ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, ਲੈਂਡਿੰਗ ਤੋਂ ਬਾਅਦ ਲੱਗੀ ਅੱਗ…ਹਾਦਸੇ ਦੀ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ

By:  Lajwinder Kaur June 13th 2026 11:33 AM -- Updated: June 13th 2026 12:15 PM

ਅਸਾਮ ਦੇ ਜੋਰਹਾਟ ਸਥਿਤ ਹਵਾਈ ਸੈਨਾ ਸਟੇਸ਼ਨ 'ਤੇ ਸ਼ਨੀਵਾਰ ਸਵੇਰੇ ਲੈਂਡਿੰਗ ਦੌਰਾਨ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਇੱਕ AN-32 ਮਾਲਵਾਹਕ ਜਹਾਜ਼ ਸੀ, ਜਿਸ ਦੀ ਵਰਤੋਂ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ ਏਅਰਬੇਸ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਭਾਰਤੀ ਹਵਾਈ ਸੈਨਾ ਨੇ ਕਿਹਾ ਹੈ ਕਿ ਹਾਦਸੇ ਬਾਰੇ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਭਾਰਤੀ ਹਵਾਈ ਸੈਨਾ (IAF) ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋਰਹਾਟ ਏਅਰਬੇਸ 'ਤੇ ਹਵਾਈ ਸੈਨਾ ਦੇ ਕੁਝ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਜਹਾਜ਼ ਦੋ ਹਿੱਸਿਆਂ ਵਿੱਚ ਟੁੱਟਿਆ ਹੋਇਆ ਦਿਖਾਈ ਦੇ ਰਿਹਾ ਹੈ।

AN-32 ਮਾਲਵਾਹਕ ਜਹਾਜ਼ ਦੀ ਆਹ ਖ਼ਾਸੀਅਤ

AN-32 ਮਾਲਵਾਹਕ ਜਹਾਜ਼ ਪਹਾੜੀ ਅਤੇ ਔਖੇ ਇਲਾਕਿਆਂ ਵਿੱਚ ਵੀ ਉਤਰਨ ਦੇ ਸਮਰੱਥ ਹੈ। ਭਾਰਤੀ ਹਵਾਈ ਸੈਨਾ ਕੋਲ ਲਗਭਗ 100 ਐਂਟੋਨੋਵ (Antonov) AN-32 ਟੈਕਟੀਕਲ ਟਰਾਂਸਪੋਰਟ ਜਹਾਜ਼ਾਂ ਦਾ ਬੇੜਾ ਹੈ। ਹਾਲਾਂਕਿ ਸ਼ੁਰੂ ਵਿੱਚ ਹਵਾਈ ਸੈਨਾ ਨੇ ਸੋਵੀਅਤ ਮੂਲ ਦੇ 125 ਜਹਾਜ਼ ਖਰੀਦੇ ਸਨ, ਪਰ ਹੁਣ ਸਰਗਰਮ ਜਹਾਜ਼ਾਂ ਦੀ ਗਿਣਤੀ ਲਗਭਗ 100 ਰਹਿ ਗਈ ਹੈ।

AN-32 ਜਹਾਜ਼ 1980 ਤੋਂ ਭਾਰਤੀ ਹਵਾਈ ਸੈਨਾ ਦੀ ਮੀਡੀਅਮ-ਲਿਫਟ ਟਰਾਂਸਪੋਰਟ ਸਮਰੱਥਾ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਿਹਾ ਹੈ। ਗਰਮ ਮੌਸਮ ਅਤੇ ਹਿਮਾਲਿਆ ਵਰਗੇ ਉੱਚੇ ਪਹਾੜੀ ਇਲਾਕਿਆਂ ਵਿੱਚ ਆਪਰੇਸ਼ਨ ਦੌਰਾਨ ਇਸ ਦੀ ਮਜ਼ਬੂਤੀ ਕਾਰਨ ਇਸ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ।

© Copyright Galactic Television & Communications Pvt. Ltd. 2026. All rights reserved.