ਸਾਬਕਾ ਮੁੱਖ ਮੰਤਰੀ ਵੱਲੋਂ ਆਪਣੇ ਹੀ ਪਾਰਟੀ ਵਰਕਰ ਨੂੰ ਜੜ੍ਹਿਆ ਥੱਪੜ! ਜਾਣੋ ਪੂਰਾ ਮਾਮਲਾ...

By:  Lajwinder Kaur July 9th 2026 11:12 AM -- Updated: July 9th 2026 11:23 AM

ਮਮਤਾ ਬੈਨਰਜੀ ਦੇ ਵਿਰੋਧ ਮਾਰਚ ਦੌਰਾਨ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧ ਪ੍ਰਦਰਸ਼ਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਦਿਖਾਈ ਦੇ ਰਿਹਾ ਹੈ। ਵਾਇਰਲ ਵੀਡੀਓ ਵਿੱਚ ਉਹ ਇੱਕ ਵਿਅਕਤੀ ਨੂੰ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ, ਜੋ ਕਿ ਤ੍ਰਿਣਮੂਲ ਕਾਂਗਰਸ ਦਾ ਵਰਕਰ ਦੱਸਿਆ ਜਾ ਰਿਹਾ ਹੈ।

ਇਸ ਵਜ੍ਹਾ ਕਰਕੇ ਸਾਬਕਾ CM ਦਾ ਚੜਿਆ ਪਾਰਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਵਿਅਕਤੀ ਭੀੜ ਨੂੰ ਕੰਟਰੋਲ ਕਰਨ ਅਤੇ ਮਮਤਾ ਬੈਨਰਜੀ ਲਈ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਸੇ ਦੌਰਾਨ ਮਮਤਾ ਨੇ ਆਪਣਾ ਆਪਾ ਖੋਹ ਦਿੱਤਾ ਅਤੇ ਆਪਣੇ ਹੀ ਪਾਰਟੀ ਵਰਕਰ ਨੂੰ ਥੱਪੜ ਜੜ ਦਿੱਤਾ।

ਮੀਡੀਆ ਰਿਪੋਰਟਾਂ ਅਨੁਸਾਰ, ਵਾਇਰਲ ਹੋ ਰਿਹਾ ਵੀਡੀਓ ਕਾਲੀਘਾਟ ਵਿੱਚ ਮਮਤਾ ਬੈਨਰਜੀ ਦੇ ਘਰ ਦੇ ਬਾਹਰ ਦਾ ਹੈ, ਜਿੱਥੇ ਉਹ ਜ਼ਖਮੀ ਹੋਏ ਟੀਐਮਸੀ ਵਰਕਰਾਂ ਨੂੰ ਗੱਡੀਆਂ ਰਾਹੀਂ ਹਸਪਤਾਲ ਭੇਜਣ ਦਾ ਪ੍ਰਬੰਧ ਕਰ ਰਹੀ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਦੇਣ ਲਈ ਤ੍ਰਿਣਮੂਲ ਕਾਂਗਰਸ ਦੇ ਕਈ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਕੋਲ ਖੜ੍ਹੇ ਇੱਕ ਵਰਕਰ ਨੂੰ ਥੱਪੜ ਮਾਰ ਦਿੱਤਾ।

ਵਿਰੋਧ ਮਾਰਚ ਦੌਰਾਨ ਟੀ.ਐੱਮ.ਸੀ. ਅਤੇ ਭਾਜਪਾ ਵਰਕਰ ਆਪਸ ਵਿੱਚ ਭਿੜੇ

ਬਾਰੂਈਪੁਰ ਵਿੱਚ ਇੱਕ 11 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਮਮਤਾ ਬੈਨਰਜੀ ਨੇ ਇੱਕ ਰੈਲੀ ਕੱਢੀ ਸੀ। ਇਸ ਦੌਰਾਨ ਭਾਜਪਾ ਅਤੇ ਟੀ.ਐੱਮ.ਸੀ. ਵਰਕਰਾਂ ਵਿਚਕਾਰ ਟਕਰਾਅ ਹੋ ਗਿਆ। ਦੋਵਾਂ ਪਾਰਟੀਆਂ ਵਿਚਕਾਰ ਵਧਦੇ ਹੰਗਾਮੇ ਨੂੰ ਰੋਕਣ ਲਈ ਪੁਲਿਸ ਨੂੰ ਵੀ ਦਖਲ ਦੇਣਾ ਪਿਆ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸਮਰਥਕਾਂ ਨੇ ਰੈਲੀ ਨੂੰ ਰੋਕਿਆ ਅਤੇ ਰਸਤੇ ਵਿੱਚ ਕਈ ਥਾਵਾਂ 'ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨਾਲ ਕੁੱਟਮਾਰ ਕੀਤੀ।

ਉਨ੍ਹਾਂ ਕਿਹਾ, 'ਹਾਈ ਕੋਰਟ ਨੇ ਸਾਡੀ ਰੈਲੀ ਨੂੰ ਇਜਾਜ਼ਤ ਦਿੱਤੀ ਸੀ, ਪਰ ਭਾਜਪਾ ਦੇ ਗੁੰਡਿਆਂ ਨੇ ਇਸ ਨੂੰ ਰੋਕ ਦਿੱਤਾ। ਰੈਲੀ ਦੀ ਇਜਾਜ਼ਤ ਦੇਣ ਵਾਲੇ ਕੋਰਟ ਦੇ ਹੁਕਮ ਨੂੰ ਪੁਲਿਸ ਕਿਵੇਂ ਨਜ਼ਰਅੰਦਾਜ਼ ਕਰ ਸਕਦੀ ਹੈ? ਭਾਜਪਾ ਦੇ ਗੁੰਡਿਆਂ ਨੇ ਸਾਡੇ ਪਾਰਟੀ ਵਰਕਰਾਂ ਦੀ ਕੁੱਟਮਾਰ ਕੀਤੀ। ਕੀ ਇਹੀ ਲੋਕਤੰਤਰ ਹੈ?'

ਮਮਤਾ ਬੈਨਰਜੀ ਨੇ ਪੁਲਿਸ 'ਤੇ ਲਾਏ ਗੰਭੀਰ ਦੋਸ਼

ਬੈਨਰਜੀ ਨੇ ਦੋਸ਼ ਲਾਇਆ ਕਿ ਪੁਲਿਸ ਨਿਰਪੱਖ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹੈ ਅਤੇ ਪੁਲਿਸ ਫੋਰਸ 'ਭਾਜਪਾ ਸੰਗਠਨ ਦੀ ਇੱਕ ਸ਼ਾਖਾ' ਬਣ ਗਈ ਹੈ। ਉਨ੍ਹਾਂ ਕਿਹਾ, 'ਪੁਲਿਸ ਆਮ ਲੋਕਾਂ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾ ਪਾ ਰਹੀ ਹੈ ਅਤੇ ਸਾਡੇ ਪ੍ਰੋਗਰਾਮ ਨੂੰ ਅਸਫਲ ਕਰਨ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ।' ਤ੍ਰਿਣਮੂਲ ਕਾਂਗਰਸ ਮੁਖੀ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ, 'ਮੈਨੂੰ ਇਸ ਤਰ੍ਹਾਂ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿਵੇਂ ਮੈਂ ਨਜ਼ਰਬੰਦ ਹੋਵਾਂ।'

© Copyright Galactic Television & Communications Pvt. Ltd. 2026. All rights reserved.