ਰੱਖਿਆ, ਊਰਜਾ ਅਤੇ AI ਖੇਤਰ 'ਚ ਭਾਰਤ-ਜਾਪਾਨ ਵਿਚਕਾਰ ਵੱਡੇ ਸਮਝੌਤੇ; PM ਮੋਦੀ ਨੇ ਜਾਪਾਨੀ PM ਤਾਕਾਈਚੀ ਨੂੰ ਦੱਸਿਆ ਆਪਣੀ 'ਛੋਟੀ ਭੈਣ'
ਭਾਰਤ ਅਤੇ ਜਾਪਾਨ ਨੇ ਰੱਖਿਆ, ਊਰਜਾ, ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਮੇਤ ਕਈ ਅਹਿਮ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਸਮਝੌਤਿਆਂ (MoC) 'ਤੇ ਦਸਤਖਤ ਕੀਤੇ ਹਨ। ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਦੀ ਮੌਜੂਦਗੀ ਵਿੱਚ ਹੋਏ ਇਹ ਸਮਝੌਤੇ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਲਈ ਇੱਕ ਵੱਡਾ ਕਦਮ ਮੰਨੇ ਜਾ ਰਹੇ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਤਾਕਾਈਚੀ ਨੂੰ ਆਪਣੀ 'ਛੋਟੀ ਭੈਣ' ਦੱਸਦਿਆਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਭਰੋਸੇ ਅਤੇ ਮਿੱਤਰਤਾ ਦੀ ਮਿਸਾਲ ਕਰਾਰ ਦਿੱਤਾ।
ਹੈਦਰਾਬਾਦ ਹਾਊਸ ਵਿੱਚ ਹੋਏ ਅਹਿਮ ਸਮਝੌਤੇ
ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਦੀ ਮੌਜੂਦਗੀ ਵਿੱਚ ਕਈ 'ਮੈਮੋਰੰਡਮ ਆਫ਼ ਕੋਆਪਰੇਸ਼ਨ' (MoC) 'ਤੇ ਦਸਤਖਤ ਕੀਤੇ। ਇਨ੍ਹਾਂ ਸਮਝੌਤਿਆਂ ਦਾ ਮੁੱਖ ਉਦੇਸ਼ ਰੱਖਿਆ, ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਤਕਨੀਕ ਅਤੇ ਹੋਰ ਰਣਨੀਤਕ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ।
AI ਸਣੇ ਇਨ੍ਹਾਂ ਖੇਤਰਾਂ ‘ਚ ਖਾਸ ਫੋਕਸ
ਦੋਵਾਂ ਦੇਸ਼ਾਂ ਨੇ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕਰਨ, ਸਾਫ਼-ਸੁਥਰੀ ਊਰਜਾ, ਸੈਮੀਕੰਡਕਟਰ, ਡਿਜੀਟਲ ਤਕਨਾਲੋਜੀ, AI ਅਤੇ ਉੱਭਰ ਰਹੀਆਂ ਨਵੀਆਂ ਤਕਨੀਕਾਂ ਵਿੱਚ ਭਾਈਵਾਲੀ ਵਧਾਉਣ 'ਤੇ ਸਹਿਮਤੀ ਜਤਾਈ ਹੈ। ਇਨ੍ਹਾਂ ਸਮਝੌਤਿਆਂ ਨਾਲ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ-ਜਾਪਾਨ ਦੀ ਰਣਨੀਤਕ ਭਾਈਵਾਲੀ ਨੂੰ ਇੱਕ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ।
'ਜਾਪਾਨ ਨੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਨਿਭਾਈ ਅਹਿਮ ਭੂਮਿਕਾ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਵਿੱਚ ਆਟੋਮੋਬਾਈਲ, ਇਲੈਕਟ੍ਰਾਨਿਕਸ ਅਤੇ ਹੋਰ ਕਈ ਖੇਤਰਾਂ ਵਿੱਚ ਜਾਪਾਨ ਨੇ ਭਾਰਤ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸੇ ਸਹਿਯੋਗ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਅਤੇ ਦੋਸਤੀ ਦਾ ਇੱਕ ਮਜ਼ਬੂਤ ਰਿਸ਼ਤਾ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਦੀ ਇਹ ਯਾਤਰਾ ਭਾਰਤ-ਜਾਪਾਨ ਦੀ 'ਸਪੈਸ਼ਲ ਸਟ੍ਰੈਟੇਜਿਕ ਐਂਡ ਗਲੋਬਲ ਪਾਰਟਨਰਸ਼ਿਪ' ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ।
PM ਮੋਦੀ ਨੇ ਤਾਕਾਈਚੀ ਨੂੰ ਦੱਸਿਆ 'ਛੋਟੀ ਭੈਣ'
ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਨੂੰ ਆਪਣੀ 'ਛੋਟੀ ਭੈਣ' ਦੱਸਦਿਆਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਨਿੱਘ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਜਾਪਾਨ ਦਾ ਰਿਸ਼ਤਾ ਸਿਰਫ਼ ਰਣਨੀਤਕ ਭਾਈਵਾਲੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਆਪਸੀ ਵਿਸ਼ਵਾਸ, ਸਤਿਕਾਰ ਅਤੇ ਲੰਬੇ ਸਮੇਂ ਤੋਂ ਚਲੀ ਆ ਰਹੀ ਦੋਸਤੀ 'ਤੇ ਅਧਾਰਤ ਹੈ।