾਰ ਵਾਰ ਦੇ ਵਿਧਾਇਕ ਨਾਗੇਂਦਰ ਨੂੰ ਸ਼ਿਵਕੁਮਾਰ ਵੱਲੋਂ ਯੋਜਨਾ ਅਤੇ ਅੰਕੜਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਅਸਤੀਫ਼ੇ ਦੌਰਾਨ ਨਾਗੇਂਦਰ ਨੇ ਕਿਹਾ ਕਿ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਜਾਂ ਜਨਤਾ ਦਲ (ਸੈਕੁਲਰ) ਯਾਨੀ ਜੇ.ਡੀ.ਐੱਸ. ਦੇ ਦਬਾਅ ਅੱਗੇ ਝੁਕਣਾ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਵਿਰੋਧੀ ਪਾਰਟੀਆਂ ਲਈ ‘ਮਨੁਵਾਦੀ’ ਸ਼ਬਦ ਦੀ ਵਰਤੋਂ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਆਪਣੀ ਮਰਜ਼ੀ ਨਾਲ ਲਿਆ ਹੈ, ਕਿਉਂਕਿ ਉਹ ਕਾਂਗਰਸ ਨੂੰ ਅਸਹਿਜ ਸਥਿਤੀ ਵਿੱਚ ਨਹੀਂ ਪਾਉਣਾ ਚਾਹੁੰਦੇ। ਨਾਗੇਂਦਰ ਨੇ ਕਿਹਾ ਕਿ ਉਹ ਰਾਜ ਦੀਆਂ ਅਨੁਸੂਚਿਤ ਕਬੀਲਿਆਂ ਲਈ ਰਾਖਵੇਂ 15 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਕਿਵੇਂ ਭਾਜਪਾ ਅਤੇ ਜੇ.ਡੀ.ਐੱਸ. ਨੇ ਇੱਕ ਝੂਠ ਨੂੰ ਵਾਰ-ਵਾਰ ਦੁਹਰਾ ਕੇ ਉਸ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ।
89 ਕਰੋੜ ਰੁਪਏ ਦੇ ਫੰਡ ਵਿੱਚ ਗੜਬੜੀ ਦਾ ਮਾਮਲਾ
ਭਾਜਪਾ ਅਤੇ ਜੇ.ਡੀ.ਐੱਸ. ਨੇ ਮਾਨਸੂਨ ਵਿਧਾਨ ਸਭਾ ਸੈਸ਼ਨ ਦੌਰਾਨ ਨਾਗੇਂਦਰ ਵਿਰੁੱਧ ਕਥਿਤ ਫੰਡ ਗੜਬੜੀ ਦੇ ਮਾਮਲੇ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਾਇਆ ਸੀ। ਦੋਵਾਂ ਪਾਰਟੀਆਂ ਨੇ ਨਾਗੇਂਦਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਵਿਧਾਨ ਸਭਾ ਦੀ ਕਾਰਵਾਈ ਵੀ ਰੋਕੀ ਸੀ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਕਰਨਾਟਕ ਮਹਿਰਿਸ਼ੀ ਵਾਲਮੀਕਿ ਅਨੁਸੂਚਿਤ ਜਨਜਾਤੀ ਵਿਕਾਸ ਨਿਗਮ (KMVSTDC) ਦੇ ਕਰੀਬ 89 ਕਰੋੜ ਰੁਪਏ ਦੇ ਫੰਡ ਵਿੱਚ ਕਥਿਤ ਗੜਬੜੀ ਹੋਈ ਸੀ। ਭਾਜਪਾ ਨੇ ਨਾਗੇਂਦਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 1 ਸਤੰਬਰ ਤੋਂ ਰਾਏਚੁਰ ਤੋਂ ਬੱਲਾਰੀ ਤੱਕ 10 ਦਿਨਾਂ ਦੀ ਪਦਯਾਤਰਾ ਕੱਢਣ ਦਾ ਐਲਾਨ ਕੀਤਾ ਸੀ। ਪਾਰਟੀ ਨੇ ਕਿਹਾ ਹੈ ਕਿ ਨਾਗੇਂਦਰ ਦੇ ਅਸਤੀਫ਼ੇ ਤੋਂ ਬਾਅਦ ਵੀ ਪਦਯਾਤਰਾ ਜਾਰੀ ਰਹੇਗੀ, ਕਿਉਂਕਿ ਸਾਲ 2024 ਦੇ ਇਸ ਮਾਮਲੇ ਨਾਲ ਜੁੜੇ ਹੋਰ ਮੁੱਦੇ ਵੀ ਹਨ।
ਨਾਗੇਂਦਰ ਨੇ ਭਾਜਪਾ 'ਤੇ ਲਗਾਇਆ ‘ਮਨੁਸਮ੍ਰਿਤੀ’ ਵਾਲੀ ਸੋਚ ਦਾ ਦੋਸ਼
ਅਸਤੀਫ਼ਾ ਦੇਣ ਤੋਂ ਬਾਅਦ ਨਾਗੇਂਦਰ ਨੇ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਡਾ. ਬੀ.ਆਰ. ਅੰਬੇਡਕਰ ਦੇ ਸੰਵਿਧਾਨ ਦਾ ਦੌਰ ਹੈ, ਪੁਰਾਣਾਂ ਦਾ ਨਹੀਂ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ‘ਮਨੁਸਮ੍ਰਿਤੀ ਵਾਲੀ ਸੋਚ’ ਇਹ ਹੈ ਕਿ ਦਲਿਤ, ਔਰਤਾਂ, ਘੱਟ ਗਿਣਤੀ ਅਤੇ ਆਦਿਵਾਸੀ ਅੱਗੇ ਨਾ ਵਧਣ। ਨਾਗੇਂਦਰ ਨੇ ਕਿਹਾ ਕਿ ਉਹ ਕਦੇ ਵੀ ਅਜਿਹਾ ਨਹੀਂ ਹੋਣ ਦੇਣਗੇ।
SIT ਅਤੇ CID ਤੋਂ ਕਲੀਨ ਚਿੱਟ ਮਿਲਣ ਦਾ ਦਾਅਵਾ
ਨਾਗੇਂਦਰ ਨੇ ਦਾਅਵਾ ਕੀਤਾ ਹੈ ਕਿ ਰਾਜ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (SIT) ਅਤੇ ਅਪਰਾਧ ਜਾਂਚ ਵਿਭਾਗ (CID) ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ੁਰੂਆਤ ਵਿੱਚ ਆਪਣੀ ਜਾਂਚ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਨਹੀਂ ਕੀਤਾ ਸੀ, ਪਰ ਕੈਬਨਿਟ ਵਿੱਚ ਦੁਬਾਰਾ ਸ਼ਾਮਲ ਕੀਤੇ ਜਾਣ ਤੋਂ ਬਾਅਦ ED ਨੇ ਉਨ੍ਹਾਂ ਦਾ ਨਾਮ ਜਾਂਚ ਵਿੱਚ ਜੋੜ ਦਿੱਤਾ। ਇਸ ਪੂਰੇ ਘਟਨਾਕ੍ਰਮ ਦੌਰਾਨ ਨਾਗੇਂਦਰ ਦੇ ਮੰਤਰੀ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਹੁਣ ਕਾਂਗਰਸ ਹਾਈਕਮਾਨ ਦੇ ਫ਼ੈਸਲੇ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਚਰਚਾ ਕਰਨ ਤੋਂ ਬਾਅਦ ਅਗਲਾ ਫ਼ੈਸਲਾ ਲੈਣਗੇ।