ਪੰਜਾਬ-ਹਰਿਆਣਾ ਸਮੇਤ ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, 4 ਦਿਨ ਰਹੇਗੀ ਚੇਤਾਵਨੀ; ਦਿਨ ਦੇ ਤਾਪਮਾਨ 'ਚ 4 ਡਿਗਰੀ ਦੀ ਗਿਰਾਵਟ ਦੀ ਸੰਭਾਵਨਾ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅੱਜ ਸ਼ਨੀਵਾਰ ਵਾਲੇ ਦਿਨ ਵੀ ਸੂਰਜ ਦੇਵ ਫਿੱਕਾ-ਫਿੱਕਾ ਨਜ਼ਰ ਆਇਆ, ਜ਼ਿਆਦਾਤਰ ਅਸਮਾਨ ਦੇ ਵਿੱਚ ਬੱਦਲ ਹੀ ਛਾਏ ਰਹੇ। ਇਸ ਨੂੰ ਦੇਖਦੇ ਹੋਏ ਭਾਰਤੀ ਮੌਸਮ ਵਿਭਾਗ (IMD) ਨੇ ਚਾਰ ਦਿਨਾਂ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

By:  Lajwinder Kaur November 21st 2026 05:42 PM -- Updated: November 21st 2026 05:55 PM

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅੱਜ ਸ਼ਨੀਵਾਰ ਵਾਲੇ ਦਿਨ ਵੀ ਸੂਰਜ ਦੇਵ ਫਿੱਕਾ-ਫਿੱਕਾ ਨਜ਼ਰ ਆਇਆ, ਜ਼ਿਆਦਾਤਰ ਅਸਮਾਨ ਦੇ ਵਿੱਚ ਬੱਦਲ ਹੀ ਛਾਏ ਰਹੇ। ਇਸ ਨੂੰ ਦੇਖਦੇ ਹੋਏ ਭਾਰਤੀ ਮੌਸਮ ਵਿਭਾਗ (IMD) ਨੇ ਚਾਰ ਦਿਨਾਂ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਚੇਤਾਵਨੀ ਵੀਰਵਾਰ ਤੋਂ ਐਤਵਾਰ ਤੱਕ ਲਾਗੂ ਰਹੇਗੀ। ਖਾਸ ਗੱਲ ਇਹ ਹੈ ਕਿ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਹਫ਼ਤੇ ਦੇ ਅੰਤ ਤੱਕ ਦਿਨ ਦੇ ਤਾਪਮਾਨ ਵਿੱਚ ਕਰੀਬ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।

ਸੰਘਣੀ ਧੁੰਦ ਦੀ ਵਾਰਨਿੰਗ

ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਸਵੇਰ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ। ਖਾਸ ਕਰਕੇ ਸੜਕਾਂ 'ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।

ਸਵੇਰੇ ਅਤੇ ਰਾਤ ਨੂੰ 50 ਤੋਂ 200 ਮੀਟਰ ਤੱਕ ਰਹਿ ਸਕਦੀ ਹੈ ਦਿੱਖ

IMD ਦੇ ਅਨੁਮਾਨ ਮੁਤਾਬਕ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਅਤੇ ਰਾਤ ਸਮੇਂ ਹਵਾਵਾਂ ਦੀ ਰਫ਼ਤਾਰ ਘੱਟ ਰਹਿਣ ਕਾਰਨ ਵੀਰਵਾਰ ਸਵੇਰ ਤੋਂ ਧੁੰਦ ਦੀ ਨਵੀਂ ਸਥਿਤੀ ਬਣ ਸਕਦੀ ਹੈ। ਇਸ ਦੌਰਾਨ ਸਵੇਰੇ ਅਤੇ ਦੇਰ ਰਾਤ ਸਮੇਂ ਦਿੱਖ ਘਟ ਕੇ 50 ਤੋਂ 200 ਮੀਟਰ ਤੱਕ ਰਹਿਣ ਦਾ ਖਦਸ਼ਾ ਹੈ।

ਸੰਘਣੀ ਧੁੰਦ ਕਾਰਨ ਹਾਈਵੇਅ ਅਤੇ ਸ਼ਹਿਰਾਂ ਦੀਆਂ ਸੜਕਾਂ 'ਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਸ ਕਰਕੇ ਸਵੇਰੇ ਦਫ਼ਤਰ ਅਤੇ ਸਕੂਲ ਜਾਣ ਵਾਲੇ ਲੋਕਾਂ ਨੂੰ ਸਫ਼ਰ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਹੁਣ ਮੌਸਮ ਦੀਆਂ ਬਦਲਦੀਆਂ ਸਥਿਤੀਆਂ ਅਤੇ ਧੁੰਦ ਦੀ ਸੰਭਾਵਨਾ ਨੂੰ ਦੇਖਦੇ ਹੋਏ ਵਿਭਾਗ ਨੇ ਵੀਰਵਾਰ ਤੋਂ ਐਤਵਾਰ ਤੱਕ ਮੁੜ ਚਾਰ ਦਿਨਾਂ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਸਵੇਰੇ ਅਤੇ ਰਾਤ ਸਮੇਂ ਵਾਹਨ ਚਾਲਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ।


© Copyright Galactic Television & Communications Pvt. Ltd. 2026. All rights reserved.