ਦਿੱਲੀ ਹੋਟਲ 'ਚ ਅੱਗ ਦਾ ਤਾਂਡਵ! ਜਿਉਂਦੇ ਸੜੇ 21 ਲੋਕ, ਕਈ ਵਿਦੇਸ਼ੀ ਵੀ ਸ਼ਾਮਲ, PM ਮੋਦੀ ਨੇ ਪ੍ਰਗਟਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
ਦਿੱਲੀ ਦੇ ਮਾਲਵੀਆ ਨਗਰ ਵਿੱਚ ਬੁੱਧਵਾਰ ਸਵੇਰੇ 'ਫਲੋਰਿਸ਼ ਸਟੇ' (Flourish Stay) ਨਾਮਕ ਹੋਟਲ ਵਿੱਚ ਲੱਗੀ ਭਿਆਨਕ ਅੱਗ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਕੇਂਦਰੀ ਏਸ਼ੀਆ ਅਤੇ ਅਫਰੀਕੀ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ, ਹਾਲਾਂਕਿ ਉਨ੍ਹਾਂ ਦੀ ਸਹੀ ਗਿਣਤੀ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਦਿੱਲੀ ਫਾਇਰ ਸਰਵਿਸ ਅਤੇ ਸਥਾਨਕ ਲੋਕਾਂ ਮੁਤਾਬਕ, ਇਹ ਅੱਗ ਸਵੇਰੇ 8:50 ਵਜੇ ਹੋਟਲ ਦੇ ਰੈਸਟੋਰੈਂਟ ਵਿੱਚ ਲੱਗੀ ਸੀ, ਜੋ ਬਾਅਦ ਵਿੱਚ ਉੱਪਰਲੀਆਂ ਮੰਜ਼ਿਲਾਂ 'ਤੇ ਬਣੇ ਕਮਰਿਆਂ ਤੱਕ ਫੈਲ ਗਈ।
ਇਮਾਰਤ ਤੋਂ ਛਾਲਾਂ ਮਾਰ ਕੇ ਜਾਨ ਬਚਾਉਂਦੇ ਨਜ਼ਰ ਆਏ ਲੋਕ
ਇਸ ਘਟਨਾ ਦੇ ਵੀਡੀਓ ਵਿੱਚ ਕੁਝ ਲੋਕ ਆਪਣੀ ਜਾਨ ਬਚਾਉਣ ਲਈ ਅੱਗ ਲੱਗੀ ਇਮਾਰਤ ਤੋਂ ਛਾਲ ਮਾਰਦੇ ਨਜ਼ਰ ਆਏ। ਇਹਨਾਂ ਲੋਕਾਂ ਨੂੰ ਬਚਾਉਣ ਲਈ ਸਥਾਨਕ ਲੋਕਾਂ ਵੱਲੋਂ ਜ਼ਮੀਨ ਉੱਤੇ ਗੱਦੇ ਵੀ ਵਿਛਾਏ ਗਏ ਸਨ। ਹੁਣ ਤੱਕ 40 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਇਸ ਦੇ ਨਾਲ ਹੀ, ਇਮਾਰਤ ਦੇ ਬੇਸਮੈਂਟ ਵਿੱਚੋਂ ਵੀ 6 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਦਿੱਲੀ ਦੇ ਇਸ ਹੋਟਲ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
PM ਮੋਦੀ ਵੱਲੋਂ ਜਤਾਇਆ ਗਿਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਮਾਲਵੀਆ ਨਗਰ ਵਿੱਚ ਹੋਟਲ/ਰੈਸਟੋਰੈਂਟ ਵਿੱਚ ਲੱਗੀ ਅੱਗ ਦੀ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ, ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾ ਰਿਹਾ ਹੈ।
